ਉੱਚ ਮਨੁੱਖੀ ਕਦਰਾਂ-ਕੀਮਤਾਂ ਦੇ ਝੰਡਾਬਰਦਾਰ ਭਾਰਤ ’ਚ ਹੋ ਰਹੀਆਂ ਸ਼ਰਮਨਾਕ ਅਣ-ਮਨੁੱਖੀ ਘਟਨਾਵਾਂ

06/29/2024 1:58:16 AM

ਪ੍ਰਾਚੀਨ ਕਾਲ ਤੋਂ ਹੀ ਭਾਰਤ ਨੂੰ ਉੱਚ ਨੈਤਿਕਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਝੰਡਾਬਰਦਾਰ ਵਜੋਂ ਜਾਣਿਆ ਜਾਂਦਾ ਹੈ ਪਰ ਅੱਜ ਲੋਕ ਆਪਣੇ ਉੱਚ ਪ੍ਰਾਚੀਨ ਆਦਰਸ਼ਾਂ ਨੂੰ ਭੁੱਲ ਅਨੈਤਿਕ ਤੇ ਅਣ-ਮਨੁੱਖੀ ਕਾਰਿਆਂ ’ਚ ਸ਼ਾਮਲ ਹੋ ਕੇ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੇ ਹਨ। ਇੱਥੋਂ ਤੱਕ ਕਿ ਨਾਰੀ ਜਾਤੀ ਨੂੰ ਵੀ ਇਹ ਦਰਿੰਦੇ ਆਪਣਾ ਸ਼ਿਕਾਰ ਬਣਾ ਰਹੇ ਹਨ। ਹਾਲਤ ਕਿੰਨੀ ਭਿਆਨਕ ਹੋ ਚੁੱਕੀ ਹੈ, ਇਹ ਸਿਰਫ ਇਕ ਮਹੀਨੇ ਦੀਆਂ ਹੇਠਲੀਆਂ ਕੁਝ ਉਦਾਹਰਣਾਂ ਤੋਂ ਸਪੱਸ਼ਟ ਹੈ :

* 28 ਮਈ ਨੂੰ ਗੁਨਾ (ਮੱਧ ਪ੍ਰਦੇਸ਼) ’ਚ ਆਪਸੀ ਝਗੜੇ ਕਾਰਨ ਕੁਝ ਵਿਅਕਤੀਆਂ ਨੇ ਇਕ ਨੌਜਵਾਨ ਦੇ ਮੂੰਹ ’ਤੇ ਕਾਲਖ ਮਲ ਕੇ, ਉਸ ਦੇ ਵਾਲ ਮੁੰਨ ਕੇ, ਗਲ਼ ’ਚ ਜੁੱਤੀਆਂ ਦਾ ਹਾਰ ਅਤੇ ਘੱਗਰਾ ਪਵਾ ਕੇ ਪੂਰੇ ਪਿੰਡ ’ਚ ਘੁਮਾਇਆ। ਫਿਰ ਰੁੱਖ ਨਾਲ ਬੰਨ੍ਹ ਕੇ ਕੁੱਟਣ ਦੇ ਬਾਅਦ ਪੇਸ਼ਾਬ ਪਿਆਇਆ ਅਤੇ ਘਟਨਾ ਦਾ ਵੀਡੀਓ ਵੀ ਬਣਾਇਆ।

* 21 ਜੂਨ ਨੂੰ ‘ਦੱਖਣ 24 ਪਰਗਨਾ’ (ਪੱਛਮੀ ਬੰਗਾਲ) ਜ਼ਿਲੇ ਦੇ ‘ਬਾਰੂਈਪੁਰ’ ਪਿੰਡ ’ਚ ਗੰਭੀਰ ਰੋਗ ਨਾਲ ਪੀੜਤ ਵਿਅਕਤੀ ਵੱਲੋਂ ਆਪਣਾ ਵੰਸ਼ ਵਧਾਉਣ ਦੀ ਖਾਹਿਸ਼ ’ਚ ਆਪਣੀ ਪਤਨੀ ਦਾ ਆਪਣੇ 3 ਜਾਣ-ਪਛਾਣ ਵਾਲੇ ਵਿਅਕਤੀਆਂ ਕੋਲੋਂ ਜ਼ਬਰਦਸਤੀ ਸਹਿਵਾਸ ਕਰਵਾਉਣ ਦੇ ਦੋਸ਼ ’ਚ ਔਰਤ ਨੇ ਪਤੀ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ।

