ਅਮਰੀਕਾ : ਫਰਿਜ਼ਨੋ ’ਚ ਬਿਨਾਂ ਵੈਕਸੀਨ ਲੱਗੇ ਕੋਰੋਨਾ ਮਰੀਜ਼ਾਂ ਨਾਲ ਭਰ ਰਹੇ ਹਸਪਤਾਲ
Tuesday, Aug 17, 2021 - 09:17 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ਦੀ ਕਾਉਂਟੀ ਫਰਿਜ਼ਨੋ ’ਚ ਕੋਰੋਨਾ ਵਾਇਰਸ ਕਾਰਨ ਹਸਪਤਾਲ ’ਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਫਰਿਜ਼ਨੋ ਦੇ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਕੋਵਿਡ-19 ਦੇ 316 ਮਰੀਜ਼ਾਂ ਨੂੰ ਐਤਵਾਰ ਤੱਕ ਫਰਿਜ਼ਨੋ ਕਾਉਂਟੀ ਦੇ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ’ਚ ਇੱਕ ਹਫਤੇ ਪਹਿਲਾਂ ਦੇ ਮੁਕਾਬਲੇ 48 ਫੀਸਦੀ ਵਾਧਾ ਹੋਇਆ ਹੈ। ਇਨ੍ਹਾਂ ’ਚੋਂ 70 ਕੋਰੋਨਾ ਮਰੀਜ਼ ਫਰਿਜ਼ਨੋ ਦੇ ਸੇਂਟ ਐਗਨੇਸ ਮੈਡੀਕਲ ਸੈਂਟਰ ’ਚ ਦਾਖਲ ਹੋਏ।
ਇਸ ਸਬੰਧੀ ਸੇਂਟ ਐਗਨੇਸ ਮੈਡੀਕਲ ਸੈਂਟਰ ਦੇ ਮੁੱਖ ਨਰਸਿੰਗ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਦਾਖਲ ਹੋ ਰਹੇ ਕੋਰੋਨਾ ਮਰੀਜ਼ਾਂ ’ਚ ਜ਼ਿਆਦਾਤਰ ਗਿਣਤੀ ਨੌਜਵਾਨਾਂ ਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਮਰੀਜ਼ਾਂ ’ਚੋਂ ਜ਼ਿਆਦਾਤਰ ਬਿਨਾਂ ਵੈਕਸੀਨ ਲੱਗੇ ਹਨ। ਹੈਲਥ ਵਿਭਾਗ ਅਨੁਸਾਰ ਸੈਂਟਰਲ ਵੈਲੀ ’ਚ ਕੋਰੋਨਾ ਵੈਕਸੀਨ ਦੀਆਂ ਦਰਾਂ ਕੈਲੀਫੋਰਨੀਆ ਦੇ ਹੋਰ ਬਹੁਤ ਸਾਰੇ ਖੇਤਰਾਂ ਤੋਂ ਪਿੱਛੇ ਰਹਿ ਰਹੀਆਂ ਹਨ। ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਫਰਿਜ਼ਨੋ ’ਚ ਕੋਵਿਡ-19 ਟੈਸਟਿੰਗ ਦੀ ਮੰਗ ਵੀ ਵਧ ਰਹੀ ਹੈ।