ਸਸਤੀਆਂ ਹੋਣਗੀਆਂ ਇਹ ਦਾਲਾਂ, ਸਰਕਾਰ ਨੇ ਮਹਿੰਗਾਈ ਨੂੰ ਘੱਟ ਕਰਨ ਲਈ ਬਣਾਇਆ ਇਹ ਪਲਾਨ
Saturday, Jun 15, 2024 - 05:34 PM (IST)

ਨਵੀਂ ਦਿੱਲੀ - ਦਾਲਾਂ 'ਤੇ ਮਹਿੰਗਾਈ ਨੂੰ ਘੱਟ ਕਰਨ ਲਈ ਸਰਕਾਰ ਨੇ ਫੁਲਪਰੂਫ ਪਲਾਨ ਬਣਾ ਲਿਆ ਹੈ। ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿੱਚ ਤਿੰਨ ਦਾਲਾਂ, ਜਿਨ੍ਹਾਂ ਵਿੱਚ ਅਰਹਰ, ਛੋਲੇ ਅਤੇ ਉੜਦ ਦਾਲਾਂ ਸ਼ਾਮਲ ਹਨ, ਦੀਆਂ ਕੀਮਤਾਂ ਵਿੱਚ ਕਮੀ ਦੇਖਣ ਨੂੰ ਮਿਲੇਗੀ। ਜਿਨ੍ਹਾਂ ਦੀਆਂ ਕੀਮਤਾਂ ਪਿਛਲੇ 6 ਮਹੀਨਿਆਂ ਤੋਂ ਵਧੀਆਂ ਨਹੀਂ ਸਗੋਂ ਉੱਚੀਆਂ ਹੀ ਹਨ। ਸਰਕਾਰ ਦਾ ਕਹਿਣਾ ਹੈ ਕਿ ਫਿਲਹਾਲ ਅਜਿਹੇ ਕਈ ਉਪਾਅ ਕੀਤੇ ਜਾ ਰਹੇ ਹਨ ਜਿਸ ਨਾਲ ਇਨ੍ਹਾਂ ਤਿੰਨਾਂ ਦਾਲਾਂ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੇਗੀ।
ਇਹ ਵੀ ਪੜ੍ਹੋ : ਹੁਣ ਭਾਰਤ 'ਚ ਵੀ ਉੱਠੇ MDH ਅਤੇ ਐਵਰੈਸਟ 'ਤੇ ਸਵਾਲ, ਰਾਜਸਥਾਨ 'ਚ ਮਿਲੇ ਸ਼ੱਕੀ ਸੈਂਪਲ
ਸਸਤੀਆਂ ਹੋਣਗੀਆਂ ਦਾਲਾਂ
ਜਾਣਕਾਰੀ ਦਿੰਦੇ ਹੋਏ ਕੇਂਦਰੀ ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਦੱਸਿਆ ਕਿ ਚੰਗੇ ਮਾਨਸੂਨ ਦੀ ਉਮੀਦ ਅਤੇ ਦਰਾਮਦ ਵਧਣ ਦੇ ਕਾਰਨ ਅਗਲੇ ਮਹੀਨੇ ਤੋਂ ਅਰਹਰ, ਛੋਲੇ ਅਤੇ ਉੜਦ ਦੀਆਂ ਦਾਲਾਂ ਦੀਆਂ ਕੀਮਤਾਂ 'ਚ ਨਰਮੀ ਆਉਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਖਰੇ ਨੇ ਕਿਹਾ ਕਿ ਦਾਲਾਂ ਦੀਆਂ ਕੀਮਤਾਂ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਤੋਂ ਇਨ੍ਹਾਂ ਤਿੰਨਾਂ ਦਾਲਾਂ ਦੀ ਦਰਾਮਦ ਵੀ ਵਧ ਜਾਵੇਗੀ ਜਿਸ ਨਾਲ ਘਰੇਲੂ ਸਪਲਾਈ ਵਧਾਉਣ 'ਚ ਮਦਦ ਮਿਲੇਗੀ। ਖਰੇ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਵਿੱਚ ਅਰਹਰ, ਛੋਲੇ ਅਤੇ ਉੜਦ ਦੀਆਂ ਦਾਲਾਂ ਦੀਆਂ ਕੀਮਤਾਂ ਸਥਿਰ ਰਹੀਆਂ ਹਨ ਪਰ ਉੱਚ ਪੱਧਰ 'ਤੇ ਬਰਕਰਾਰ ਹਨ। ਮੂੰਗੀ ਅਤੇ ਮਸਰਾਂ ਦੀ ਦਾਲ ਦੀ ਕੀਮਤ ਦੀ ਸਥਿਤੀ ਤਸੱਲੀਬਖਸ਼ ਹੈ।
ਦਾਲਾਂ ਦੀਆਂ ਮੌਜੂਦਾ ਕੀਮਤਾਂ
