ਇਟਲੀ ‘ਚ ਸਿਆਸੀ ਸੰਕਟ ਕਾਰਨ ਪ੍ਰਵਾਸੀਆਂ ''ਤੇ ਵੀ ਮੰਡਰਾਅ ਸਕਦੈ ਖ਼ਤਰਾ

01/16/2021 5:22:23 PM

ਰੋਮ, (ਦਲਵੀਰ ਕੈਂਥ)- ਇਟਲੀ ਦੀ ਗਠਜੋੜ ਸਰਕਾਰ ਦੇ ਕੁਝ ਮੰਤਰੀਆਂ ਵਲੋਂ ਅਸਤੀਫ਼ੇ ਦੇਣ ਕਾਰਨ ਸਿਆਸੀ ਸੰਕਟ ਵੱਧ ਗਿਆ ਹੈ ਤੇ ਇਸ ਦਾ ਪ੍ਰਭਾਵ ਪ੍ਰਵਾਸੀਆਂ 'ਤੇ ਵੀ ਪੈ ਸਕਦਾ ਹੈ। ਇਸ ਸੰਕਟ ਵਿਚੋਂ ਨਿਕਲਣ ਲਈ ਫਿਲਹਾਲ ਪ੍ਰਧਾਨ ਮੰਤਰੀ ਪੂਰੀ ਵਾਹ ਲਗਾ ਰਹੇ ਹਨ । ਇਟਲੀ ਦੇ ਪ੍ਰਧਾਨ ਮੰਤਰੀ ਕੌਂਤੇ   ਰਾਸ਼ਟਰਪਤੀ ਸੇਰਜੀਓ ਮਤੇਰੇਲਾ ਨੂੰ ਬੀਤੇ ਦਿਨ ਮਿਲੇ, ਜਿਸ ਵਿਚ ਉਨ੍ਹਾਂ ਕੌਂਤੇ ਨੂੰ ਸ਼ਕਤੀ ਪ੍ਰਦਰਸ਼ਨ ਕਰਨ ਲਈ ਸੋਮਵਾਰ ਦਾ ਸਮਾਂ ਦਿੱਤਾ ਹੈ। ਇਟਲੀ ਦੇ ਸਿਆਸੀ ਚਿੰਤਕਾਂ ਦਾ ਕਹਿਣਾ ਹੈ ਕਿ ਜੇਕਰ ਕੌਂਤੇ ਆਪਣੇ ਸ਼ਕਤੀ ਪ੍ਰਦਰਸ਼ਨ ਵਿਚ ਅਸਫਲ ਰਹੇ ਤਾਂ ਇਸ ਦਾ ਖਮਿਆਜ਼ਾ ਇਟਲੀ ਦੇ ਆਮ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ। 

ਦੂਜੇ ਪਾਸੇ ਇਸ ਗੱਲ ਦੀ ਚਰਚਾ ਵੀ ਜ਼ੋਰਾਂ ਉੱਤੇ ਹੈ ਕਿ ਜੇਕਰ ਸਰਕਾਰ ਬਦਲਦੀ ਹੈ ਤਾਂ ਹੋ ਸਕਦਾ ਉਸ ਵਲੋਂ ਪਹਿਲੇ ਕੀਤੇ ਫ਼ੈਸਲੇ ਜਿਵੇਂ ਕਿ ਇਮੀਗ੍ਰੇਸ਼ਨ ਖੋਲ੍ਹਣਾ ਆਦਿ ਵੀ ਪ੍ਰਭਾਵਿਤ ਹੋਵੇ ਕਿਉਂਕਿ ਜਿਸ ਤਰ੍ਹਾਂ ਕੌਂਤੇ ਸਰਕਾਰ ਨੇ ਪਿਛਲੀ ਸਰਕਾਰ ਦੇ ਫ਼ੈਸਲੇ ਨੂੰ ਬਦਲ ਦਿੱਤਾ ਸੀ, ਆਉਣ ਵਾਲੀ ਸਰਕਾਰ ਕੌਂਤੇ ਸਰਕਾਰ ਵਲੋਂ ਬਿਨਾਂ ਪੇਪਰਾਂ ਤੋਂ ਰਹਿ ਰਹੇ ਕਾਮਿਆਂ ਨੂੰ ਜੋ ਪੱਕਾ ਕਰਨ ਲਈ ਕਾਨੂੰਨ ਲਿਆਂਦਾ ਗਿਆ ਸੀ, ਉਸ ਵਿਚ ਕੋਈ ਫੇਰ ਬਦਲ ਕਰੇ।

ਇਟਲੀ ਦੇ ਸਿਆਸੀ ਸੰਕਟ ਕਾਰਨ ਬਿਨਾਂ ਪੇਪਰਾਂ ਦੇ ਪ੍ਰਵਾਸੀਆਂ ਦੀ ਧੌਣ 'ਤੇ ਵੀ ਤਲਵਾਰ ਲਟਕਦੀ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ  ਇਟਲੀ ਦੀ ਮੌਜੂਦਾ ਗਠਜੋੜ ਸਰਕਾਰ ਦੀ ਭਾਈਵਾਲ ਪਾਰਟੀ ਦੇ ਮੰਤਰੀਆਂ ਦੁਆਰਾ ਅਸਤੀਫ਼ੇ ਦਿੱਤੇ ਗਏ ਸਨ, ਇਟਲੀ ਦੀ ਪਾਰਟੀ ਇਟਾਲੀਆ ਵੀਵਾ ਵਲੋਂ ਗਠਜੋੜ ਵਾਪਸ ਲੈਣ 'ਤੇ ਇਟਲੀ ਵਿਚ ਬਣਿਆ ਸਿਆਸੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਦੇਖਣਾ ਇਹ ਹੋਵੇਗਾ ਕਿ ਜੁਸੇਪੇ ਕੌਂਤੇ ਆਪਣੀ ਇਸ ਗਠਜੋੜ ਸਰਕਾਰ ਨੂੰ ਦੁਬਾਰਾ ਖੜ੍ਹਾ ਸਕਦੇ ਹਨ ਜਾਂ ਆਉਣ ਵਾਲੇ ਸਮੇਂ ਵਿਚ ਇਟਲੀ ਵਿਚ ਇਹ ਸਿਆਸੀ ਸੰਕਟ ਹੋਰ ਗਹਿਰਾਇਆ ਜਾ ਸਕਦਾ ਹੈ। ਜੇਕਰ ਕੌਂਤੇ ਸਰਕਾਰ ਬਹੁਮਤ ਹਾਸਲ ਨਾ ਕਰ ਸਕੀ ਤਾਂ ਆਉਣ ਵਾਲੇ ਸਮੇਂ ਵਿਚ ਇਟਲੀ ਨੂੰ ਦੁਬਾਰਾ ਵੋਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਕਿ ਪਹਿਲਾਂ ਹੀ ਕੋਰੋਨਾ ਵਾਇਰਸ ਕਾਰਨ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਹੀ ਇਟਲੀ ਦੇ ਲੋਕਾਂ ਵਾਸਤੇ ਹੋਰ ਵੀ ਜ਼ਿਆਦਾ ਘਾਤਕ ਸਿੱਧ ਹੋਵੇਗਾ।


Lalita Mam

Content Editor

Related News