ਭਾਰਤ ’ਚ ਅਮਰੀਕਾ ਦੇ ਅਗਲੇ ਰਾਜਦੂਤ ਹੋਣਗੇ ਏਰਿਕ ਗੈਰੇਸਟੀ, ਕਿਹਾ-ਮੈਂ ਇਸ ਸਨਮਾਨ ਤੋਂ ਬੇਹੱਦ ਖ਼ੁਸ਼ ਹਾਂ
Saturday, Jul 10, 2021 - 11:45 AM (IST)
ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਭਾਰਤ ਲਈ ਦੇਸ਼ ਦਾ ਰਾਜਦੂਤ ਨਾਮਜ਼ਦ ਕੀਤੇ ਜਾਣ ’ਤੇ ਲਾਸ ਏਂਜਲਸ ਦੇ ਮੇਅਰ ਏਰਿਕ ਗੈਰੇਸਟੀ ਨੇ ਕਿਹਾ ਹੈ ਕਿ ਉਹ ਨਾਮਜ਼ਦਗੀ ਸਵੀਕਾਰ ਕਰਕੇ ਸਨਮਾਨਿਤ ਮਹਿਸੂਸ ਕਰ ਰਹੇ ਹਨ ਅਤੇ ਜਿਸ ਤਰ੍ਹਾਂ ਉਨ੍ਹਾਂ ਨੇ ਸ਼ਹਿਰ ਦੀ ਸੇਵਾ ਕੀਤੀ, ਉਹ ਉਸੇ ਜੋਸ਼, ਵਚਨਬੱਧਤਾ ਅਤੇ ਪਿਆਰ ਨਾਲ ਆਪਣੀ ਨਵੀਂ ਭੂਮਿਕਾ ਵੀ ਨਿਭਾਉਣਗੇ। ਸੈਨੇਟ ਤੋਂ ਉਨ੍ਹਾਂ ਦੇ ਨਾਮ ਦੀ ਪੁਸ਼ਟੀ ਹੋਣ ’ਤੇ ਗੈਰੇਸਟੀ (50) ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਿਚ ਭਾਰਤ ਲਈ ਅਮਰੀਕਾ ਦੇ ਰਾਜਦੂਤ ਰਹੇ ਕੈਨੇਟ ਜਸਟਰ ਦਾ ਸਥਾਨ ਲੈਣਗੇ।
US President Joe Biden has nominated Los Angeles Mayor Eric Garcetti to become US Ambassador to India: The White House pic.twitter.com/hydxiw84mU
— ANI (@ANI) July 9, 2021
ਇਸ ਹਫ਼ਤੇ ਦੇ ਸ਼ੁਰੂ ਵਿਚ ਜਸਟਰ ਨੂੰ ਵਿਦੇਸ਼ ਮਾਮਲਿਆਂ ਬਾਰੇ ਪਰਿਸ਼ਦ ਵਿਚ ਪ੍ਰਸਿੱਧ ਮੈਂਬਰ ਦੇ ਤੌਰ ’ਤੇ ਨਿਯੁਕਤ ਕੀਤਾ ਗਿਆ। ਬਾਈਡੇਨ ਪ੍ਰਸ਼ਾਸਨ ਵੱਲੋਂ ਨਾਮਜ਼ਦ ਕੀਤੇ ਜਾਣ ਦੀ ਘੋਸ਼ਣਾ ਦੇ ਬਾਅਦ ਗੈਰੇਸਟੀ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ, ‘ਅੱਜ ਰਾਸ਼ਟਰਪਤੀ ਨੇ ਭਾਰਤ ਲਈ ਅਮਰੀਕਾ ਦੇ ਰਾਜਦੂਤ ਦੇ ਤੌਰ ’ਤੇ ਸੇਵਾ ਲਈ ਮੇਰੇ ਨਾਮ ਦੀ ਘੋਸ਼ਣਾ ਕੀਤੀ। ਨਵੀਂ ਭੂਮਿਕਾ ਵਿਚ ਸੇਵਾ ਲਈ ਉਨ੍ਹਾਂ ਵੱਲੋਂ ਨਾਮਜ਼ਦਗੀ ਦੇ ਪ੍ਰਸਤਾਵ ਨੂੰ ਸਵੀਕਾਰ ਕਰਕੇ ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।’
ਗੈਰੇਸਟੀ ਦੇ ਇਲਾਵਾ ਵ੍ਹਾਈਟ ਹਾਊਸ ਨੇ ਕਈ ਹੋਰ ਰਾਜਦੂਤਾਂ ਦੀ ਨਾਮਜ਼ਦਗੀ ਦੀ ਵੀ ਘੋਸ਼ਣਾ ਕੀਤੀ। ਵ੍ਹਾਈਟ ਹਾਊਸ ਨੇ ਕਿਹਾ ਕਿ ਏਰਿਕ ਐਮ. ਗਰੈਸਟੀ 2013 ਤੋਂ ਲਾਸ ਏਂਜਲਸ ਸ਼ਹਿਰ ਦੇ ਮੇਅਰ ਰਹੇ ਹਨ। ਇਸ ਦੇ ਇਲਾਵਾ ਉਹ 12 ਸਾਲ ਨਗਰ ਪਰਿਸ਼ਦ ਦੇ ਮੈਂਬਰ ਅਤੇ ਪਰਿਸ਼ਦ ਪ੍ਰਧਾਨ ਵੀ ਰਹੇ ਹਨ। ਬਾਈਡੇਨ ਨੇ ਡੈਨਿਸ ਕੈਂਪਬੇਲ ਬਾਊਰ ਨੂੰ ਮੋਨਾਕੋ ਲਈ ਦੂਤ, ਪੀਟਰ ਡੀ ਹਾਸ ਨੂੰ ਬੰਗਲਾਦੇਸ਼ ਲਈ ਅਤੇ ਬਰਨਾਡੇਟ ਐਮ. ਮੀਹਾਨ ਨੂੰ ਚਿਲੀ ਲਈ ਡਿਪਲੋਮੈਟ ਵਜੋਂ ਨਾਮਜ਼ਦ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।