ਕੈਨੇਡਾ ’ਚ ਜਗਤਾਰ ਕੌਰ ਗਿੱਲ ਕਤਲ ਮਾਮਲੇ ’ਚ ਪਤੀ ਤੇ ਪ੍ਰੇਮਿਕਾ ਨੂੰ ਹੋਈ ਉਮਰਕੈਦ
Saturday, Oct 16, 2021 - 03:31 PM (IST)
ਨਿਊਯਾਰਕ/ਓਟਾਵਾ (ਰਾਜ ਗੋਗਨਾ) : ਕੈਨੇਡਾ ’ਚ 29 ਜਨਵਰੀ 2014 ਨੂੰ ਜਗਤਾਰ ਕੌਰ ਗਿੱਲ ਦੇ ਹੋਏ ਕਤਲ ਦੇ ਦੋਸ਼ ’ਚ ਗਿੱਲ ਦੇ ਪਤੀ ਭੁਪਿੰਦਰ ਗਿੱਲ ਅਤੇ ਉਸ ਦੀ ਪ੍ਰੇਮਿਕਾ ਗੁਰਪ੍ਰੀਤ ਰੋਨਾਲਡ ਨੂੰ ਬੀਤੇ ਦਿਨ ਕੋਰਟ ਨੇ ਉਮਰਕੈਦ ਦੀ ਸਜ਼ਾ ਸੁਣਾਈ। ਕੋਰਟ ਨੇ ਸਖ਼ਤ ਹੁਕਮ ਜਾਰੀ ਕਰਦਿਆਂ ਕਿਹਾ ਕਿ ਸਜ਼ਾ ਭੁਗਤਣ ਦੌਰਾਨ 25 ਸਾਲ ਤੱਕ ਉਨ੍ਹਾਂ ਨੂੰ ਕੋਈ ਵੀ ਪੈਰੋਲ ਨਹੀਂ ਮਿਲੇਗੀ। ਅਦਾਲਤ ਨੇ ਲੰਘੇ ਅਗਸਤ ਮਹੀਨੇ ’ਚ ਭੁਪਿੰਦਰ ਗਿੱਲ ਤੇ ਉਸ ਦੀ ਪ੍ਰੇਮਿਕਾ ਗੁਰਪ੍ਰੀਤ ਰੋਨਾਲਡ ਨੂੰ ਜਗਤਾਰ ਕੌਰ ਗਿੱਲ ਦੇ ਕਤਲ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ’ਤੇ ਫਸਟ ਡਿਗਰੀ ਕਤਲ ਦੇ ਦੋਸ਼ ਆਇਦ ਕੀਤੇ ਸਨ।
ਕੋਰਟ ਨੇ ਇਸ ਪ੍ਰੇਮੀ ਜੋੜੇ ਨੂੰ 2016 ’ਚ ਵੀ ਦੋਸ਼ੀ ਠਹਿਰਾਇਆ ਸੀ ਪਰ ਇਕ ਅਪੀਲ ਤੋਂ ਬਾਅਦ ਨਵਾਂ ਮੁਕੱਦਮਾ ਚਲਾਇਆ ਗਿਆ ਸੀ। ਇਥੇ ਜ਼ਿਕਰਯੋਗ ਹੈ ਕਿ ਤਿੰਨ ਬੱਚਿਆਂ ਦੀ ਮਾਂ ਜਗਤਾਰ ਕੌਰ ਗਿੱਲ (43) ਦਾ ਉਸ ਦੇ ਵਿਆਹ ਦੀ 17ਵੀਂ ਵਰ੍ਹੇਗੰਢ ਮੌਕੇ 29 ਜਨਵਰੀ 2014 ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਓਟਾਵਾ ਦੇ ਬਰਹੈਵਨ ’ਚ ਸਥਿਤ ਉਸ ਦੇ ਘਰ ’ਚੋਂ ਹੀ ਖੂਨ ਨਾਲ ਲੱਥਪਥ ਹੋਈ ਉਸ ਦੀ ਲਾਸ਼ ਬਰਾਮਦ ਹੋਈ ਸੀ।