ਪਾਕਿ: ਮਹਿਕ ਕੁਮਾਰੀ ਦੇ ਜ਼ਬਰੀ ਧਰਮ ਪਰਿਵਰਤਨ ਤੇ ਬਲਾਤਕਾਰ ਖਿਲਾਫ ਹਜ਼ਾਰਾਂ ਲੋਕਾਂ ਦਾ ਪ੍ਰਦਰਸ਼ਨ

01/21/2020 10:05:07 PM

ਨਵੀਂ ਦਿੱਲੀ/ਪੇਸ਼ਾਵਰ- ਹਜ਼ਾਰਾਂ ਹਿੰਦੂ ਤੇ ਸਿੱਖ ਪਰਿਵਾਰਾਂ ਨੇ ਅੱਜ ਪਾਕਿਸਤਾਨ ਦੇ ਸਿੰਧ ਸੂਬੇ ਦੇ ਜੈਕਬਾਬਾਦ ਵਿਚ ਵਿਜੇ ਕੁਮਾਰ ਦੀ ਨਾਬਾਲਿਗ ਲੜਕੀ ਮਹਿਕ ਕੁਮਾਰੀ ਨੂੰ ਅਗਵਾ ਕਰਨ, ਜ਼ਬਰੀ ਧਰਮ ਪਰਿਵਰਤਨ ਤੇ ਬਲਾਤਕਾਰ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ। ਇਸ ਗੱਲ ਦੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ.) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਦਿੱਤੀ ਗਈ ਹੈ।

ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਸ੍ਰੀ ਸਿਰਸਾ ਨੇ ਖੁਲਾਸਾ ਕੀਤਾ ਕਿ ਰਜ਼ਾ ਅਲੀ ਵਲੋਂ ਅਗਵਾ ਕੀਤੇ ਜਾਣ ਤੋਂ ਬਾਅਦ ਉਸ ਨੂੰ ਜ਼ਬਰੀ ਇਸਲਾਮ ਕਬੂਲ ਕਰਵਾਇਆ ਗਿਆ ਤੇ ਇਸ ਤੋਂ ਬਾਅਦ ਉਸ ਦਾ 28 ਸਾਲਾ ਰਾਜ਼ੀ ਅਲੀ ਨਾਲ ਵਿਆਹ ਕਰਵਾ ਦਿੱਤਾ ਗਿਆ, ਜੋ ਪਹਿਲਾਂ ਹੀ ਦੋ ਔਰਤਾਂ ਨਾਲ ਵਿਆਹ ਕਰਵਾ ਚੁੱਕਾ ਹੈ ਤੇ ਉਸ ਦੇ ਚਾਰ ਬੱਚੇ ਹਨ। ਉਸ ਨੇ ਕਿਹਾ ਕਿ ਉਸ ਨੇ ਲੜਕੀ ਦਾ ਬਲਾਤਕਾਰ ਕਰ ਦਿੱਤਾ ਹੈ ਤੇ ਇਸ ਦੇ ਨਾਲ ਹੀ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ।

ਸ੍ਰੀ ਸਿਰਸਾ ਨੇ ਦੱਸਿਆ ਕਿ ਇਸ ਲੜਕੀ ਨੂੰ ਬੀਤੇ ਦਿਨ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਉਹ ਆਪਣੇ ਮਾਪਿਆਂ ਨਾਲ ਜਾਣ ਲਈ ਰੋਈ ਪਰ ਜੱਜ ਨੇ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਅਗਵਾਕਾਰਾਂ ਦੇ ਹਵਾਲੇ ਕਰ ਦਿੱਤਾ। ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਲਈ ਕੋਈ ਕਾਨੂੰਨ ਨਹੀਂ ਹੈ ਤੇ ਕਾਨੂੰਨ ਤਹਿਤ ਘੱਟ ਗਿਣਤੀ ਦੀਆਂ ਨਾਬਾਲਗ ਕੁੜੀਆਂ ਮੁਸਲਮਾਨ ਮਰਦਾਂ ਨਾਲ ਵਿਆਹ ਕਰਵਾ ਸਕਦੀਆਂ ਹਨ।

ਡੀ.ਐਸ.ਜੀ.ਐਮ.ਸੀ. ਦੇ ਪ੍ਰਧਾਨ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਮੁੱਦੇ ‘ਤੇ ਇਕ ਵੀ ਸ਼ਬਦ ਨਹੀਂ ਬੋਲਿਆ, ਜਿਥੇ ਉਹ ਹਮੇਸ਼ਾ ਭਾਰਤ ਦੀਆਂ ਘੱਟ ਗਿਣਤੀਆਂ ਬਾਰੇ ਆਵਾਜ਼ ਬੁਲੰਦ ਕਰਨ ਲਈ ਸਰਗਰਮ ਰਹਿੰਦੇ ਹਨ। ਉਹਨਾਂ ਕਿਹਾ ਕਿ ਅੱਜ ਹਜ਼ਾਰਾਂ ਹਿੰਦੂਆਂ ਤੇ ਸਿੱਖਾਂ ਨੇ ਜੱਜ ਦੇ ਵਲੋਂ ਲੜਕੀ ਨੂੰ ਉਸ ਦੇ ਅਗਵਾਕਾਰਾਂ ਦੇ ਹਵਾਲੇ ਕਰਨ ਦੇ ਫੈਸਲੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਆਪਣੇ ਮੂੰਹ 'ਤੇ ਕਾਲੇ ਰੰਗ ਦੀਆਂ ਪੱਟੀਆਂ ਬੰਨ੍ਹੀ ਰੱਖੀਆਂ। ਉਹਨਾਂ ਦੱਸਿਆ ਕਿ ਇਹ ਲੜਕੀ ਮਹਿਕ ਕੁਮਾਰੀ ਨੌਵੀਂ ਜਮਾਤ ਦੀ ਵਿਦਿਆਰਥਣ ਸੀ, ਜੋ ਇਕ ਮਦਰੱਸੇ ਵਿਚ ਆਈ ਸੀ, ਜਿਥੋਂ ਉਸ ਨੂੰ ਅਗਵਾ ਕਰ ਲਿਆ ਗਿਆ। ਉਹਨਾਂ ਕਿਹਾ ਕਿ ਡੀ.ਐਸ.ਜੀ.ਐਮ.ਸੀ. ਤੇ ਭਾਰਤ ਦੇ ਲੋਕ ਉਹਨਾਂ ਦੇ ਨਾਲ ਹਨ ਤੇ ਉਹਨਾਂ ਦੀ ਇੱਜ਼ਤ ਤੇ ਸੁਰੱਖਿਆ ਨਾਲ ਜ਼ਿੰਦਗੀ ਜਿਊਣ ਵਿਚ ਸਹਾਇਤਾ ਲਈ ਹਰ ਸਹਾਇਤਾ ਪ੍ਰਦਾਨ ਕਰਨਗੇ।


Related News