ਟਰੰਪ ਖਿਲਾਫ ਮਹਾਦੋਸ਼ 'ਤੇ ਵੋਟਿੰਗ ਕਰਨ ਲਈ ਹਾਊਸ ਨੇ ਦਿੱਤਾ ਰਸਮੀ ਰੂਪ
Friday, Nov 01, 2019 - 01:34 AM (IST)

ਅਮਰੀਕਾ ਦੇ ਹਾਊਸ ਆਫ ਰਿਪ੍ਰਜ਼ੈਂਟੇਟਿਵਸ (ਪ੍ਰਤੀਨਿਧੀ ਸਭਾ) ਨੇ ਇਤਿਹਾਸਕ ਵੋਟਿੰਗ ਦੇ ਰਾਹੀਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਮਹਾਦੋਸ਼ ਦੀ ਪ੍ਰਕਿਰਿਆ ਨੂੰ ਰਸਮੀ ਰੂਪ ਨਾਲ ਸ਼ੁਰੂ ਕਰ ਦਿੱਤਾ ਹੈ। ਅਖਬਾਰ ਏਜੰਸੀ ਏ. ਐੱਫ. ਪੀ. ਮੁਤਾਬਕ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੇ ਰਾਸ਼ਟਰਪਤੀ ਟਰੰਪ ਦੀ ਮੁਸੀਬਤ ਨੂੰ ਵਧਾਉਂਦੇ ਹੋਏ ਉਨ੍ਹਾਂ ਖਿਲਾਫ ਮਹਾਦੋਸ਼ ਦੀ ਪ੍ਰਕਿਰਿਆ 'ਤੇ ਵੋਟਿੰਗ ਕਰਵਾਉਣ ਲਈ ਰਸਮੀ ਰੂਪ ਦੇ ਦਿੱਤਾ ਹੈ। ਇਸ ਪ੍ਰਕਿਰਿਆ ਨੂੰ 196 ਦੇ ਮੁਕਾਬਲੇ 232 ਵੋਟਾਂ ਰਾਹੀਂ ਮਨਜ਼ੂਰੀ ਦਿੱਤੀ ਗਈ ਹੈ। ਇਸ ਪ੍ਰਕਿਰਿਆ ਨਾਲ ਟਰੰਪ ਦੇ ਵਕੀਲਾਂ ਨੂੰ ਗਵਾਹਾਂ ਤੋਂ ਜ਼ਿਰਹ ਕਰਨ ਦਾ ਮੌਕਾ ਵੀ ਮਿਲੇਗਾ। ਇਸ ਬਾਰੇ ਸਦਨ ਦੀ ਸਪੀਕਰ ਨੈਨਸੀ ਪਲੋਸੀ ਨੇ ਰਸਮੀ ਐਲਾਨ ਵੀ ਕੀਤਾ ਹੈ। ਮਹਾਦੋਸ਼ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਦਿਆਂ ਲਿੱਖਿਆ ਕਿ ਮਹਾਦੋਸ਼ ਦੇ ਕਾਰਣ ਸਾਡੀ ਸਟਾਕ ਮਾਰਕੀਟ ਨੂੰ ਨੁਕਸਾਨ ਪੁੱਜ ਰਿਹਾ ਹੈ। ਡੈਮੋਕ੍ਰੇਟਸ ਨੂੰ ਇਸ ਦੀ ਬਿਲਕੁਲ ਵੀ ਪਰਵਾਹ ਨਹੀਂ ਹੈ। ਅਮਰੀਕੀ ਇਤਿਹਾਸ ਵਿਚ ਸਭ ਤੋਂ ਵੱਡੀ ਬਦਲੇ ਦੀ ਕਾਰਵਾਈ। ਇਥੇ ਦੱਸ ਦਈਏ ਕਿ ਟਰੰਪ 'ਤੇ ਆਪਣੇ ਵਿਰੋਧੀ ਜੋਅ ਬਾਇਡੇਨ ਅਤੇ ਉਨ੍ਹਾਂ ਦੇ ਪੁੱਤਰ ਖਿਲਾਫ ਯੂਕ੍ਰੇਨੀ ਗੈਸ ਕੰਪਨੀ ਬੁਰਿਸ਼ਮਾ 'ਚ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਲਈ ਯੂਕ੍ਰੇਨ 'ਤੇ ਦਬਾਅ ਪਾਉਣ ਅਤੇ ਅਜਿਹਾ ਨਾ ਕਰਨ ਉਤੇ ਫੌਜੀ ਮਦਦ ਰੋਕ ਦੇਣ ਦਾ ਦੋਸ਼ ਹੈ। ਹਾਲਾਂਕਿ ਟਰੰਪ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦੇ ਰਹੇ ਹਨ।