ਹੂਤੀ ਬਾਗੀਆਂ ਨੇ ਵਿਦੇਸ਼ੀ ਕੰਪਨੀਆਂ ਅਤੇ ਨਿਵੇਸ਼ਕਾਂ ਨੂੰ ਯੂਏਈ ਛੱਡਣ ਦੇ ਦਿੱਤੇ ਨਿਰਦੇਸ਼

Tuesday, Jan 25, 2022 - 11:44 AM (IST)

ਹੂਤੀ ਬਾਗੀਆਂ ਨੇ ਵਿਦੇਸ਼ੀ ਕੰਪਨੀਆਂ ਅਤੇ ਨਿਵੇਸ਼ਕਾਂ ਨੂੰ ਯੂਏਈ ਛੱਡਣ ਦੇ ਦਿੱਤੇ ਨਿਰਦੇਸ਼

ਦੁਬਈ (ਭਾਸ਼ਾ)- ਯਮਨ ਦੇ ਹੂਤੀ ਬਾਗੀਆਂ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਰਾਜਧਾਨੀ ਆਬੂ ਧਾਬੀ ਵਿੱਚ ਮਿਜ਼ਾਈਲਾਂ ਦਾਗੇ ਜਾਣ ਦੀ ਜ਼ਿੰਮੇਵਾਰੀ ਲੈਂਦੇ ਹੋਏ ਵਿਦੇਸ਼ੀ ਕੰਪਨੀਆਂ ਅਤੇ ਨਿਵੇਸ਼ਕਾਂ ਨੂੰ ਯੂਏਈ ਛੱਡਣ ਲਈ ਕਿਹਾ ਹੈ। ਸੰਯੁਕਤ ਅਰਬ ਅਮੀਰਾਤ ਅਤੇ ਯੂਐਸ ਬਲਾਂ ਨੇ ਸੋਮਵਾਰ ਸਵੇਰੇ ਹੂਤੀ ਬਾਗੀ ਸਮੂਹ ਦੁਆਰਾ ਦਾਗੀਆਂ ਦੋ ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕਿਆ ਅਤੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ। ਇਹ ਆਬੂ ਧਾਬੀ ਨੂੰ ਨਿਸ਼ਾਨਾ ਬਣਾ ਕੇ ਇੱਕ ਹਫ਼ਤੇ ਵਿੱਚ ਇਹ ਦੂਜਾ ਅਜਿਹਾ ਹਮਲਾ ਸੀ। ਸੋਮਵਾਰ ਦੇ ਹਮਲੇ ਤੋਂ ਬਾਅਦ ਯੂਏਈ ਦੇ ਲੜਾਕੂ ਜਹਾਜ਼ਾਂ ਨੇ ਉਸ ਲਾਂਚਰ ਨੂੰ ਵੀ ਨਸ਼ਟ ਕਰ ਦਿੱਤਾ, ਜਿੱਥੋਂ ਇਹ ਮਿਜ਼ਾਈਲਾਂ ਦਾਗੀਆਂ ਗਈਆਂ ਸਨ। 

ਇਸ ਹਮਲੇ ਨਾਲ ਫ਼ਾਰਸ ਦੀ ਖਾੜੀ ਵਿੱਚ ਤਣਾਅ ਵੱਧ ਗਿਆ ਹੈ। ਇਸ ਤਰ੍ਹਾਂ ਦੇ ਹਮਲੇ ਯੂਏਈ ਦੇ ਆਲੇ-ਦੁਆਲੇ ਹੁੰਦੇ ਰਹਿੰਦੇ ਸਨ ਪਰ ਦੇਸ਼ ਵਿੱਚ ਕਦੇ ਨਹੀਂ ਹੋਏ। ਇਹ ਹਮਲਾ ਯਮਨ ਵਿੱਚ ਸਾਲਾਂ ਦੀ ਲੜਾਈ ਅਤੇ ਵਿਸ਼ਵ ਸ਼ਕਤੀਆਂ ਨਾਲ ਈਰਾਨ ਦੇ ਪ੍ਰਮਾਣੂ ਸਮਝੌਤੇ ਦੀ ਅਸਫਲਤਾ ਤੋਂ ਬਾਅਦ ਹੋਇਆ ਹੈ। ਰਾਜਧਾਨੀ ਆਬੂ ਧਾਬੀ ਦੇ ਅਲ-ਜ਼ਾਫਰਾ ਏਅਰਫੋਰਸ ਸਟੇਸ਼ਨ 'ਤੇ 2 ਹਜ਼ਾਰ ਅਮਰੀਕੀ ਸੈਨਿਕਾਂ ਨੂੰ ਹਮਲੇ ਦੌਰਾਨ ਬੰਕਰਾਂ 'ਚ ਪਨਾਹ ਲੈਣੀ ਪਈ ਅਤੇ ਪੈਟ੍ਰਿਅਟ ਮਿਜ਼ਾਈਲਾਂ ਦਾਗੀਆਂ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਿੱਚ ਸੋਮਵਾਰ ਤੜਕੇ ਆਬੂ ਧਾਬੀ ਦੇ ਅਸਮਾਨ ਵਿੱਚ ਬਿਜਲੀ ਚਮਕਣ ਅਤੇ ਧਮਾਕੇ ਦੀ ਆਵਾਜ਼ ਦਿਖਾਈ ਦਿੱਤੀ। ਦਰਅਸਲ, ਇਹ ਬੈਲਿਸਟਿਕ ਮਿਜ਼ਾਈਲਾਂ ਨੂੰ ਅੱਧ ਵਿਚਕਾਰ ਨਸ਼ਟ ਕਰਨ ਵਾਲੀਆਂ ਇੰਟਰਸੈਪਟਰ ਮਿਜ਼ਾਈਲਾਂ ਦੀ ਆਵਾਜ਼ ਸੀ। 

ਪੜ੍ਹੋ ਇਹ ਅਹਿਮ ਖ਼ਬਰ - ਜਦੋਂ ਪੱਤਰਕਾਰ ਦੇ ਸਵਾਲ 'ਤੇ ਗੁੱਸੇ 'ਚ ਆਏ ਬਾਈਡੇਨ ਨੇ ਬੋਲੇ 'ਇਤਰਾਜ਼ਯੋਗ ਸ਼ਬਦ' (ਵੀਡੀਓ)

ਯਮਨ ਵਿੱਚ ਹੂਤੀ ਫ਼ੌਜ ਦੇ ਬੁਲਾਰੇ ਯਾਹੀਆ ਸਰਾਏ ਨੇ ਇੱਕ ਟੈਲੀਵਿਜ਼ਨ ਬਿਆਨ ਵਿੱਚ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਬਾਗੀਆਂ ਨੇ ਜ਼ੁਲਫਿਕਾਰ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨ ਦਾਗੇ, ਜਿਸ ਵਿੱਚ ਏਅਰ ਬੇਸ ਵੀ ਸ਼ਾਮਲ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਯਮਨ ਦੇ ਲੋਕਾਂ 'ਤੇ ਹਮਲੇ ਜਾਰੀ ਰਹਿਣਗੇ, ਉਦੋਂ ਤੱਕ ਯੂਏਈ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਸਰਾਏ ਨੇ ਕਿਹਾ ਕਿ ਅਸੀਂ ਵਿਦੇਸ਼ੀ ਕੰਪਨੀਆਂ ਅਤੇ ਨਿਵੇਸ਼ਕਾਂ ਨੂੰ ਯੂਏਈ ਛੱਡਣ ਦੀ ਚਿਤਾਵਨੀ ਦੇ ਰਹੇ ਹਾਂ। ਇਹ ਇੱਕ ਅਸੁਰੱਖਿਅਤ ਦੇਸ਼ ਬਣ ਗਿਆ ਹੈ। ਸਰਕਾਰੀ ਸਮਾਚਾਰ ਏਜੰਸੀ 'ਡਬਲਯੂਏਐਮ' ਦੀ ਰਿਪੋਰਟ ਮੁਤਾਬਕ ਯੂਏਈ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਯੂਏਈ ਕਿਸੇ ਵੀ ਤਰ੍ਹਾਂ ਦੇ ਖਤਰੇ ਨਾਲ ਨਜਿੱਠਣ ਲਈ ਤਿਆਰ ਹੈ ਅਤੇ ਦੇਸ਼ ਨੂੰ ਹਰ ਤਰ੍ਹਾਂ ਦੇ ਹਮਲਿਆਂ ਤੋਂ ਬਚਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਗਏ ਹਨ। 

ਯੂਐਸ ਸੈਂਟਰਲ ਕਮਾਂਡ ਦੇ ਬੁਲਾਰੇ ਅਤੇ ਨੇਵੀ ਕੈਪਟਨ ਬਿਲ ਅਰਬਨ ਨੇ ਇੱਕ ਬਿਆਨ ਵਿੱਚ ਸਵੀਕਾਰ ਕੀਤਾ ਕਿ ਯੂਐਸ ਪੈਟ੍ਰੋਅਟ ਮਿਜ਼ਾਈਲਾਂ ਨੇ ਹੂਤੀ ਮਿਜ਼ਾਈਲਾਂ ਨੂੰ ਆਬੂ ਧਾਬੀ 'ਤੇ ਹਮਲਾ ਕਰਨ ਤੋਂ ਰੋਕਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓਜ਼ ਦਿਖਾਉਂਦੇ ਹਨ ਕਿ ਮਿਜ਼ਾਈਲਾਂ ਨੂੰ ਏਅਰ ਫੋਰਸ ਸਟੇਸ਼ਨ ਤੋਂ ਦਾਗਿਆ ਗਿਆ ਸੀ। ਉਹਨਾਂ ਨੇ ਕਿਹਾ ਕਿ "ਸਾਂਝੇ ਯਤਨਾਂ ਨਾਲ, ਦੋਵੇਂ ਮਿਜ਼ਾਈਲਾਂ ਨੂੰ ਕੇਂਦਰ ਨੂੰ ਪ੍ਰਭਾਵਿਤ ਕਰਨ ਤੋਂ ਰੋਕਿਆ ਗਿਆ। ਮਿਜ਼ਾਈਲ ਹਮਲੇ ਕਾਰਨ ਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਵਾਈ ਆਵਾਜਾਈ ਕਰੀਬ ਇਕ ਘੰਟੇ ਤੱਕ ਪ੍ਰਭਾਵਿਤ ਰਹੀ। ਹਮਲੇ ਤੋਂ ਬਾਅਦ ਦੁਬਈ ਦਾ ਆਰਥਿਕ ਬਾਜ਼ਾਰ ਕਰੀਬ ਦੋ ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ। 