* 22 ਜੂਨ ਨੂੰ ਨੋਇਡਾ (ਉੱਤਰ ਪ੍ਰਦੇਸ਼) ’ਚ ਜਾਦੂ-ਟੂਣੇ ਦੇ ਸ਼ੱਕ ’ਚ ਇਕ ਵਿਅਕਤੀ ਨੇ ਪਹਿਲਾਂ ਤਾਂ ਆਪਣੇ ਗੁਆਂਢ ’ਚ ਰਹਿਣ ਵਾਲੀ ਔਰਤ ਦੇ ਵਾਲ ਕੱਟੇ ਤੇ ਉਸ ਦੇ ਬਾਅਦ ਜ਼ਬਰਦਸਤੀ ਉਸ ਨੂੰ ਆਪਣਾ ਪੇਸ਼ਾਬ ਪਿਆਇਆ। ਦੋਸ਼ੀ ਨੂੰ ਸ਼ੱਕ ਸੀ ਕਿ ਉਸ ਦੀ ਧੀ ’ਤੇ ਪੀੜਤ ਔਰਤ ਨੇ ਜਾਦੂ-ਟੂਣਾ ਕਰ ਦਿੱਤਾ ਹੈ ਜਿਸ ਕਾਰਨ ਉਹ ਬਿਮਾਰ ਰਹਿੰਦੀ ਹੈ।

* 23 ਜੂਨ ਨੂੰ ਹੀ ਯਮੁਨਾਨਗਰ (ਹਰਿਆਣਾ) ਦੀ ਆਜ਼ਾਦ ਨਗਰ ਕਾਲੋਨੀ ’ਚ ਇਕ 22 ਸਾਲਾ ਮੁਟਿਆਰ ਨੇ ਘਰੇਲੂ ਝਗੜੇ ਕਾਰਨ ਆਪਣੇ ਰਿਸ਼ਤੇ ਦੇ ਭਰਾਵਾਂ ਨਾਲ ਰਲ ਕੇ ਆਪਣੀ ਮਾਂ ਅਤੇ ਸਕੇ ਭਰਾ ਦੀ ਹੱਤਿਆ ਕਰ ਦਿੱਤੀ।

* 23 ਜੂਨ ਨੂੰ ਹੀ ਉੱਜੈਨ (ਮੱਧ ਪ੍ਰਦੇਸ਼) ’ਚ ਕਮਲੇਸ਼ ਪਟੇਲ ਨਾਂ ਦੇ ਵਿਅਕਤੀ ਨੂੰ ਇਕ ਔਰਤ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਦੇ ਬਾਅਦ ਔਰਤ ਦੀ ਹੱਤਿਆ ਅਤੇ ਲਾਸ਼ ਦੇ 2 ਟੁਕੜੇ ਕਰ ਕੇ 2 ਰੇਲ ਗੱਡੀਆਂ ਦੇ ਡੱਬਿਆਂ ’ਚ ਸੁੱਟਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 24 ਜੂਨ ਨੂੰ ‘ਦੁਮਕਾ’ (ਝਾਰਖੰਡ) ਜ਼ਿਲੇ ਦੇ ‘ਮਧੁਬਨ’ ਪਿੰਡ ’ਚ ਰਾਸ਼ਨ ਨਾ ਮਿਲਣ ਤੋਂ ਨਾਰਾਜ਼ ਪਿੰਡ ਵਾਸੀਆਂ ਨੇ ‘ਜਨਤਕ ਵੰਡ ਪ੍ਰਣਾਲੀ’ ਦੇ ਅਧੀਨ ਰਾਸ਼ਨ ਵੰਡਣ ਵਾਲੀ ਔਰਤ ਨੂੰ ਚੱਪਲਾਂ ਦਾ ਹਾਰ ਪਵਾ ਕੇ ਪਿੰਡ ’ਚ ਘੁਮਾਇਆ।

