Pakistan ''ਚ ਹਿੰਦੂ ਪ੍ਰਤਿਭਾਵਾਂ ਕਰ ਰਹੀਆਂ ਨੇ ਕਮਾਲ, IPS ਤੋਂ ਲੈ ਕੇ DSP ਤੱਕ ਦੇ ਅਹੁਦੇ ਕੀਤੇ ਹਾਸਲ
Monday, Dec 16, 2024 - 05:34 AM (IST)
ਇੰਟਰਨੈਸ਼ਨਲ ਡੈਸਕ : ਰਾਜੇਂਦਰ ਮੇਘਵਾਰ ਇਕ ਨੌਜਵਾਨ ਪਾਕਿਸਤਾਨੀ ਹਿੰਦੂ ਹੈ, ਜਿਸ ਨੇ 2024 ਦੇ ਆਖਰੀ ਮਹੀਨੇ ਵਿਚ ਇਤਿਹਾਸ ਰਚ ਦਿੱਤਾ ਹੈ। ਉਹ ਪਾਕਿਸਤਾਨ ਪੁਲਸ ਸੇਵਾ (PSP, ਜਿਸ ਨੂੰ ਭਾਰਤ ਦੇ IPS ਦੇ ਬਰਾਬਰ ਮੰਨਿਆ ਜਾਂਦਾ ਹੈ) ਵਿਚ ਪਹਿਲਾ ਹਿੰਦੂ ਅਧਿਕਾਰੀ ਬਣ ਗਿਆ ਹੈ। ਕੁਝ ਦਿਨ ਪਹਿਲਾਂ ਜੀਓ ਨਿਊਜ਼ 'ਤੇ ਉਸ ਦੀ ਇੰਟਰਵਿਊ ਤੋਂ ਕਾਫੀ ਖ਼ੁਸ਼ੀ ਹੋਈ। ਉਹ ਸਿੰਧ ਸੂਬੇ ਨਾਲ ਸਬੰਧਤ ਹੈ ਅਤੇ ਉਸ ਨੂੰ ਪੰਜਾਬ ਸੂਬੇ ਦੇ ਫੈਸਲਾਬਾਦ ਸ਼ਹਿਰ ਵਿਚ ਸਹਾਇਕ ਸੁਪਰਡੈਂਟ ਆਫ਼ ਪੁਲਸ (ਏਐੱਸਪੀ) ਨਿਯੁਕਤ ਕੀਤਾ ਗਿਆ ਹੈ। ਰਾਜੇਂਦਰ ਮੇਘਵਾਰ ਇਕ ਸੈਲਫਮੇਡ ਵਿਅਕਤੀ ਹੈ, ਜਿਸ ਨੇ ਆਪਣੀ ਮਿਹਨਤ ਨਾਲ ਮੁਸਲਿਮ ਬਹੁਲ ਸਮਾਜ ਵਿਚ ਆਪਣੀ ਕਿਸਮਤ ਲਿਖੀ ਹੈ। ਉਸ ਨੇ ਆਪਣੀ ਯੋਗਤਾ ਦੇ ਆਧਾਰ ’ਤੇ ਏਐੱਸਪੀ ਦਾ ਅਹੁਦਾ ਹਾਸਲ ਕੀਤਾ ਹੈ ਅਤੇ ਕਿਸੇ ਨੇ ਵੀ ਉਸ ਨੂੰ ਇਸ ਅਹੁਦੇ ’ਤੇ ਨਿਯੁਕਤ ਕਰਕੇ ਕੋਈ ਅਹਿਸਾਨ ਨਹੀਂ ਕੀਤਾ। ਉਸ ਦੀ ਪੋਸਟਿੰਗ ਨਾ ਸਿਰਫ਼ ਪਾਕਿਸਤਾਨੀ ਹਿੰਦੂਆਂ ਲਈ ਸਗੋਂ ਉਨ੍ਹਾਂ ਪਾਕਿਸਤਾਨੀ ਮੁਸਲਮਾਨਾਂ ਲਈ ਵੀ ਚੰਗੀ ਖ਼ਬਰ ਹੈ ਜੋ ਸਿਆਸੀਕਰਨ ਕਾਰਨ ਪੁਲਸ ਤੋਂ ਆਪਣਾ ਭਰੋਸਾ ਗੁਆ ਰਹੇ ਹਨ।
ਇਹ ਵੀ ਪੜ੍ਹੋ : ਤੂਫ਼ਾਨ ਚਿਡੋ ਨੇ ਮਾਇਓਟ 'ਚ ਮਚਾਈ ਤਬਾਹੀ, 1000 ਤੋਂ ਵੱਧ ਲੋਕਾਂ ਦੀ ਮੌਤ, ਕਈ ਇਲਾਕੇ ਪੂਰੀ ਤਰ੍ਹਾਂ ਹੋਏ ਤਬਾਹ
