ਆਧੁਨਿਕ ਸੱਭਿਅਤਾ ਵੀ ਨਾ ਘੱਟ ਕਰ ਸਕੀ ਮਨੁੱਖੀ ਹਿੰਸਾ

10/31/2017 3:07:48 AM

ਵਾਸ਼ਿੰਗਟਨ - ਆਧੁਨਿਕ ਸੱਭਿਅਤਾ ਵੀ ਮਨੁੱਖ ਦੀ ਖੂਨ ਦੀ ਪਿਆਸ ਜਾਂ ਹਿੰਸਾ ਨੂੰ ਘੱਟ ਨਹੀਂ ਕਰ ਸਕੀ ਹੈ ਪਰ ਵੱਡਾ ਅਤੇ ਸੰਗਠਿਤ ਸਮਾਜ ਯੁੱਧ ਦੀ ਸੰਭਾਵਨਾ ਨੂੰ ਘੱਟ ਕਰ ਦਿੰਦਾ ਹੈ। ਇਹ ਗੱਲ ਵਿਗਿਆਨੀਆਂ ਨੇ ਇਕ ਅਧਿਐਨ ਵਿਚ ਕਹੀ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਵੱਡੇ ਅਤੇ ਆਧੁਨਿਕ ਸਮਾਜਾਂ ਕੋਲ ਫੌਜੀਆਂ ਜਾਂ ਲੜਾਕੂਆਂ ਦੀ ਵੱਡੀ ਗਿਣਤੀ ਹੋ ਸਕਦੀ ਹੈ ਪਰ ਇਹ ਕੁੱਲ ਆਬਾਦੀ ਦਾ ਛੋਟਾ ਹਿੱਸਾ ਹੈ।
ਆਧੁਨਿਕ ਸਮੇਂ ਵਿਚ ਦੇਸ਼ਾਂ ਵਿਚ ਰਹਿਣ ਵਾਲੇ ਲੋਕ ਆਪਣੇ ਪੂਰਵਜਾਂ ਤੋਂ ਘੱਟ ਹਿੰਸਕ ਨਹੀਂ ਹਨ। ਵਾਸ਼ਿੰਗਟਨ ਯੂਨੀਵਰਸਿਟੀ ਮੈਡੀਕਲ ਸਕੂਲ ਤੋਂ ਡੀਨ ਫਾਕ ਨੇ ਕਿਹਾ ਕਿ ਰਾਸ਼ਟਰਾਂ ਦੇ ਰੂਪ ਵਿਚ ਰਹਿਣ ਵਾਲੇ ਲੋਕਾਂ ਦੇ ਮੁਕਾਬਲੇ ਛੋਟੇ ਪੱਧਰ ਦੇ ਸਮਾਜਾਂ ਵਿਚ ਰਹਿਣ ਵਾਲੇ ਲੋਕ ਵੱਧ ਹਿੰਸਕ ਹੋਣ ਦੀ ਥਾਂ ਮਾਰੇ ਜਾਣ ਦੇ ਖਤਰੇ ਦਾ ਵੱਧ ਸਾਹਮਣਾ ਕਰਦੇ ਹਨ, ਕਿਉਂਕਿ ਪੁਰਾਣੀ ਕਹਾਵਤ ਹੈ ਕਿ ਵੱਧ ਗਿਣਤੀ 'ਚ ਸੁਰੱਖਿਆ ਹੈ।
ਫਾਕ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਸਾਰੇ ਤਰ੍ਹਾਂ ਦੇ ਸਮਾਜਾਂ ਵਿਚ ਰਹਿਣ ਵਾਲੇ ਲੋਕਾਂ ਵਿਚ ਸਿਰਫ ਹਿੰਸਾ ਦੀ ਹੀ ਨਹੀਂ ਸਗੋਂ ਸਾਂਤੀ ਦੀ ਵੀ ਸਮਰੱਥਾ ਹੈ। ਅਧਿਐਨ ਦੇ ਨਤੀਜੇ 'ਕਰੰਟ ਐਂਥ੍ਰੋਪੋਲਾਜੀ' ਰਸਾਲੇ ਵਿਚ ਪ੍ਰਕਾਸ਼ਿਤ ਹੋਏ ਹਨ। ਇਸ ਵਿਚ ਪਾਇਆ ਗਿਆ ਹੈ ਕਿ ਛੋਟੇ ਪੱਧਰ ਦੇ ਸਮਾਜਾਂ ਵਿਚ ਰਹਿਣ ਵਾਲਿਆਂ ਅਤੇ ਵੱਧ ਆਧੁਨਿਕ ਸਮਾਜਾਂ ਵਿਚ ਰਹਿਣ ਵਾਲਿਆਂ ਵਿਚ ਅਬਾਦੀ ਦਾ ਆਕਾਰ ਵਧਣ ਦੇ ਨਾਲ ਯੁੱਧ ਦੌਰਾਨ ਮੌਤਾਂ ਦੀ ਗਿਣਤੀ ਵੱਧਦੀ ਹੈ। ਪੱਥਰ ਦੇ ਨੁਕੀਲੇ ਹਥਿਆਰਾਂ ਦੀ ਥਾਂ ਅੱਜ ਲੜਾਕੂ ਜਹਾਜ਼ ਅਤੇ ਅਤਿ-ਆਧੁਨਿਕ ਹਥਿਆਰ ਪ੍ਰਣਾਲੀਆਂ ਹਨ। ਫਾਕ ਨੇ ਕਿਹਾ ਕਿ ਅਧਿਐਨ ਨਤੀਜਾ ਇਸ ਵਿਚਾਰ ਨੂੰ ਚੁਣੌਤੀ ਦਿੰਦਾ ਹੈ ਕਿ ਰਾਸ਼ਟਰਾਂ ਅਤੇ ਆਧੁਨਿਕ ਸਮਾਜਾਂ ਦੇ ਵਿਕਾਸ ਕਾਰਨ ਹਿੰਸਾ ਅਤੇ ਯੁੱਧ ਦੌਰਾਨ ਮੌਤਾਂ 'ਚ ਕਮੀ ਆਈ ਹੈ।


Related News