ਕੈਨੇਡਾ ’ਚ ਵੱਡੇ ਪੱਧਰ ’ਤੇ ਲਟਕੀਆਂ ਇਮੀਗ੍ਰੇਸ਼ਨ ਦੀਆਂ ਅਰਜ਼ੀਆਂ, ਬੈਕਲਾਗ ਵਧ ਕੇ ਹੋਇਆ 20 ਲੱਖ ਤੋਂ ਜ਼ਿਆਦਾ
Monday, May 09, 2022 - 11:14 AM (IST)
ਓਟਾਵਾ (ਇੰਟਰਨੈਸ਼ਨਲ ਡੈਸਕ)- ਭਾਵੇਂ ਕੈਨੇਡਾ ਸਰਕਾਰ ਵਿਦੇਸ਼ੀਆਂ ਲਈ ਬਿਹਤਰ ਇਮੀਗ੍ਰੇਸ਼ਨ ਅਤੇ ਸਥਾਈ ਨਾਗਰਿਕਤਾ ਪ੍ਰਦਾਨ ਦੇ ਦਾਅਵੇ ਕਰ ਰਹੀ ਹੈ ਪਰ ਹਕੀਕਤ ਇਹ ਹੈ ਕਿ ਅਪ੍ਰਵਾਸੀਆਂ ਦੇ ਵਧਦੇ ਬੈਕਲਾਗ, ਥਕਾਵਟ ਭਰੀ ਪ੍ਰਕਿਰਿਆ, ਕਮਿਊਨੀਕੇਸ਼ਨ ਅਤੇ ਪਾਰਦਰਸ਼ਿਤਾ ਦੀ ਕਮੀ ਦੇ ਕਾਰਨ ਕੈਨੇਡਾ ਦੇ ਸੁਪਨੇ ਦੇਖਣ ਵਾਲਿਆਂ ’ਚ ਨਿਰਾਸ਼ਾ ਵਧ ਰਹੀ ਹੈ। ਇਮੀਗ੍ਰੇਸ਼ਨ ਨਿਊਜ਼ ਵੈੱਬਸਾਈਟ ਸੀ. ਆਈ. ਸੀ. ਨਿਊਜ਼ ਵੱਲੋਂ ਪ੍ਰਕਾਸ਼ਿਤ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ. ਆਰ. ਸੀ. ਸੀ.) ਦੇ ਅੰਕੜਿਆਂ ਮੁਤਾਬਕ ਅਪ੍ਰੈਲ ’ਚ ਸਾਰੀਆਂ ਸ਼੍ਰੇਣੀਆਂ ਦਾ ਬੈਕਲਾਗ ਵਧ ਕੇ 20 ਲੱਖ ਤੋਂ ਜ਼ਿਆਦਾ ਹੋ ਗਿਆ ਹੈ, ਜਦੋਂ ਕਿ ਇਹ ਅੰਕੜਾ ਮਾਰਚ ’ਚ ਲਗਭਗ 18 ਲੱਖ ਸੀ।
ਨਹੀਂ ਮਿਲਦਾ ਹੈ ਐਪਲੀਕੇਸ਼ਨ ਦਾ ਅਪਡੇਟ
ਸਥਾਨਕ ਸੀ. ਟੀ. ਵੀ. ਨਿਊਜ਼ ਦਾ ਦਾਅਵਾ ਹੈ ਕਿ ਬੈਕਲਾਗ ’ਚ ਫਸੇ ਲੋਕਾਂ ਦੀਆਂ ਉਸ ਨੂੰ 100 ਤੋਂ ਵੱਧ ਪ੍ਰਤੀਕਰਿਆਵਾਂ ਮਿਲੀਆਂ ਹਨ। ਵੀਜ਼ਾ ਪ੍ਰੋਸੈਸਿੰਗ ਸਮੇਂ ’ਚ ਦੇਰੀ ਦਾ ਸਾਹਮਣਾ ਕਰਨ ਵਾਲਿਆਂ ਤੋਂ ਲੈ ਕੇ ਸਥਾਈ ਨਿਵਾਸੀ ਬਣਨ ਦੀ ਉਡੀਕ ਕਰਨ ਵਾਲੇ ਲੋਕ ਸ਼ਾਮਲ ਹਨ। ਮੇਘਰਾਜ ਸਿੰਘ ਸੋਲੰਕੀ ਵਿੰਡਸਰ, ਓਂਟਸ ’ਚ ਸਥਿਤ ਇਕ ਕਾਰੋਬਾਰ ਅਤੇ ਅਨੁਪਾਲਣ ਵਿਸ਼ਲੇਸ਼ਕ ਹਨ। ਉਹ ਉਨ੍ਹਾਂ 20 ਲੱਖ ਬਿਨੈਕਾਰਾਂ ’ਚੋਂ ਇਕ ਹਨ, ਜਿਨ੍ਹਾਂ ਦਾ ਮਾਮਲਾ ਅਜੇ ਵੀ ਅੱਧ ਵਿਚਾਲੇ ਲਟਕਿਆ ਹੈ। ਉਹ ਆਪਣੇ ਪਰਿਵਾਰ ਦੇ ਸਥਾਈ ਨਿਵਾਸ ਦੀ ਐਪਲੀਕੇਸ਼ਨ ’ਤੇ ਲਗਭਗ ਤਿੰਨ ਸਾਲਾਂ ਤੋਂ ਉਡੀਕ ਕਰ ਰਹੇ ਹਨ। ਸਤੰਬਰ 2019 ’ਚ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਪਤਨੀ ਨੇ ਕੈਨੇਡਾਈ ਕੰਮ ਦੇ ਤਜਰਬੇ ਵਾਲੇ ਕੁਸ਼ਲ ਮਜ਼ਦੂਰਾਂ ਲਈ ਡਿਜ਼ਾਈਨ ਕੀਤੇ ਗਏ ਕੈਨੇਡਾਈ ਤਜਰਬੇਕਾਰ ਵਰਗ (ਸੀ. ਈ. ਸੀ.) ’ਚ ਅਪਲਾਈ ਕੀਤਾ ਹੈ। ਸੋਲੰਕੀ ਨੂੰ 4 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਆਪਣੀ ਐਪਲੀਕੇਸ਼ਨ ਦੀ ਸਥਿਤੀ ’ਤੇ ਇਮੀਗ੍ਰੇਸ਼ਨ ਅਧਿਕਾਰੀਆਂ ਤੋਂ ਕੋਈ ਅਪਡੇਟ ਨਹੀਂ ਮਿਲਿਆ ਹੈ ਅਤੇ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੈ ਕਿ ਉਨ੍ਹਾਂ ਨੂੰ ਹੋਰ ਕਿੰਨਾ ਇੰਤਜ਼ਾਰ ਕਰਨਾ ਹੋਵੇਗਾ।
ਸਥਾਈ ਨਾਗਰਿਕਤਾ ਨਾ ਮਿਲਣ ਦਾ ਛਲਕਿਆ ਦਰਦ
ਸੀ. ਈ. ਸੀ. ਅਰਜ਼ੀਆਂ ਸਤੰਬਰ 2021 ਤੋਂ ਰੁਕੀਆਂ ਹੋਈਆਂ ਹਨ ਪਰ ਆਈ. ਆਰ. ਸੀ. ਸੀ. ਦੀ ਯੋਜਨਾ ਜੁਲਾਈ 2022 ਦੀ ਸ਼ੁਰੂਆਤ ’ਚ ਉਨ੍ਹਾਂ ਨੂੰ ਫਿਰ ਤੋਂ ਸ਼ੁਰੂ ਕਰਨ ਕੀਤੀ ਹੈ। ਸੋਲੰਕੀ ਕਹਿੰਦੇ ਹਨ ਕਿ ਅਸੀਂ ਕੈਨੇਡਾ ’ਚ ਇਕ ਵਧੀਆ ਜੀਵਨ ਜੀਣ, ਆਪਣੇ ਬੱਚਿਆਂ ਦੀ ਪਰਵਰਿਸ਼ ਆਦਿ ਲਈ ਇਕੱਠਿਆਂ ਬਹੁਤ ਸਾਰੇ ਸੁਪਨੇ ਵੇਖੇ ਹਨ। ਸੋਲੰਕੀ ਕੈਨੇਡਾ ’ਚ ਵਰਕ ਵੀਜ਼ੇ ਦੇ ਤਹਿਤ ਰਹਿ ਰਹੇ ਹਨ, ਉਨ੍ਹਾਂ ਦੀ ਪਤਨੀ ਅਜੇ ਵੀ ਭਾਰਤ ’ਚ ਹੀ ਹੈ। ਜਦੋਂ ਤੱਕ ਉਨ੍ਹਾਂ ਨੂੰ ਸਥਾਈ ਨਿਵਾਸੀ ਦਾ ਦਰਜਾ ਪ੍ਰਾਪਤ ਨਹੀਂ ਹੋ ਜਾਂਦਾ, ਉਦੋਂ ਤੱਕ ਉਨ੍ਹਾਂ ਨੂੰ ਭਾਰਤ ’ਚ ਹੀ ਰਹਿਣਾ ਪਵੇਗਾ। ਉਨ੍ਹਾਂ ਪਿਛਲੇ ਸਾਲ ਸਤੰਬਰ ’ਚ ਆਪਣੀ ਪਤਨੀ ਲਈ ਵਿਜ਼ੀਟਰ ਵੀਜ਼ੇ ਲਈ ਅਪਲਾਈ ਕੀਤਾ ਸੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੂੰ ਨਾ-ਮਨਜ਼ੂਰ ਕਰ ਦਿੱਤਾ ਗਿਆ ਸੀ। ਸੋਲੰਕੀ ਨੇ ਇਸ ਮਹੀਨੇ ਫਿਰ ਤੋਂ ਅਪਲਾਈ ਕੀਤਾ ਹੈ ਅਤੇ ਪ੍ਰਤੀਕਿਰਿਆ ਸੁਣਨ ਦਾ ਇੰਤਜ਼ਾਰ ਕਰ ਰਹੇ ਹਾਂ। ਸੋਲੰਕੀ ਦਾ ਕਹਿਣਾ ਹੈ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਨਾਲ ਉਨ੍ਹਾਂ ਦਾ ਤਜਰਬਾ ਇੰਨਾ ਨਿਰਾਸ਼ਾਜਨਕ ਹੈ, ਉਨ੍ਹਾਂ ਨੇ ਕੈਨੇਡਾ ’ਚ ਪਹਿਲਾਂ ਤੋਂ ਹੀ ਇਕ ਘਰ ਖਰੀਦਣ ਦੇ ਬਾਵਜੂਦ ਆਪਣੀ ਅਰਜ਼ੀ ਨੂੰ ਛੱਡਣ ਅਤੇ ਸਥਾਈ ਰੂਪ ’ਚ ਭਾਰਤ ਵਾਪਸ ਜਾਣ ’ਤੇ ਵਿਚਾਰ ਕੀਤਾ।
ਅਫਗਾਨੀ ਅਤੇ ਯੂਕ੍ਰੇਨੀ ਨਾਗਰਿਕਾਂ ਦੀ ਭੀੜ
ਬੀਤੇ ਸਾਲ ਸਤੰਬਰ ’ਚ ਅਫਗਾਨ ਸਰਕਾਰ ਦੇ ਪਤਨ ਅਤੇ ਤਾਲਿਬਾਨ ਵੱਲੋਂ ਕਬਜ਼ੇ ਤੋਂ ਬਾਅਦ, ਕੈਨੇਡਾ ਨੇ ਘੱਟ ਤੋਂ ਘੱਟ 40,000 ਅਫਗਾਨ ਸ਼ਰਣਾਰਥੀਆਂ ਦੇ ਮੁੜ-ਵਸੇਬੇ ਲਈ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤੇ। ਮਾਰਚ ’ਚ ਟਰੂਡੋ ਸਰਕਾਰ ਨੇ ਐਮਰਜੈਂਸੀ ਯਾਤਰਾ ਲਈ ਕੈਨੇਡਾ-ਯੂਕ੍ਰੇਨ ਅਧਿਕਾਰ ਵੀ ਪੇਸ਼ ਕੀਤਾ, ਜਿਸ ਦੇ ਨਾਲ ਅਸਥਾਈ ਨਿਵਾਸੀ ਵੀਜ਼ੇ ’ਤੇ ਕੈਨੇਡਾ ਆਉਣ ਲਈ ਰੂਸੀ ਹਮਲੇ ਕਾਰਨ ਦੇਸ਼ ਛੱਡ ਰਹੇ ਯੂਕ੍ਰੇਨੀ ਨਾਗਰਿਕਾਂ ਨੂੰ ਵੱਡੀ ਗਿਣਤੀ ਦੀ ਇਜਾਜ਼ਤ ਮਿਲੀ। ਇਮੀਗ੍ਰੇਸ਼ਨ ਲਾਅ ਫਰਮ ਗ੍ਰੀਨ ਐਂਡ ਸਪੀਗਲ ਐੱਲ. ਐੱਲ. ਪੀ. ਦੇ ਇਕ ਸੀਨੀਅਰ ਪਾਰਟਨਰ ਸਟੀਫਨ ਗ੍ਰੀਨ ਅਨੁਸਾਰ, ‘‘ਇਸ ਸਾਰਿਆਂ ਨੇ ਚੱਲ ਰਹੇ ਇਮੀਗ੍ਰੇਸ਼ਨ ਬੈਕਲਾਗ ਲਈ ਇਕ ਤੂਫਾਨ ਖਡ਼੍ਹਾ ਕਰ ਦਿੱਤਾ ਹੈ। ਉਹ ਕਹਿੰਦੇ ਹਨ ਕਿ ਸਾਡੇ ਕੋਲ ਇਕ ਸ਼ਾਨਦਾਰ ਇਮੀਗ੍ਰੇਸ਼ਨ ਨੀਤੀ ਹੈ ਪਰ ਸਮੱਸਿਆ ਇਹ ਹੈ ਕਿ ਬੈਕਲਾਗ ਨਾਲ ਨਜਿੱਠਣ ਲਈ ਸਾਡੇ ਕੋਲ ਅਜੇ ਸਮਰੱਥਾ ਨਹੀਂ ਹੈ, ਸਾਨੂੰ ਇਸ ਸਮੱਸਿਆ ਨੂੰ ਤੁਰੰਤ ਹੱਲ ਕਰਨਾ ਹੋਵੇਗਾ।