13 ਜੂਨ ਨੂੰ ਛੋਲੇ ਦੀ ਦਾਲ ਦੀ ਔਸਤ ਪ੍ਰਚੂਨ ਕੀਮਤ 87.74 ਰੁਪਏ ਪ੍ਰਤੀ ਕਿਲੋ, ਤੁਆਰ (ਤੂਰ) ਦੀ ਦਾਲ 160.75 ਰੁਪਏ ਪ੍ਰਤੀ ਕਿਲੋ, ਉੜਦ ਦੀ ਦਾਲ 126.67 ਰੁਪਏ ਪ੍ਰਤੀ ਕਿਲੋ, ਮੂੰਗੀ ਦੀ ਦਾਲ 118.9 ਰੁਪਏ ਪ੍ਰਤੀ ਕਿਲੋ ਅਤੇ ਮਸੂਰ ਦੀ ਦਾਲ 94.34 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਖਪਤਕਾਰ ਮਾਮਲਿਆਂ ਦਾ ਵਿਭਾਗ ਦੇਸ਼ ਦੇ 550 ਪ੍ਰਮੁੱਖ ਖਪਤਕਾਰ ਕੇਂਦਰਾਂ ਤੋਂ ਭੋਜਨ ਉਤਪਾਦਾਂ ਦੀਆਂ ਪ੍ਰਚੂਨ ਕੀਮਤਾਂ ਇਕੱਤਰ ਕਰਦਾ ਹੈ। ਖਰੇ ਨੇ ਕਿਹਾ ਕਿ ਜੁਲਾਈ ਤੋਂ ਤੂਰ, ਉੜਦ ਅਤੇ ਛੋਲੇ ਦੀਆਂ ਕੀਮਤਾਂ 'ਚ ਨਰਮੀ ਆਉਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਦਿੱਲੀ ਦੇ ਪੁਰਾਤਨ ਸ਼ਿਵ ਮੰਦਰ ਬਾਰੇ ਸੁਣਾ 'ਤਾ ਵੱਡਾ ਫ਼ੈਸਲਾ
ਕੀਤੇ ਜਾ ਰਹੇ ਹਨ ਇਹ ਉਪਰਾਲੇ
ਸਕੱਤਰ ਨੇ ਕਿਹਾ ਕਿ ਮੌਸਮ ਵਿਭਾਗ ਨੇ ਮਾਨਸੂਨ ਦੀ ਆਮ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ ਜਿਸ ਨਾਲ ਦਾਲਾਂ ਦੀ ਕਾਸ਼ਤ ਹੇਠ ਰਕਬੇ ਵਿੱਚ ਕਾਫੀ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਵਧੀਆ ਬੀਜ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਖਰੇ ਨੇ ਕਿਹਾ ਕਿ ਸਰਕਾਰ ਘਰੇਲੂ ਉਪਲਬਧਤਾ ਵਧਾਉਣ ਅਤੇ ਪ੍ਰਚੂਨ ਕੀਮਤਾਂ ਨੂੰ ਕੰਟਰੋਲ ਵਿੱਚ ਰੱਖਣ ਲਈ ਸਾਰੇ ਜ਼ਰੂਰੀ ਉਪਾਅ ਕਰੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ‘ਭਾਰਤ ਚਨਾ ਦਾਲ’ 60 ਰੁਪਏ ਪ੍ਰਤੀ ਕਿਲੋ ਵੇਚਣ ਦੀ ਸਕੀਮ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰ ਰਹੀ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਸੀਂ ਘਰੇਲੂ ਉਪਲਬਧਤਾ ਨੂੰ ਉਤਸ਼ਾਹਿਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਾਂ। ਸਕੱਤਰ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਆਯਾਤ ਨੂੰ ਉਤਸ਼ਾਹਿਤ ਕਰਨ ਲਈ ਗਲੋਬਲ ਸਪਲਾਇਰਾਂ ਦੇ ਨਾਲ-ਨਾਲ ਘਰੇਲੂ ਪ੍ਰਚੂਨ ਵਿਕਰੇਤਾਵਾਂ, ਥੋਕ ਵਿਕਰੇਤਾਵਾਂ ਅਤੇ ਵੱਡੀ ਪ੍ਰਚੂਨ ਚੇਨਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਹੋਰਡਿੰਗ(ਜਮ੍ਹਾਖੋਰੀ) ਨਹੀਂ ਹੋ ਰਹੀ ਹੈ।
ਇਹ ਵੀ ਪੜ੍ਹੋ : ਦੇਸ਼ ਕੋਲ ਕਣਕ ਦਾ ਲੋੜੀਂਦਾ ਭੰਡਾਰ, ਫਿਲਹਾਲ ਦਰਾਮਦ ਡਿਊਟੀ ’ਚ ਬਦਲਾਅ ਦੀ ਕੋਈ ਯੋਜਨਾ ਨਹੀਂ : ਸਰਕਾਰ
ਕਿੰਨਾ ਹੋਇਆ ਦਾਲਾਂ ਦਾ ਉਤਪਾਦਨ?