ਰਾਜੇਂਦਰ ਮੇਘਵਾਰ ਪਾਕਿਸਤਾਨੀ ਹਿੰਦੂਆਂ ਲਈ ਇਕ ਨਵਾਂ ਰੋਲ ਮਾਡਲ ਹੈ। ਉਹ ਅਸਲ ਵਿਚ ਡਾ. ਸਨਾ ਰਾਮਚੰਦ ਗੁਲਵਾਨੀ ਦਾ ਅਨੁਸਰਨ ਕਰਦਾ ਹੈ, ਜੋ ਇਕ ਹਿੰਦੂ ਔਰਤ ਜਿਹੜੀ ਪਿਛਲੇ ਸਾਲ ਪਾਕਿਸਤਾਨ ਸਿਵਲ ਪ੍ਰਸ਼ਾਸਨ ਵਿਚ ਸ਼ਾਮਲ ਹੋਈ ਸੀ। ਡਾ. ਸਨਾ ਨੂੰ ਪੰਜਾਬ ਦੇ ਹਸਨ ਅਬਦਾਲ ਸ਼ਹਿਰ ਦਾ ਸਹਾਇਕ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਸਿੰਧ ਪ੍ਰਾਂਤ ਵਿਚ ਵੀ ਕਈ ਹਿੰਦੂ ਪੁਲਸ ਅਧਿਕਾਰੀ ਹੇਠਲੇ ਰੈਂਕ 'ਤੇ ਹਨ, ਜਿਨ੍ਹਾਂ ਵਿਚ ਪਹਿਲੀ ਮਹਿਲਾ ਹਿੰਦੂ ਡੀਐੱਸਪੀ ਮਨੀਸ਼ਾ ਰੋਪੇਟਾ ਵੀ ਸ਼ਾਮਲ ਹੈ। ਦੋ ਸਾਲ ਪਹਿਲਾਂ, ਕੈਲਾਸ਼ ਕੁਮਾਰ ਅਤੇ ਓਨਲ ਕੁਮਾਰ ਨੂੰ ਪਾਕਿਸਤਾਨੀ ਫੌਜ ਵਿਚ ਮੇਜਰ ਦੇ ਰੈਂਕ ਤੋਂ ਲੈਫਟੀਨੈਂਟ ਕਰਨਲ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਸੀ। ਪਾਕਿਸਤਾਨ ਮਿਲਟਰੀ ਅਕੈਡਮੀ ਵਿੱਚ ਹਿੰਦੂ ਕੈਡਿਟਾਂ ਦੀ ਭਰਤੀ 2005 ਵਿੱਚ ਉਦੋਂ ਸ਼ੁਰੂ ਹੋਈ ਸੀ, ਜਦੋਂ ਜਨਰਲ ਪਰਵੇਜ਼ ਮੁਸ਼ੱਰਫ਼ ਸੱਤਾ ਵਿੱਚ ਸਨ। ਇਸ ਤੋਂ ਪਹਿਲਾਂ ਹਿੰਦੂ ਸਿਰਫ਼ ਮੈਡੀਕਲ ਕੋਰ ਦਾ ਹਿੱਸਾ ਸਨ। ਹੁਣ ਬਹੁਤ ਸਾਰੇ ਹਿੰਦੂ ਪਾਕਿਸਤਾਨੀ ਫੌਜ ਦੀ ਲੜਾਈ ਕੋਰ ਦਾ ਹਿੱਸਾ ਹਨ।
ਜਸਟਿਸ ਸੁਮਨ ਕੁਮਾਰੀ ਪਹਿਲੀ ਮਹਿਲਾ ਪਾਕਿਸਤਾਨੀ ਹਿੰਦੂ ਜੱਜ ਹੈ, ਜੋ 2019 ਤੋਂ ਕਮਰ ਸ਼ਾਹਦਾਦਕੋਟ ਸਿੰਧ ਵਿਚ ਸਿਵਲ ਜੱਜ ਵਜੋਂ ਸੇਵਾ ਕਰ ਰਹੀ ਹੈ। ਹਾਲਾਂਕਿ ਉਨ੍ਹਾਂ ਤੋਂ ਪਹਿਲਾਂ ਜਸਟਿਸ ਰਾਣਾ ਭਗਵਾਨਦਾਸ 2007 ਵਿਚ ਥੋੜ੍ਹੇ ਸਮੇਂ ਲਈ ਪਾਕਿਸਤਾਨ ਦੇ ਚੀਫ਼ ਜਸਟਿਸ ਸਨ, 2009 ਵਿਚ ਉਨ੍ਹਾਂ ਨੂੰ ਪਾਕਿਸਤਾਨ ਦੇ ਸੁਪਰੀਮ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਰੋਹਿਤ ਭਾਗਵਤ ਪਾਕਿਸਤਾਨ ਦੇ ਸਭ ਤੋਂ ਵੱਡੇ ਅੰਗਰੇਜ਼ੀ ਅਖਬਾਰ 'ਡਾਨ' ਵਿਚ ਇਕ ਕਾਰਟੂਨਿਸਟ ਹਨ। ਉਹ ਜਵਾਨ ਅਤੇ ਸਾਹਸੀ ਹਨ ਅਤੇ ਲੋਕਤੰਤਰ ਤੇ ਮਨੁੱਖੀ ਅਧਿਕਾਰਾਂ ਲਈ ਹਮੇਸ਼ਾ ਖੜ੍ਹੇ ਰਹਿੰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਕਾਰਟੂਨ ਬਹੁਤ ਘੱਟ ਸਮੇਂ ਵਿਚ ਪੂਰੇ ਪਾਕਿਸਤਾਨ ਵਿਚ ਮਸ਼ਹੂਰ ਹੋ ਗਏ ਹਨ।
ਅਨਿਲ ਦਲਪਤ ਅਤੇ ਦਾਨਿਸ਼ ਕਨੇਰੀਆ ਪਾਕਿਸਤਾਨ ਕ੍ਰਿਕਟ ਟੀਮ ਲਈ ਖੇਡ ਚੁੱਕੇ ਹਨ ਪਰ ਇਨ੍ਹਾਂ ਦੋਵਾਂ ਨੂੰ ਅਪਵਾਦ ਮੰਨਿਆ ਜਾਂਦਾ ਸੀ। ਪਰ ਮੌਜੂਦਾ ਸਮੇਂ ਵਿਚ ਵੱਖ-ਵੱਖ ਖੇਤਰਾਂ ਤੋਂ ਪਹਿਲੇ ਦਰਜੇ ਦੀ ਕ੍ਰਿਕਟ ਖੇਡ ਰਹੇ ਬਹੁਤ ਸਾਰੇ ਨੌਜਵਾਨ ਹਿੰਦੂ ਹਨ ਅਤੇ ਆਉਣ ਵਾਲੇ ਸਾਲਾਂ ਵਿਚ ਉਨ੍ਹਾਂ ਵਿੱਚੋਂ ਕੁਝ ਨੂੰ ਰਾਸ਼ਟਰੀ ਟੀਮ ਵਿਚ ਆਪਣੀ ਜਗ੍ਹਾ ਮਿਲ ਜਾਵੇ ਤਾਂ ਹੈਰਾਨੀ ਦੀ ਗੱਲ ਨਹੀਂ ਹੋਵੇਗੀ। ਹੁਣ ਰਾਜਨੀਤੀ ਵੱਲ ਆਉਂਦੇ ਹਾਂ। ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜ਼ਿਨਾਹ ਨੇ 1947 ਵਿਚ ਜੋਗਿੰਦਰ ਨਾਥ ਮੰਡਲ ਇਕ ਹਿੰਦੂ ਨੂੰ ਪਾਕਿਸਤਾਨ ਦਾ ਪਹਿਲਾ ਕਾਨੂੰਨ ਮੰਤਰੀ ਨਿਯੁਕਤ ਕੀਤਾ ਸੀ। ਮੰਡਲ ਨੂੰ ਕਸ਼ਮੀਰ ਮਾਮਲਿਆਂ ਦੇ ਮੰਤਰਾਲੇ ਦਾ ਚਾਰਜ ਵੀ ਦਿੱਤਾ ਗਿਆ ਸੀ। ਉਹ ਜ਼ਿਨਾਹ ਦੇ ਬਹੁਤ ਨੇੜੇ ਸੀ, ਪਰ ਜ਼ਿਨਾਹ ਦੀ ਮੌਤ ਤੋਂ ਬਾਅਦ ਇਸ ਬੰਗਾਲੀ ਹਿੰਦੂ ਨੂੰ 1950 ਵਿਚ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਸੀ। ਉਹ ਕਾਨੂੰਨ ਮੰਤਰੀ ਸੀ, ਪਰ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਵਿਚ ਕੁਝ ਦੰਗਿਆਂ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕੀਤੇ ਗਏ ਸਨ।
