ਕੋਰੋਨਾ ਦੀ ਦਹਿਸ਼ਤ ਵਿਚਕਾਰ ਨਿਊਯਾਰਕ ਦੇ ਹਸਪਤਾਲ ''ਚ 200 ਬੱਚਿਆਂ ਦੀਆਂ ਗੂੰਜੀਆਂ ਕਿਲਕਾਰੀਆਂ

04/15/2020 12:05:43 PM

ਨਿਊਯਾਰਕ- ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਹਸਪਤਾਲਾਂ ਵਿਚ ਰੋਜ਼ਾਨਾ ਲਾਸ਼ਾਂ ਦੇ ਢੇਰ ਲੱਗ ਰਹੇ ਹਨ। ਅਜਿਹੇ ਵਿਚ ਲੋਕਾਂ ਦੀਆਂ ਅੱਖਾਂ ਵਿਚ ਹੰਝੂ ਹਨ ਤੇ ਦਿਲਾਂ ਵਿਚ ਆਪਣਿਆਂ ਤੋਂ ਵਿਛੜਨ ਦਾ ਦੁੱਖ। ਨਿਊਯਾਰਕ ਦਾ ਹਸਪਤਾਲ ਬਰੁਕਲਿਨ ਕਈ ਕੋਰੋਨਾ ਪੀੜਤਾਂ ਦਾ ਇਲਾਜ ਕਰ ਰਿਹਾ ਹੈ ਪਰ ਇਸ ਦੇ ਨਾਲ ਹੀ ਇੱਥੇ 200 ਬੱਚਿਆਂ ਦੀਆਂ ਕਿਲਕਾਰੀਆਂ ਗੂੰਜ ਰਹੀਆਂ ਹਨ। ਇਸ ਹਸਪਤਾਲ ਵਿਚ ਹਰ ਸਾਲ ਲਗਭਗ 2,600 ਬੱਚੇ ਜਨਮ ਲੈਂਦੇ ਹਨ ਤੇ ਮਾਰਚ ਤੋਂ ਹੁਣ ਤਕ 200 ਬੱਚੇ ਜੰਮੇ ਹਨ। ਰਾਹਤ ਦੀ ਗੱਲ ਹੈ ਕਿ ਇਹ ਸਾਰੇ ਬੱਚੇ ਤੇ ਉਨ੍ਹਾਂ ਦੀਆਂ ਮਾਵਾਂ ਤੰਦਰੁਸਤ ਹਨ ਤੇ ਇਨ੍ਹਾਂ 'ਚੋਂ ਕਿਸੇ ਦੀ ਮੌਤ ਦੀ ਖਬਰ ਨਹੀਂ ਹੈ। 

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਸੂਬੇ ਨਿਊਯਾਰਕ ਵਿਚ 10 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਹਰ 100 ਵਿਚੋਂ 1 ਵਿਅਕਤੀ ਇਸ ਬੀਮਾਰੀ ਦੀ ਲਪੇਟ ਵਿਚ ਹੈ। ਬਰੁਕਿਲਨ ਹਸਪਤਾਲ ਸੈਂਟਰ ਵਿਚ ਹੀ ਪਿਛਲੇ ਇਕ ਹਫਤੇ ਵਿਚ 30 ਮੌਤਾਂ ਹੋਈਆਂ ਜਦਕਿ ਇਕ ਮਾਰਚ ਤੋਂ ਹੁਣ ਤਕ 90 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਵਿਚ ਹਸਪਤਾਲ ਦੇ 5 ਕਰਮਚਾਰੀ ਵੀ ਸ਼ਾਮਲ ਸਨ। ਇਨ੍ਹਾਂ ਹਾਲਾਤਾਂ ਵਿਚ ਵੀ ਡਾਕਟਰਾਂ ਤੇ ਨਰਸਾਂ ਨੇ ਹਾਰ ਨਹੀਂ ਮੰਨੀ। ਮੈਟਰਨਿਟੀ ਵਾਰਡ ਵਿਚ ਤਾਇਨਾਤ ਸਿਹਤ ਕਰਮਚਾਰੀ ਦਿਨ-ਰਾਤ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਵਿਚ ਲੱਗੇ ਹਨ। 

ਕੋਰੋਨਾ ਪੀੜਤ ਗਰਭਵਤੀ ਔਰਤ ਤੇ ਬੱਚੇ ਦੀ ਬਚਾਈ ਜਾਨ
ਦੋ ਹਫਤੇ ਪਹਿਲਾਂ ਇੱਥੇ ਇਕ 31 ਸਾਲਾ ਗਰਭਵਤੀ ਔਰਤ ਐਂਡਰਸਨ ਕੋਰੋਨਾ ਨਾਲ ਪੀੜਤ ਪਾਈ ਗਈ। ਪਤਾ ਲੱਗਾ ਕਿ ਉਸ ਦੇ ਫੇਫੜੇ ਬੇਕਾਰ ਹੋ ਚੁੱਕੇ ਹਨ। ਉਹ 7 ਮਹੀਨਿਆਂ ਦੀ ਗਰਭਵਤੀ ਸੀ। ਡਾਕਟਰਾਂ ਨੇ ਉਸ ਦਾ ਆਪਰੇਸ਼ਨ ਕਰਕੇ ਉਸ ਦੀ ਅਤੇ ਉਸ ਦੇ ਬੱਚੇ ਦੀ ਜਾਨ ਬਚਾਈ। ਦੋ ਹੋਰ ਔਰਤਾਂ ਦੀ ਜਾਨ ਵੀ ਡਾਕਟਰਾਂ ਨੇ ਇਸੇ ਤਰ੍ਹਾਂ ਬਚਾਈ। 
ਇਸ ਦੌਰਾਨ ਡਾਕਟਰ ਬੀਮਾਰ ਤੱਕ ਹੋ ਗਏ ਪਰ ਉਨ੍ਹਾਂ ਨੇ ਆਪਣਾ ਫਰਜ਼ ਪੂਰੀ ਈਮਾਨਦਾਰੀ ਨਾਲ ਨਿਭਾਇਆ। ਮਹਿਲਾਵਾਂ ਦੀ ਡਾਕਟਰ ਏਰੋਲ ਬਾਇਰ ਜੂਨੀਅਰ ਨੇ ਦੱਸਿਆ ਕਿ ਇੱਥੇ 29 ਅਜਿਹੀਆਂ ਗਰਭਵਤੀ ਔਰਤਾਂ ਆਈਆਂ, ਜਿਨ੍ਹਾਂ ਨੂੰ ਜਾਂ ਤਾਂ ਕੋਰੋਨਾ ਸੀ ਤੇ ਜਾਂ ਸ਼ੱਕ ਸੀ ਕਿ ਉਹ ਕੋਰੋਨਾ ਦੀ ਲਪੇਟ ਵਿਚ ਹਨ। ਉਨ੍ਹਾਂ ਨੇ ਇਨ੍ਹਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ। ਉਨ੍ਹਾਂ ਦੱਸਿਆ ਕਿ ਇਹ ਸਭ ਹੁਣ ਠੀਕ ਹਨ ਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਸਭ ਦੀ ਜਾਨ ਬਚਾਉਣ ਵਿਚ ਸਫਲ ਰਹੇ ਹਨ। 


Lalita Mam

Content Editor

Related News