ਭਾਰਤ ਨੇ ਪਿਛਲੇ ਵਿੱਤੀ ਸਾਲ 'ਚ ਕਰੀਬ 8 ਲੱਖ ਟਨ ਤੂਰ ਦਾਲ ਅਤੇ 6 ਲੱਖ ਟਨ ਉੜਦ ਦੀ ਦਰਾਮਦ ਕੀਤੀ ਸੀ। ਦਾਲਾਂ ਮੁੱਖ ਤੌਰ 'ਤੇ ਮਿਆਂਮਾਰ ਅਤੇ ਅਫਰੀਕੀ ਦੇਸ਼ਾਂ ਤੋਂ ਭਾਰਤ ਨੂੰ ਨਿਰਯਾਤ ਕੀਤੀਆਂ ਜਾਂਦੀਆਂ ਹਨ। ਫਸਲੀ ਸਾਲ 2023-24 (ਜੁਲਾਈ-ਜੂਨ) ਵਿੱਚ ਤੂਰ ਦਾ ਉਤਪਾਦਨ 33.85 ਲੱਖ ਟਨ ਸੀ ਜਦੋਂ ਕਿ ਖਪਤ 44-45 ਲੱਖ ਟਨ ਹੋਣ ਦਾ ਅਨੁਮਾਨ ਹੈ। ਛੋਲਿਆਂ ਦਾ ਉਤਪਾਦਨ 115.76 ਲੱਖ ਟਨ ਰਿਹਾ ਜਦਕਿ ਮੰਗ 119 ਲੱਖ ਟਨ ਸੀ। ਉੜਦ ਦੇ ਮਾਮਲੇ 'ਚ ਉਤਪਾਦਨ 23 ਲੱਖ ਟਨ ਸੀ ਜਦਕਿ ਖਪਤ 33 ਲੱਖ ਟਨ ਹੋਣ ਦਾ ਅਨੁਮਾਨ ਹੈ। ਮੰਗ ਅਤੇ ਸਪਲਾਈ ਵਿਚਲਾ ਪਾੜਾ ਦਰਾਮਦ ਰਾਹੀਂ ਪੂਰਾ ਕੀਤਾ ਜਾਂਦਾ ਹੈ।
ਸਬਜ਼ੀਆਂ ਦੀ ਸਥਿਤੀ
ਸਬਜ਼ੀਆਂ ਦੇ ਮਾਮਲੇ 'ਚ ਵੀ ਖਰੇ ਨੇ ਕਿਹਾ ਕਿ ਮਾਨਸੂਨ ਦੀ ਬਾਰਿਸ਼ ਦਾ ਪ੍ਰਚੂਨ ਕੀਮਤਾਂ 'ਤੇ ਸਕਾਰਾਤਮਕ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਗਰਮੀ ਕਾਰਨ ਹਰੀਆਂ ਸਬਜ਼ੀਆਂ ਦੀ ਫ਼ਸਲ ਪ੍ਰਭਾਵਿਤ ਹੋਣ ਕਾਰਨ ਆਲੂਆਂ ਦੀ ਮੰਗ ਵਧੀ ਹੈ। ਸਰਕਾਰ ਨੇ ਬਫਰ ਸਟਾਕ ਲਈ ਪਿਆਜ਼ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ ਅਤੇ 35,000 ਟਨ ਪਿਆਜ਼ ਦੀ ਖਰੀਦ ਕੀਤੀ ਜਾ ਚੁੱਕੀ ਹੈ। ਸਰਕਾਰ ਕੋਲਡ ਸਟੋਰੇਜ ਅਤੇ ਇਰੀਡੀਏਸ਼ਨ ਪ੍ਰਕਿਰਿਆ ਰਾਹੀਂ ਪਿਆਜ਼ ਦੀ ਸ਼ੈਲਫ ਲਾਈਫ ਵਧਾਉਣ ਲਈ ਵੀ ਯਤਨ ਕਰ ਰਹੀ ਹੈ।
ਇਹ ਵੀ ਪੜ੍ਹੋ : ਕੁਵੈਤ ਅੱਗ ਦੁਖਾਂਤ : ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਲੈ ਕੇ ਕੋਚੀ ਹਵਾਈ ਅੱਡੇ 'ਤੇ ਉਤਰਿਆ ਹਵਾਈ ਸੈਨਾ ਦਾ ਜਹਾਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8