ਭਾਰਤ ਨਾਲ ਬਰਾਬਰੀ ਦਾ ਚਾਹੁੰਦਾ ਹਾਂ ਰਿਸ਼ਤਾ : ਪਾਕਿਸਤਾਨ ਦੇ ਪਹਿਲੇ ਹਿੰਦੂ ਐੱਮ. ਪੀ.

08/08/2018 9:21:35 AM

ਲਾਹੌਰ, (ਬਿਊਰੋ)— ਪਾਕਿਸਤਾਨ ਦੀ ਕੌਮੀ ਅਸੈਂਬਲੀ ਲਈ ਜਨਰਲ ਸੀਟ ਤੋਂ ਚੁਣੇ ਜਾਣ ਵਾਲੇ ਪਹਿਲੇ ਹਿੰਦੂ ਐੱਮ. ਪੀ. ਮਹੇਸ਼ ਮਲਾਨੀ ਨੇ ਕਿਹਾ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਦਰਮਿਆਨ ਬਰਾਬਰੀ ਦਾ ਰਿਸ਼ਤਾ ਦੇਖਣਾ ਚਾਹੁੰਦੇ ਹਨ।
ਪਾਕਿਸਤਾਨ ਪੀਪਲਜ਼ ਪਾਰਟੀ ਦੀ ਟਿਕਟ 'ਤੇ ਐੱਮ. ਪੀ. ਬਣੇ ਮਹੇਸ਼ ਨੇ ਕਿਹਾ ਕਿ ਪਾਕਿਸਤਾਨ ਛੱਡ ਕੇ ਭਾਰਤ ਚਲੇ ਗਏ ਸੈਂਕੜੇ ਹਿੰਦੂ ਪ੍ਰਵਾਸੀਆਂ ਨੂੰ ਹੁਣ ਪਾਕਿਸਤਾਨ ਬਿਨਾਂ ਕਿਸੇ ਡਰ ਤੋਂ ਵਾਪਸ ਆ ਜਾਣਾ ਚਾਹੀਦਾ ਹੈ ਕਿਉਂਕਿ ਇਥੋਂ ਦੇ ਹਾਲਾਤ ਹੁਣ ਬਦਲ ਗਏ ਹਨ।


58 ਸਾਲਾ ਮਹੇਸ਼ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਜਿਨ੍ਹਾਂ ਨੂੰ ਪਾਕਿਸਤਾਨ ਸੁਰੱਖਿਅਤ ਨਹੀਂ ਲੱਗਦਾ, ਉਨ੍ਹਾਂ ਲਈ ਇਥੇ ਆਉਣਾ ਜ਼ਰੂਰੀ ਨਹੀਂ। ਉਹ ਲੋਕ ਜਿਨ੍ਹਾਂ ਨੇ ਭਾਰਤੀ ਨਾਗਰਿਕਤਾ ਲਈ ਅਰਜ਼ੀ ਦਿੱਤੀ ਹੈ ਜਾਂ ਹਾਸਲ ਕਰ ਲਈ ਹੈ, ਉਨ੍ਹਾਂ ਸਬੰਧੀ ਮੈਂ ਕੁਝ ਨਹੀਂ ਕਹਿ ਸਕਦਾ। ਦੋਵਾਂ ਦੇਸ਼ਾਂ ਨੂੰ ਇਕੋ ਜਿਹੇ ਢੰਗ ਨਾਲ ਸਬੰਧਾਂ ਨੂੰ ਠੀਕ ਕਰਨ ਅਤੇ ਖੇਤਰ 'ਚ ਸ਼ਾਂਤੀ ਤੇ ਸਦਭਾਵਨਾ ਲਿਆਉਣ ਲਈ ਯਤਨ ਕਰਨਾ ਚਾਹੀਦਾ ਹੈ।
ਮਹੇਸ਼ ਨੇ ਕਿਹਾ ਕਿ ਪਾਕਿਸਤਾਨ ਪੀਪਲਜ਼ ਪਾਰਟੀ ਇਸ ਸਮੇਂ ਵਿਰੋਧੀ ਧਿਰ 'ਚ ਹੈ ਫਿਰ ਵੀ ਅਸੀਂ ਯਕੀਨੀ ਬਣਾਵਾਂਗੇ ਕਿ ਪਾਕਿਸਤਾਨ 'ਚ ਨਵੀਂ ਬਣਨ ਵਾਲੀ ਸਰਕਾਰ ਭਾਰਤ ਨਾਲ ਸ਼ਾਂਤੀ ਸਬੰਧੀ ਕੀਤੀ ਗਈ ਹਰ ਪਹਿਲ 'ਚ ਬਰਾਬਰ ਸਹਿਯੋਗ ਦੇਵੇ।  ਉਨ੍ਹਾਂ ਆਪਣੀ ਪਾਰਟੀ ਦੀ ਸਵਰਗੀ ਆਗੂ ਬੇਨਜ਼ੀਰ ਭੁੱਟੋ ਬਾਰੇ ਕਿਹਾ ਕਿ ਉਸ ਨੇ ਭਾਰਤ ਸਮੇਤ ਸਭ ਗੁਆਂਢੀਆਂ ਨਾਲ ਵਧੀਆ ਰਿਸ਼ਤੇ ਬਣਾਉਣ ਦੀ ਵਕਾਲਤ ਕੀਤੀ ਸੀ। ