''ਹੰਨਾ'' ਨੇ ਧਾਰਿਆ ਭਿਆਨਕ ਰੂਪ, ਟੈਕਸਾਸ ਤੱਟ ਵੱਲ ਵਧਿਆ ਤੂਫਾਨ

Saturday, Jul 25, 2020 - 09:32 PM (IST)

''ਹੰਨਾ'' ਨੇ ਧਾਰਿਆ ਭਿਆਨਕ ਰੂਪ, ਟੈਕਸਾਸ ਤੱਟ ਵੱਲ ਵਧਿਆ ਤੂਫਾਨ

ਮਿਆਮੀ: ਅਟਲਾਂਟਿਕ ਮਹਾਸਾਗਰ ਵਿਚ ਉੱਠੇ ਚੱਕਰਵਾਤੀ ਤੂਫਾਨ 'ਹੰਨਾ' ਦਾ ਦਰਜਾ ਸ਼ਨੀਵਾਰ ਨੂੰ ਵਧਕੇ ਭਿਆਨਕ ਤੂਫਾਨ ਦੀ ਸ਼ਰੇਣੀ ਵਿਚ ਦਾਖਲ ਹੋ ਗਿਆ। ਟੈਕਸਾਸ ਵੱਲ ਵੱਧ ਰਹੇ ਇਸ ਤੂਫਾਨ ਦੇ ਕਾਰਣ ਭਾਰੀ ਮੀਂਹ ਤੇ ਚੱਕਰਵਾਤ ਪੈਦਾ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਉਥੇ ਇਕ ਹੋਰ ਤੂਫਾਨ ਕੈਰੇਬੀਆਈ ਟਾਪੂਆਂ ਵੱਲ ਵੱਧ ਰਿਹਾ ਹੈ।

ਅਮਰੀਕੀ ਰਾਸ਼ਟਰੀ ਤੂਫਾਨ ਕੇਂਦਰ ਨੇ ਸ਼ਨੀਵਾਰ ਨੂੰ ਸਵੇਰੇ ਦੱਸਿਆ ਕਿ ਤੂਫਾਨ ਦੀ ਰਫਤਾਰ ਵਧਕੇ 120 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਤੂਫਾਨ ਟੈਕਸਾਸ ਦੇ ਕ੍ਰਿਸਟੀ ਤੋਂ 160 ਕਿਲੋਮੀਟਰ ਪੂਰਬ-ਦੱਖਣੀ ਪੂਰਬ ਵਿਚ ਸਥਿਤ ਹੈ ਤੇ ਇਹ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਪੱਛਮ ਵਿਚ ਟੈਕਸਾਸ ਤੱਟ ਵੱਲ ਵਧ ਰਿਹਾ ਹੈ। ਤੂਫਾਨ ਦੀ ਵਧੀ ਰਫਤਾਰ ਦੇ ਮੱਦੇਨਜ਼ਰ ਚਿਤਾਵਨੀ ਦਾ ਦਾਇਰਾ ਬਾਫਿਨ ਦੀ ਖਾੜੀ ਤੇ ਸਰਜੇਂਟ ਤੋਂ ਵਧਾਕੇ ਦੱਖਣੀ ਖਾੜੀ ਪੋਰਟ ਮੈਨਸਫੀਲਡ ਤੱਕ ਕਰ ਦਿੱਤਾ ਗਿਆ ਹੈ। ਤੂਫਾਨ ਕੇਂਦਰ ਮੁਤਾਬਕ ਸਮੁੰਦਰ ਵਿਚ ਪੰਜ ਫੁੱਟ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ।

ਇਸ ਦੇ ਮੱਦੇਨਜ਼ਰ ਲੋਕਾਂ ਨੂੰ ਖੁਦ ਤੇ ਆਪਣੀ ਜਾਇਦਾਦ ਨੂੰ ਬਚਾਉਣ ਦੇ ਉਪਾਅ ਕਰਨ ਦੀ ਸਲਾਹ ਦਿੱਤੀ ਗਈ ਹੈ। ਮੌਸਨ ਵਿਗਿਆਨੀਆਂ ਮੁਤਾਬਕ ਸ਼ਨੀਵਾਰ ਨੂੰ ਹੇਠਲੇ ਤੇ ਮੱਧਮ ਟੈਕਸਾਸ ਦੇ ਤੱਟੀ ਮੈਦਾਨ ਵਿਚ ਚੱਕਰਵਾਤ ਉੱਠ ਸਕਦੇ ਹਨ। ਉਨ੍ਹਾਂ ਦੱਸਿਆ ਕਿ ਭਿਆਨਕ ਤੂਫਾਨ ਦੀ ਚਿਤਾਵਨੀ ਪੋਰਟ ਮੈਨਸਫੀਲਡ ਤੋਂ ਲੈ ਕੇ ਮੈਸਕਵਾਈਟ ਖਾੜੀ ਤੱਕ ਪ੍ਰਭਾਵੀ ਹੈ। ਉਥੇ ਹੀ ਚੱਕਰਵਾਤੀ ਤੂਫਾਨ ਦੀ ਚਿਤਾਵਨੀ ਮੈਕਸੀਕੋ ਦੇ ਬੈਰਾ ਅਲ ਮੇਜ਼ਕਵਿਟਲ ਤੋਂ ਲੈ ਕੇ ਟੈਕਸਾਸ ਦੇ ਪੋਰਟ ਮੈਨਸਫੀਲਡ ਤੱਕ ਪ੍ਰਭਾਵੀ ਰਹੇਗੀ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਹੰਨਾ ਕਾਰਣ ਐਤਵਾਰ ਰਾਤ ਭਰ ਵਿਚ 13 ਤੋਂ 25 ਸੈਂਟੀਮੀਟਰ ਤੱਕ ਮੀਂਹ ਪੈ ਸਕਦਾ ਹੈ। 

ਰਾਸ਼ਟਰੀ ਤੂਫਾਨ ਕੇਂਦਰ ਨੇ ਸ਼ਨੀਵਾਰ ਸਵੇਰੇ ਦੱਸਿਆ ਕਿ ਇਸ ਵਿਚਾਲੇ ਇਕ ਹੋਰ ਚੱਕਰਵਾਤੀ ਤੂਫਾਨ ਗੋਂਜਾਲੋ ਦੇ ਵੀ ਸ਼ਨੀਵਾਰ ਦੁਪਹਿਰ ਜਾਂ ਸ਼ਾਮ ਨੂੰ ਵਿੰਡਵਾਰਡ ਟਾਪੂ ਤੋਂ ਲੰਘਣ ਦੀ ਉਮੀਦ ਹੈ। ਗੋਂਜਾਲੋ ਤੂਫਾਨ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵੱਧ ਰਿਹਾ ਹੈ ਤੇ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਗਿਆਨੀਆਂ ਮੁਤਾਬਕ ਗੋਂਜਾਲੋ ਤੂਫਾਨ ਨਾਲ ਤਿੰਨ ਤੋਂ 8 ਸੈਂਟੀਮੀਟਰ ਮੀਂਹ ਪੈ ਸਕਦਾ ਹੈ ਜਦਕਿ ਕੁਝ ਸਥਾਨਾਂ 'ਤੇ 13 ਸੈਂਟੀਮੀਟਰ ਤੱਕ ਮੀਂਹ ਪੈ ਸਕਦਾ ਹੈ। ਗੋਂਜਾਲੋ ਦੇ ਮੱਦੇਨਜ਼ਰ ਟੋਬੈਗੋ ਤੇ ਗ੍ਰੇਨਾਡਾ ਤੇ ਉਸ ਦੇ ਨੇੜੇ ਦੇ ਟਾਪੂਆਂ ਦੇ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਤੂਫਾਨ ਦੇ ਐਤਵਾਰ ਜਾਂ ਸੋਮਵਾਰ ਨੂੰ ਕਮਜ਼ੋਰ ਪੈਣ ਦੀ ਉਮੀਦ ਹੈ। 


author

Baljit Singh

Content Editor

Related News