ਪਾਕਿ ਦੇ ਸਾਬਕਾ PM ਇਮਰਾਨ ਖਾਨ ਬੋਲੇ, 'ਭਾਰਤ ਨਾਲ ਸਬੰਧ ਸੁਧਾਰਨਾ ਚਾਹੁੰਦਾ ਸੀ, ਪਰ...'
Tuesday, Dec 20, 2022 - 09:22 AM (IST)
ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਆਪਣੇ ਕਾਰਜਕਾਲ ਦੌਰਾਨ ਭਾਰਤ ਨਾਲ ਤਣਾਅਪੂਰਨ ਸਬੰਧ ਸੁਧਾਰਨਾ ਚਾਹੁੰਦੇ ਸਨ, ਪਰ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨਾ ਇਸ ਵਿਚ 'ਅੜਿੱਕਾ' ਬਣ ਗਿਆ। ਕ੍ਰਿਕਟਰ ਤੋਂ ਨੇਤਾ ਬਣੇ 70 ਸਾਲਾ ਖਾਨ ਨੇ ਇਹ ਵੀ ਕਿਹਾ ਕਿ ਉਸ ਵੇਲੇ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਾ ਭਾਰਤ ਨਾਲ ਬਿਹਤਰ ਸੰਬਧ ਰੱਖਣ ਨੂੰ ਲੈ ਕੇ ਹੋਰ ਵੀ ਜ਼ਿਆਦਾ ਝੁਕਾਅ ਸੀ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਖਾਨ ਨੇ ਕਿਹਾ, 'ਮੈਂ ਆਪਣੇ ਸਾਢੇ 3 ਸਾਲ ਦੇ ਕਾਰਜਕਾਲ ਦੌਰਾਨ ਭਾਰਤ ਨਾਲ ਸਬੰਧ ਸੁਧਾਰਨਾ ਚਾਹੁੰਦਾ ਸੀ ਪਰ ਆਰ.ਐੱਸ.ਐੱਸ. ਦੀ ਵਿਚਾਰਧਾਰਾ ਅਤੇ (ਜੰਮੂ ਕਸ਼ਮੀਰ ਦੇ) ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨਾ ਇਸ ਵਿਚ ਅੜਿੱਕਾ ਬਣ ਗਿਆ।' ਖਾਨ ਨੇ ਇਹ ਗੱਲ ਇੱਥੇ ਜ਼ਮਾਨ ਪਾਰਕ ਸਥਿਤ ਆਪਣੀ ਰਿਹਾਇਸ਼ 'ਤੇ ਵਿਦੇਸ਼ੀ ਪੱਤਰਕਾਰਾਂ ਦੇ ਇਕ ਸਮੂਹ ਨਾਲ ਗੱਲਬਾਤ ਦੌਰਾਨ ਕਹੀ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵੱਲੋਂ 2019 ਵਿਚ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਦੇ ਬਾਅਦ ਉਨ੍ਹਾਂ ਦੀ ਸਰਕਾਰ ਨੇ ਗੱਲਬਾਤ 'ਤੇ ਜ਼ੋਰ ਨਹੀਂ ਦਿੱਤਾ। ਖਾਨ ਨੇ ਕਿਹਾ, 'ਅਸੀਂ ਚਾਹੁੰਦੇ ਹਾਂ ਕਿ ਭਾਰਤ ਪਹਿਲਾਂ ਆਪਣਾ ਫ਼ੈਸਲਾ ਪਲਟੇ ਅਤੇ ਸ਼ਾਂਤੀ ਵਾਰਤਾ ਕਰੇ।'
ਪ੍ਰੈੱਸ ਟਰੱਸਟ ਆਫ ਇੰਡੀਆ (ਪੀ.ਟੀ.ਆਈ.) ਵੱਲੋਂ ਖਾਨ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ ਦੀ ਵਿਦੇਸ਼ ਨੀਤੀ ਕੌਣ ਨਿਰਧਾਰਿਤ ਕਰ ਰਿਹਾ ਸੀ, ਉਹ ਜਾਂ ਜਨਰਲ ਬਾਜਵਾ, ਜਿਸ 'ਤੇ ਉਨ੍ਹਾਂ ਨੇ ਜਵਾਬ ਦਿੱਤਾ, "ਮੈਂ ਬੌਸ ਸੀ...ਮੈਂ ਵਿਦੇਸ਼ ਨੀਤੀ ਨਿਰਧਾਰਿਤ ਕਰ ਰਿਹਾ ਸੀ।" ਹਾਲਾਂਕਿ, ਚਲੋ ਛੱਡੇ। ਮੈਂ ਤੁਹਾਨੂੰ ਦੱਸ ਦਵਾਂ ਕਿ ਜਨਰਲ ਬਾਜਵਾ ਭਾਰਤ ਨਾਲ ਬਿਹਤਰ ਸਬੰਧ ਬਣਾਉਣ ਦੇ ਚਾਹਵਾਨ ਸਨ।' ਖਾਨ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਕੋਲ ਸ਼ਕਤੀ ਨਹੀਂ ਸੀ, ਕਿਉਂਕਿ ਜਨਰਲ ਬਾਜਵਾ ਹੀ ਉਹ ਸ਼ਖ਼ਸ ਸਨ, ਜੋ ਫ਼ੈਸਲੇ ਲੈ ਰਹੇ ਸਨ। ਇਹ ਯਾਦ ਦਿਵਾਉਣ 'ਤੇ ਕਿ ਉਨ੍ਹਾਂ ਨੇ ਭਾਰਤ ਵਿੱਚ ਚੋਣਾਂ ਤੋਂ ਪਹਿਲਾਂ ਆਪਣੀ ਇੱਛਾ ਜ਼ਾਹਰ ਕੀਤੀ ਸੀ ਕਿ ਨਰਿੰਦਰ ਮੋਦੀ ਜਿੱਤਣਗੇ, ਕਿਉਂਕਿ ਉਹ ਕਸ਼ਮੀਰ ਮੁੱਦੇ ਨੂੰ ਹੱਲ ਕਰਨਗੇ, ਖਾਨ ਨੇ ਕਿਹਾ, "ਮੇਰਾ ਅਜੇ ਵੀ ਵਿਸ਼ਵਾਸ ਹੈ ਕਿ ਸੱਜੇ ਪੱਖੀ ਪਾਰਟੀ ਦਾ ਨੇਤਾ ਹੀ ਸੰਘਰਸ਼ ਨੂੰ ਸੁਲਝਾ ਸਕਦਾ ਹੈ। ਮੋਦੀ ਸੱਜੇ ਪੱਖੀ ਪਾਰਟੀ ਤੋਂ ਹਨ, ਇਸ ਲਈ ਮੈਂ ਚਾਹੁੰਦਾ ਸੀ ਕਿ ਉਹ ਸੱਤਾ ਵਿੱਚ ਵਾਪਸ ਆਉਣ ਅਤੇ ਕਸ਼ਮੀਰ ਮੁੱਦੇ ਨੂੰ ਹੱਲ ਕਰਨ।'
ਇਹ ਵੀ ਪੜ੍ਹੋ: ਕੈਨੇਡਾ 'ਚ ਕਤਲ ਕੀਤੀ ਗਈ ਹਰਪ੍ਰੀਤ ਕੌਰ ਦੇ ਮਾਮਲੇ 'ਚ ਪਤੀ 'ਤੇ ਵੱਡਾ ਦੋਸ਼
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।