ਕੈਲੀਫੋਰਨੀਆ ਦੇ ਆਕਲੈਂਡ 'ਚ ਸਮਾਰੋਹ ਦੌਰਾਨ ਮੁੜ ਹੋਈ ਹਿੰਸਾ, 15 ਲੋਕਾਂ ਨੂੰ ਲੱਗੀ ਗੋਲੀ

06/21/2024 2:22:29 PM

ਆਕਲੈਂਡ (ਏਜੰਸੀ)- ਕੈਲੀਫੋਰਨੀਆ ਦੇ ਆਕਲੈਂਡ 'ਚ ਪੁਲਸ ਨੇ ਦੱਸਿਆ ਕਿ ਜੂਨਟੀਨਥ ਮੌਕੇ ਜਸ਼ਨ ਦੌਰਾਨ 15 ਲੋਕਾਂ ਨੂੰ ਗੋਲੀ ਮਾਰੇ ਜਾਣ ਦੀ ਖ਼ਬਰ ਹੈ। ਪੁਲਸ ਨੇ ਵੀਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਬੁੱਧਵਾਰ ਰਾਤ ਲੇਕ ਮੇਰਿਟ ਦਾ ਪ੍ਰੋਗਰਾਮ ਕਾਫ਼ੀ ਹੱਦ ਤੱਕ ਸ਼ਾਂਤੀਪੂਰਨ ਰਿਹਾ, ਜਿਸ 'ਚ 5 ਹਜ਼ਾਰ ਤੋਂ ਵੱਧ ਲੋਕ ਮੌਜੂਦ ਸਨ। ਇਸ 'ਚ ਕਿਹਾ ਗਿਆ ਕਿ ਰਾਤ ਕਰੀਬ 8.15 ਵਜੇ ਝੀਲ ਦੇ ਉੱਤਰੀ ਕਿਨਾਰੇ 'ਤੇ ਬੇਲੇਵਿਊ ਅਤੇ ਗ੍ਰੈਂਡ ਐਵੇਨਿਊ 'ਚ 'ਮੋਟਰਸਾਈਕਲਾਂ ਅਤੇ ਵਾਹਨਾਂ' ਨਾਲ ਜੁੜਿਆ ਇਕ ਹੋਰ ਪ੍ਰੋਗਰਾਮ ਹੋਇਆ। ਪੁਲਸ ਨੇ ਦੱਸਿਆ ਕਿ ਸੜਕ ਦੇ ਕਿਨਾਰੇ ਝਗੜਾ ਸ਼ੁਰੂ ਹੋ ਗਿਆ ਅਤੇ ਝਗੜੇ ਵਾਲੀ ਜਗ੍ਹਾ ਭੀੜ ਜਮ੍ਹਾ ਹੋ ਗਈ। 

ਆਕਲੈਂਡ ਪੁਲਸ ਵਿਭਾਗ (ਓਪੀਡੀ) ਦੇ ਰਣਨੀਤਕ ਸੰਚਾਰ ਪ੍ਰਬੰਧਕ ਪਾਲ ਚੈਂਬਰਸ ਨੇ ਕਿਹਾ,''ਝਗੜੇ ਦੌਰਾਨ ਗੋਲੀਬਾਰੀ ਕੀਤੀ ਗਈ।'' ਗੋਲੀਬਾਰੀ ਰਾਤ 8.45 ਵਜੇ ਹੋਈ। ਹਾਲਾਂਕਿ ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਕਿੰਨੇ ਲੋਕਾਂ ਨੂੰ ਗੋਲੀ ਲੱਗੀ ਪਰ ਪੁਲਸ ਨੇ ਦੱਸਿਆ ਕਿ 15 ਲੋਕ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਕਿਸੇ ਦੇ ਮਾਰੇ ਜਾਣ ਦੀ ਖ਼ਬਰ ਨਹੀਂ ਹੈ। ਚੈਂਬਰਸ ਨੇ ਦੱਸਿਆ ਕਿ ਜਦੋਂ ਅਧਿਕਾਰੀ ਭੀੜ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਕਈ ਲੋਕਾਂ ਨੇ ਓਪੀਡੀ ਅਧਿਕਾਰੀਆਂ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਕ ਅਧਿਕਾਰੀ 'ਤੇ ਹਮਲਾ ਕਰਨ ਦੇ ਦੋਸ਼ 'ਚ ਘੱਟੋ-ਘੱਟ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਅਧਿਕਾਰੀਆਂ 'ਤੇ ਹਮਲਾ ਕੀਤਾ ਗਿਆ। ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਜੂਨਟੀਨਥ ਅਮਰੀਕਾ 'ਚ ਦਾਸਤਾ ਦੇ ਪ੍ਰਭਾਵੀ ਅੰਤ ਦੀ ਯਾਦ 'ਚ ਇਕ ਜਨਤਕ ਛੁੱਟੀ ਹੈ, ਜਿਸ ਦਿਨ ਕਈ ਆਯੋਜਨ ਕੀਤੇ ਜਾਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News