ਪੜ੍ਹੋ ਇਹ ਅਹਿਮ ਖ਼ਬਰ- ਵਿਰੋਧੀ ਸੁਰ ਚੁੱਕਣ ’ਤੇ ਔਰਤਾਂ ਨੂੰ ਘਰੋਂ ਚੁੱਕ ਲੈਂਦੇ ਹਨ ਤਾਲਿਬਾਨੀ ਲੜਾਕੇ

ਆਬੂ ਧਾਬੀ ਸਕਿਓਰਿਟੀਜ਼ ਐਕਸਚੇਂਜ ਵਿੱਚ ਵੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਆਬੂ ਧਾਬੀ ਵਿੱਚ ਅਮਰੀਕੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਨੂੰ ਇੱਕ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੁਰੱਖਿਆ ਨੂੰ ਲੈ ਕੇ ਬਹੁਤ ਚੌਕਸ ਰਹਿਣ ਦੀ ਲੋੜ ਹੈ। ਵ੍ਹਾਈਟ ਹਾਊਸ ਮੁਤਾਬਕ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਸੋਮਵਾਰ ਨੂੰ ਯੂਏਈ ਅਤੇ ਸਾਊਦੀ ਅਰਬ ਦੇ ਰਾਜਦੂਤਾਂ ਨਾਲ ਮੁਲਾਕਾਤ ਕੀਤੀ ਅਤੇ ਹੂਤੀਆਂ ਦੇ ਹਾਲ ਹੀ ਦੇ ਹਮਲਿਆਂ 'ਤੇ ਚਰਚਾ ਕੀਤੀ। ਸੰਯੁਕਤ ਅਰਬ ਅਮੀਰਾਤ ਦੇ ਰੱਖਿਆ ਮੰਤਰਾਲੇ ਨੇ ਟਵਿੱਟਰ 'ਤੇ ਇਕ ਵੀਡੀਓ ਵੀ ਸਾਂਝਾ ਕੀਤਾ ਹੈ ਜਿਸ ਵਿਚ ਇਕ ਐੱਫ-16 ਲੜਾਕੂ ਜਹਾਜ਼ ਯਮਨ ਆਧਾਰਿਤ ਬੈਲਿਸਟਿਕ ਮਿਜ਼ਾਈਲ ਲਾਂਚਰ ਨੂੰ ਨਸ਼ਟ ਕਰਦਾ ਦਿਖਾਈ ਦੇ ਰਿਹਾ ਹੈ। 

ਯਮਨ ਵਿੱਚ ਸਾਊਦੀ ਅਰਬ ਦੀ ਅਗਵਾਈ ਵਾਲਾ ਗਠਜੋੜ ਹੂਤੀਆਂ ਨਾਲ ਲੜ ਰਿਹਾ ਹੈ। ਹਾਲਾਂਕਿ ਸੰਯੁਕਤ ਅਰਬ ਅਮੀਰਾਤ ਨੇ ਯਮਨ ਤੋਂ ਆਪਣੀਆਂ ਬਹੁਤੀਆਂ ਫ਼ੌਜਾਂ ਵਾਪਸ ਲੈ ਲਈਆਂ ਹਨ ਪਰ ਉਹ ਸਾਊਦੀ ਮਿਲੀਸ਼ੀਆ ਦਾ ਸਮਰਥਨ ਕਰਨਾ ਜਾਰੀ ਰੱਖਦਾ ਹੈ। ਆਬੂ ਧਾਬੀ ਵਿੱਚ ਮੁਸਾਫਾ ਆਈਸੀਏਡੀ-3 ਖੇਤਰ ਅਤੇ ਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਇੱਕ ਨਵੇਂ ਬਣੇ ਖੇਤਰ ਨੂੰ ਵੀ 17 ਜਨਵਰੀ ਦੀ ਸਵੇਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਸ ਹਮਲੇ ਦੀ ਲਪੇਟ ਵਿਚ ਤਿੰਨ ਪੈਟਰੋਲੀਅਮ ਟੈਂਕਰ ਆ ਗਏ ਅਤੇ ਜਿਸ ਵਿਚ ਦੋ ਭਾਰਤੀ ਅਤੇ ਇਕ ਪਾਕਿਸਤਾਨੀ ਨਾਗਰਿਕ ਮਾਰੇ ਗਏ ਅਤੇ ਛੇ ਹੋਰ ਜ਼ਖਮੀ ਹੋ ਗਏ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News