ਹੋਟਲ ਮਾਮਲਾ: ਟਰੰਪ ''ਤੇ ਗੈਰ-ਕਾਨੂੰਨੀ ਵਿਦੇਸ਼ੀ ਭੁਗਤਾਨ ਲੈਣ ਦਾ ਦੋਸ਼
Tuesday, Jun 12, 2018 - 10:30 AM (IST)

ਵਾਸ਼ਿੰਗਟਨ— ਵਾਸ਼ਿੰਗਟਨ ਅਤੇ ਮੈਰੀਲੈਂਡ ਦੇ ਵਕੀਲਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਰਾਜਧਾਨੀ ਵਾਸ਼ਿੰਗਟਨ ਵਿਚ ਸਥਿਤ ਆਪਣੇ ਇਕ ਹੋਟਲ ਜ਼ਰੀਏ ਵਿਦੇਸ਼ੀ ਅਧਿਕਾਰੀਆਂ ਤੋਂ ਗੈਰ-ਕਾਨੂੰਨੀ ਰੂਪ ਨਾਲ ਭੁਗਤਾਨ ਲੈਣ ਦੇ ਦੋਸ਼ ਲਗਾਏ ਹਨ। ਉਥੇ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਵਕੀਲ ਨੇ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਭੁਗਤਾਨ ਉਦੋਂ ਤੱਕ ਕਾਨੂੰਨੀ ਹਨ ਜਦੋਂ ਤੱਕ ਟਰੰਪ ਇਸ ਭੁਗਤਾਨ ਦੇ ਬਦਲੇ ਵਿਚ ਵਾਪਸ ਕੁੱਝ ਨਹੀਂ ਦਿੰਦੇ ਹਨ। ਇਸ ਵਿਰੋਧ 'ਤੇ ਸੁਣਵਾਈ ਮੈਰੀਲੈਂਡ ਦੀ ਅਦਾਲਤ ਵਿਚ ਚੱਲ ਰਹੀ ਹੈ ਅਤੇ ਇਹ ਮਾਮਲਾ ਅਮਰੀਕੀ ਸੰਵਿਧਾਨ ਦੇ 'ਮਿਹਨਤਾਨੇ ਵਿਭਾਗ' ਨਾਲ ਜੁੜਿਆ ਹੋਇਆ ਹੈ।
ਇਹ ਵਿਭਾਗ ਕਿਸੇ ਵੀ ਸਰਕਾਰੀ ਅਧਿਕਾਰੀ ਨੂੰ ਸੰਸਦ ਦੀ ਆਗਿਆ ਬਿਨਾਂ ਕਿਸੇ ਵੀ ਰਾਜਾ, ਰਾਜਕੁਮਾਰ ਜਾਂ ਕਿਸੇ ਵੀ ਹੋਰ ਦੇਸ਼ ਤੋਂ ਕੋਈ ਵੀ 'ਤੋਹਫਾ', 'ਮਿਹਨਤਾਨਾ', 'ਅਹੁਦਾ' ਜਾਂ ਕੋਈ ਵੀ ਹੋਰ ਚੀਜ਼ ਲੈਣ 'ਤੇ ਪਾਬੰਦੀ ਲਗਾਉਂਦਾ ਹੈ। ਉਥੇ ਹੀ ਵਕੀਲਾਂ ਦਾ ਕਹਿਣਾ ਹੈ ਕਿ ਟਰੰਪ ਹਿੱਤਾਂ ਦੇ ਟਕਰਾਅ ਦੇ ਦੋਸ਼ੀ ਹਨ ਅਤੇ ਉਨ੍ਹਾਂ ਨੇ ਆਪਣੇ ਕਾਰੋਬਾਰ ਤੋਂ ਉਚਿਤ ਦੂਰੀ ਨਹੀਂ ਬਣਾਈ ਹੈ। ਟਰੰਪ ਨੇ ਜਨਵਰੀ 2017 ਵਿਚ ਰਾਸ਼ਟਰਪਤੀ ਬਣਨ ਤੋਂ ਬਾਅਦ ਆਪਣੇ ਰਿਅਲ ਅਸਟੇਟ ਕਾਰੋਬਾਰ ਨੂੰ ਆਪਣੇ 2 ਬੇਟਿਆਂ ਨੂੰ ਸੌਂਪ ਦਿੱਤਾ ਸੀ ਪਰ ਟਰੰਪ ਆਰਗੇਨਾਈਜੇਸ਼ਨ ਦੇ ਸ਼ੇਅਰ ਹੁਣ ਵੀ ਟਰੰਪ ਦੇ ਕੋਲ ਹੀ ਹਨ। ਵਾਸ਼ਿੰਗਟਨ ਦੇ ਅਟਾਰਨੀ ਜਨਰਲ ਕਾਰਲ ਰਾਸੀਨ ਅਤੇ ਮੈਰੀਲੈਂਡ ਦੇ ਅਟਾਰਨੀ ਜਨਰਲ ਬ੍ਰਾਇਨ ਫਰੋਸ਼ ਦਾ ਕਹਿਣਾ ਹੈ ਕਿ ਇਸ ਦੇ ਨਤੀਜੇ ਇਹ ਦੇਖਣ ਨੂੰ ਮਿਲਿਆ ਹੈ ਕਿ ਵਿਦੇਸ਼ ਤੋਂ ਆਏ ਹੋਏ ਮਹੱਤਵਪੂਰਨ ਵਿਅਕਤੀ ਜੋ ਵ੍ਹਾਈਟ ਹਾਊਸ ਤੋਂ ਲਾਭ ਲੈਣਾ ਚਾਹੁੰਦੇ ਹਨ, ਉਹ ਟਰੰਪ ਇੰਟਰਨੈਸ਼ਨਲ ਹੋਟਲ ਵਿਚ ਹੀ ਰੁੱਕਣਾ ਪਸੰਦ ਕਰਦੇ ਹਨ।