ਇਹ ਵੀ ਪੜ੍ਹੋ : ਇਜ਼ਰਾਈਲ ਨੇ ਆਇਰਲੈਂਡ 'ਚ ਆਪਣਾ ਦੂਤਘਰ ਬੰਦ ਕਰਨ ਦਾ ਕੀਤਾ ਐਲਾਨ, ਇਹ ਵਜ੍ਹਾ ਆਈ ਸਾਹਮਣੇ
ਇਸ ਕਾਰਨ ਉਨ੍ਹਾਂ ਨੂੰ ਭਾਰਤ ਭੇਜ ਦਿੱਤਾ ਗਿਆ। ਬਹੁਤ ਸਾਰੇ ਪਾਕਿਸਤਾਨੀ ਹਿੰਦੂ ਉਸ ਦੀ ਭਾਰਤ ਵਾਪਸੀ ਤੋਂ ਨਿਰਾਸ਼ ਹੋ ਗਏ ਸਨ ਅਤੇ ਲੰਬੇ ਸਮੇਂ ਤੱਕ ਉਨ੍ਹਾਂ ਨੇ ਪਾਕਿਸਤਾਨ ਦੀ ਮੁੱਖ ਧਾਰਾ ਦੀ ਰਾਜਨੀਤੀ ਦਾ ਹਿੱਸਾ ਬਣਨ ਦੀ ਕੋਸ਼ਿਸ਼ ਨਹੀਂ ਕੀਤੀ। ਪਾਕਿਸਤਾਨ ਪੀਪਲਜ਼ ਪਾਰਟੀ ਨੇ ਫਿਰ ਹਿੰਦੂਆਂ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ। ਪੀਪੀਪੀ ਨੇ 2018 ਵਿਚ ਹਿੰਦੂ ਸਿਆਸਤਦਾਨ ਮਹੇਸ਼ ਮਲਾਨੀ ਨੂੰ ਟਿਕਟ ਦਿੱਤੀ ਸੀ। ਉਹ ਮੁਸਲਿਮ ਬਹੁਲ ਜਨਰਲ ਸੀਟ ਤੋਂ ਚੋਣ ਜਿੱਤ ਕੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ (ਹੇਠਲੇ ਸਦਨ) ਲਈ ਪਹਿਲੇ ਚੁਣੇ ਗਏ ਹਿੰਦੂ ਮੈਂਬਰ ਬਣੇ। ਉਦੋਂ ਪੀਪੀਪੀ ਨੇ ਪਾਕਿਸਤਾਨ ਦੀ ਸੈਨੇਟ ਵਿਚ ਜਨਰਲ ਸੀਟ ਤੋਂ ਕ੍ਰਿਸ਼ਨਾ ਕੁਮਾਰੀ ਨੂੰ ਟਿਕਟ ਦਿੱਤੀ ਸੀ। ਉਹ 2018 ਵਿਚ ਇਕ ਜਨਰਲ ਸੀਟ 'ਤੇ ਚੁਣੀ ਜਾਣ ਵਾਲੀ ਪਹਿਲੀ ਮਹਿਲਾ ਹਿੰਦੂ ਸੈਨੇਟਰ ਬਣ ਗਈ ਸੀ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਅਤੇ ਸੈਨੇਟ ਦੀਆਂ ਕੁਝ ਸੀਟਾਂ ਘੱਟ ਗਿਣਤੀਆਂ ਲਈ ਰਾਖਵੀਆਂ ਹਨ। ਇਨ੍ਹਾਂ ਰਾਖਵੀਆਂ ਸੀਟਾਂ 'ਤੇ ਪੰਜ ਹਿੰਦੂ ਨੈਸ਼ਨਲ ਅਸੈਂਬਲੀ ਅਤੇ ਤਿੰਨ ਹਿੰਦੂ ਸੈਨੇਟ ਮੈਂਬਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8