ਹਿਊਸਟਨ : ਹਸਪਤਾਲ ਸਟਾਫ਼ ਨੂੰ ਕੋਰੋਨਾ ਟੀਕਾ ਲਗਵਾਉਣ ਬਦਲੇ ਮਿਲਣਗੇ ਡਾਲਰ

Wednesday, Jan 06, 2021 - 10:08 AM (IST)

ਹਿਊਸਟਨ : ਹਸਪਤਾਲ ਸਟਾਫ਼ ਨੂੰ ਕੋਰੋਨਾ ਟੀਕਾ ਲਗਵਾਉਣ ਬਦਲੇ ਮਿਲਣਗੇ ਡਾਲਰ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਦੇਸ਼ ਵਿਚ ਕੋਰੋਨਾ ਟੀਕਾਕਰਨ ਦੇ ਚੱਲਦਿਆਂ ਕਈ ਹਸਪਤਾਲਾਂ ਦੇ ਕਰਮਚਾਰੀ ਟੀਕਾ ਲਗਵਾਉਣ ਤੋਂ ਇਨਕਾਰ ਕਰ ਰਹੇ ਹਨ। ਕਰਮਚਾਰੀਆਂ ਵਿਚ ਟੀਕੇ ਪ੍ਰਤੀ ਉਤਸ਼ਾਹ ਪੈਦਾ ਕਰਨ ਅਤੇ ਉਨ੍ਹਾਂ ਦਾ ਧੰਨਵਾਦ ਕਰਨ ਲਈ ਹਿਊਸਟਨ ਦਾ ਮੈਥੋਡਿਸਟ ਹਸਪਤਾਲ ਕਾਮਿਆਂ ਨੂੰ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕਰ ਰਿਹਾ ਹੈ। 

ਇਸ ਹਸਪਤਾਲ ਦੇ ਤਕਰੀਬਨ 26,000 ਕਰਮਚਾਰੀ ਮਾਰਚ ਤੱਕ ਵਾਧੂ ਨਕਦੀ ਪ੍ਰਾਪਤ ਕਰ ਸਕਦੇ ਹਨ । ਹਸਪਤਾਲ ਦੇ ਸੀ. ਈ. ਓ. ਡਾ. ਮਾਰਕ ਬਲੂਮ ਨੇ ਪਿਛਲੇ ਹਫ਼ਤੇ ਇੱਕ ਈਮੇਲ ਰਾਹੀਂ ਕਰਮਚਾਰੀਆਂ ਨੂੰ ਕਿਹਾ ਕਿ ਉਹ 2020 ਦੀ ਕੋਰੋਨਾ ਮਹਾਮਾਰੀ ਦੌਰਾਨ ਨਿਭਾਈਆਂ ਸੇਵਾਵਾਂ ਦੇ ਧੰਨਵਾਦ ਵਜੋਂ 500 ਡਾਲਰ ਦਾ ਬੋਨਸ ਪ੍ਰਾਪਤ ਕਰ ਸਕਦੇ ਹਨ ਪਰ ਇਸ ਰਾਸ਼ੀ ਨੂੰ ਪ੍ਰਾਪਤ ਕਰਨ ਦੇ ਮਾਪਦੰਡਾਂ ਵਿਚ ਇਕ ਕੋਰੋਨਾ ਟੀਕਾ ਲਗਵਾਉਣਾ ਸ਼ਾਮਲ ਹੈ।

ਇਸ ਤੋਂ ਲਗਭਗ ਛੇ ਹਫ਼ਤੇ ਪਹਿਲਾਂ ਵੀ ਹਸਪਤਾਲ ਨੇ ਕਰਮਚਾਰੀਆਂ ਨੂੰ ਮਹਾਮਾਰੀ ਦੌਰਾਨ ਕੀਤੇ ਕੰਮ ਲਈ 500 ਡਾਲਰ ਦਾ ਬੋਨਸ ਵੀ ਦਿੱਤਾ ਸੀ। ਕੋਰੋਨਾ ਟੀਕਾਕਰਨ ਸੰਬੰਧੀ ਪਿਯੂ ਰਿਸਰਚ ਸੈਂਟਰ ਅਨੁਸਾਰ ਅਫਰੀਕੀ-ਅਮਰੀਕੀ ਲੋਕ ਟੀਕਾ ਲਗਵਾਉਣ ਤੋਂ ਜ਼ਿਆਦਾ ਝਿਜਕ ਮਹਿਸੂਸ ਕਰਦੇ ਹਨ। ਇਸ ਰਿਸਰਚ ਨੇ ਹਾਲ ਹੀ ਵਿਚ ਪਾਇਆ ਹੈ ਕਿ ਅੱਧ ਤੋਂ ਵੀ ਘੱਟ ਅਫਰੀਕੀ ਮੂਲ ਦੇ ਬਾਲਗ ਅਤੇ 60 ਫ਼ੀਸਦੀ ਹੋਰ ਅਮਰੀਕੀ ਟੀਕਾ ਲਗਵਾਉਣ ਦੇ ਇਛੁੱਕ ਹਨ। 


author

Lalita Mam

Content Editor

Related News