ਇਹ ਵੀ ਪੜ੍ਹੋ: ਰੂਸ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ G7 ਦੇਸ਼, ਤੇਲ ਦੇ ਆਯਾਤ 'ਤੇ ਲਗਾਉਣਗੇ ਪੂਰਨ ਪਾਬੰਦੀ
ਘਰ ਤੋਂ ਕੰਮ ਕਰਨਾ ਸੌਖਾ ਨਹੀਂ
ਜਦੋਂ ਕੋਵਿਡ ਪਹਿਲੀ ਵਾਰ ਹਿੱਟ ਹੋਇਆ ਤਾਂ ਆਈ. ਆਰ. ਸੀ. ਸੀ. ਨੇ ਕਈ ਨਿੱਜੀ ਦਫਤਰਾਂ ਨੂੰ ਬੰਦ ਕਰ ਦਿੱਤਾ ਅਤੇ ਇੰਟਰਵਿਊ, ਨਾਗਰਿਕਤਾ ਸਮਾਰੋਹ ਅਤੇ ਹੋਰ ਨਿਯੁਕਤੀਆਂ ਨੂੰ ਰੱਦ ਕਰ ਦਿੱਤਾ, ਜਦੋਂ ਕਿ ਇਸ ਦੇ ਕਰਮਚਾਰੀ ਘਰ ਤੋਂ ਕੰਮ ਕਰਨ ਲਈ ਟਰਾਂਸਫਰ ਹੋ ਗਏ ਸਨ। ਕੋਹੇਨ ਇਮੀਗ੍ਰੇਸ਼ਨ ਲਾਅ ਦੇ ਇਕ ਸੀਨੀਅਰ ਵਕੀਲ ਡੈਨੀਅਲ ਲੇਵੀ ਨੇ ਇਕ ਇੰਟਰਵਿਊ ’ਚ ਦੱਸਿਆ ਕਿ ਇਨਫੈਕਸ਼ਨ ਦੇ ਦਰਮਿਆਨ ਘਰ ਤੋਂ ਕੰਮ ਕਰਨਾ ਸੌਖਾ ਨਹੀਂ ਹੈ। ਇਨ੍ਹਾਂ ਸਭ ਤੋਂ ਉੱਪਰ, ਸੰਘੀ ਸਰਕਾਰ ਨੇ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਪੇਸ਼ ਕੀਤੇ, ਜੋ ਸਿਰਫ ਪਹਿਲਾਂ ਦੇ ਹੀ ਬੈਕਲਾਗ ਇਮੀਗ੍ਰੇਸ਼ਨ ਸਿਸਟਮ ’ਚ ਜੁੜ ਗਏ ਹਨ। ਪਿਛਲੇ ਸਾਲ ਅਪ੍ਰੈਲ ’ਚ ਸਰਕਾਰ ਨੇ 90,000 ਜ਼ਰੂਰੀ ਅਸਥਾਈ ਮਜ਼ਦੂਰਾਂ ਅਤੇ ਕੌਮਾਂਤਰੀ ਗ੍ਰੈਜੂਏਟਾਂ ਲਈ ਸਥਾਈ ਨਿਵਾਸ ਲਈ ਇਕ ਨਵਾਂ ਰਾਹ ਬਣਾਇਆ।
ਇਹ ਵੀ ਪੜ੍ਹੋ: ਅਮਰੀਕਾ 'ਚ ਸਕੂਲ ਬੱਸ ਨੂੰ ਲੱਗੀ ਭਿਆਨਕ ਅੱਗ, ਮਹਿਲਾ ਡਰਾਇਵਰ ਨੇ ਬਚਾਈ 40 ਬੱਚਿਆਂ ਦੀ ਜਾਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।