* 24 ਜੂਨ ਨੂੰ ਹੀ ਕਾਸਗੰਜ (ਉੱਤਰ ਪ੍ਰਦੇਸ਼) ਦੇ ‘ਵਾਹਿਦਪੁਰ’ ਪਿੰਡ ’ਚ ਲੋਕਾਂ ਨੇ 10 ਅਤੇ 14 ਸਾਲ ਉਮਰ ਦੇ 2 ਬੱਚਿਆਂ ਨੂੰ ਚੋਰੀ ਦੇ ਸ਼ੱਕ ’ਚ ਉਨ੍ਹਾਂ ਦਾ ਸਿਰ ਮੁੰਨ ਕੇ ਅਤੇ ਹੱਥ-ਪੈਰ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਪੂਰੇ ਪਿੰਡ ’ਚ ਘੁਮਾਇਆ।

* 25 ਜੂਨ ਨੂੰ ਕੂਚ ਬਿਹਾਰ (ਪੱਛਮੀ ਬੰਗਾਲ) ’ਚ ਭਾਜਪਾ ਮਹਿਲਾ ਮੋਰਚਾ ਦੀ ਮੈਂਬਰ ਨੂੰ ਨਿਰਵਸਤਰ ਕਰ ਉਸ ਦੀ ਕੁੱਟਮਾਰ ਕਰ ਕੇ ਗੰਭੀਰ ਤੌਰ ’ਤੇ ਜ਼ਖਮੀ ਕਰ ਦੇਣ ਦੇ ਦੋਸ਼ ’ਚ ਪੁਲਸ ਨੇ ਸ਼ਫੀਕੁਲ ਮੀਆਂ ਅਤੇ ਮੁਹੰਮਦ ਅਲੀ ਨੂੰ ਹਿਰਾਸਤ ’ਚ ਲਿਆ।

* 25 ਜੂਨ ਨੂੰ ਹੀ ਵੈਸਟ ਗਾਰੋ ਹਿਲਸ (ਮੇਘਾਲਿਆ) ਜ਼ਿਲ੍ਹੇ ’ਚ ਕਿਸੇ ਨਾਲ ਪ੍ਰੇਮ ਸਬੰਧ ਰੱਖਣ ’ਤੇ ਇਕ 20 ਸਾਲਾ ਅਣਵਿਆਹੀ ਮਾਂ ਨੂੰ ਪਿੰਡ ਦੀ ਕੰਗਾਰੂ ਅਦਾਲਤ ਦੇ 4 ਮੈਂਬਰਾਂ ਨੇ ਵਾਲਾਂ ਤੋਂ ਫੜ ਕੇ ਘਸੀਟਿਆ ਅਤੇ ਸ਼ਰੇਆਮ ਡਾਂਗਾਂ ਨਾਲ ਕੁੱਟਿਆ।

* 26 ਜੂਨ ਨੂੰ ਹੈਦਰਾਬਾਦ (ਤੇਲੰਗਾਨਾ) ਜ਼ਿਲੇ ਦੇ ‘ਸ਼ਾਬਾਦ’ ਡਵੀਜ਼ਨ ਦੇ ‘ਕੇਸਾ ਰਾਮ’ ਪਿੰਡ ’ਚ ਇਕ ਵਿਅਕਤੀ ਨੇ ਆਪਣੇ ਘਰ ’ਚੋਂ ਅਨਾਰ ਤੋੜਣ ਦੇ ਦੋਸ਼ ’ਚ ਇਕ 14 ਸਾਲਾ ਦਲਿਤ ਲੜਕੇ ਨੂੰ ਜ਼ਮੀਨ ’ਤੇ ਪਟਕਣ ਦੇ ਬਾਅਦ ਉਸ ਦੇ ਹੱਥ-ਪੈਰ ਰੱਸੀ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ।

* 27 ਜੂਨ ਨੂੰ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ’ਚ ਪ੍ਰੇਮ ਵਿਆਹ ਦੇ 7 ਮਹੀਨਿਆਂ ਬਾਅਦ ਹੀ ਇਕ ਨੌਜਵਾਨ ਨੇ ਆਪਣੀ ਪਤਨੀ ਦੇ ਖਰਚੀਲੇ ਸੁਭਾਅ ਤੋਂ ਤੰਗ ਆ ਕੇ ਉਸ ਦੀ ਹੱਤਿਆ ਕਰਨ ਦੇ ਬਾਅਦ ਉਸ ਦੇ ਸਰੀਰ ਦੇ 4 ਟੁੱਕੜੇ ਕਰ ਕੇ ਬੋਰੇ ’ਚ ਭਰ ਕੇ ਨਦੀ ’ਚ ਸੁੱਟ ਦਿੱਤੇ।

* 27 ਜੂਨ ਨੂੰ ਹੀ ਔਰੈਯਾ (ਉੱਤਰ ਪ੍ਰਦੇਸ਼) ’ਚ ਇਕ ਔਰਤ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਚਚੇਰੇ ਦਿਓਰ ਨਾਲ ਨਾਜਾਇਜ਼ ਸਬੰਧ ਕਾਇਮ ਕਰ ਲਏ ਅਤੇ ਉਸ ਨਾਲ ਵਿਆਹ ਕਰਨ ਦਾ ਫੈਸਲਾ ਕਰ ਲਿਆ ਪਰ ਔਰਤ ਦੇ 4 ਬੱਚਿਆਂ ਨੂੰ ਪ੍ਰੇਮੀ ਆਪਣੇ ਨਾਲ ਰੱਖਣ ਲਈ ਤਿਆਰ ਨਹੀਂ ਸੀ, ਇਸ ਲਈ ਦੋਵਾਂ ਨੇ ਮਿਲ ਕੇ ਉਨ੍ਹਾਂ ਨੂੰ ਰਸਤੇ ’ਚੋਂ ਹਟਾਉਣ ਲਈ ਚਾਰਾਂ ਬੱਚਿਆਂ ਨੂੰ ਨਦੀ ’ਚ ਡੁਬੋ ਦਿੱਤਾ ਜਿਸ ਦੇ ਨਤੀਜੇ ਵਜੋਂ ਤਿੰਨ ਬੱਚੇ ਮਾਰੇ ਗਏ।

* 27 ਜੂਨ ਨੂੰ ਹੀ ਮੁਰਾਦਾਬਾਦ ’ਚ ਸਵੀਮਿੰਗ ਪੂਲ ’ਚ ਦਾਖਲੇ ਦੇ 10 ਰੁਪਏ ਨਾ ਦੇਣ ’ਤੇ ਇਕ ਸਵੀਮਿੰਗ ਪੂਲ ਦੇ ਮਾਲਕ ਬਾਪ-ਬੇਟੇ ਨੇ ਇਕ 11 ਸਾਲਾ ਬਾਲਕ ਵੀਰਪਾਲ ਦੀ ਗਲ਼ ਘੁੱਟ ਕੇ ਹੱਤਿਆ ਕਰਨ ਦੇ ਬਾਅਦ ਉਸ ਦੇ ਮੂੰਹ ਅਤੇ ਨੱਕ ਨੂੰ ਰੇਤ ਨਾਲ ਭਰਨ ਦੇ ਬਾਅਦ ਲਾਸ਼ ਨੇੜਲੇ ਗੰਨੇ ਦੇ ਖੇਤ ’ਚ ਸੁੱਟ ਦਿੱਤੀ।

ਝਾਰਖੰਡ ਦੀ ‘ਕੋਲਹਨ ਯੂਨੀਵਰਸਿਟੀ’ ’ਚ ਮਨੋਵਿਗਿਆਨਕ ਦੇ ਪ੍ਰੋਫੈਸਰ ਡਾ. ਧਰਮਿੰਦਰ ਕੁਮਾਰ ਦੇ ਅਨੁਸਾਰ ਸਮਾਜ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਇਕ ਵੱਡਾ ਕਾਰਨ ਅੱਜ ਦੀ ਗੁੰਝਲਦਾਰ ਜੀਵਨਸ਼ੈਲੀ ਤੋਂ ਪੈਦਾ ਹੋਈਆਂ ਸਮੱਸਿਆਵਾਂ ਅਤੇ ਮਾਨਸਿਕ ਵਿਕਾਰ ਹਨ। ਇਸ ਲਈ ਅਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ।

 - ਵਿਜੇ ਕੁਮਾਰ


Harpreet SIngh

Content Editor

Related News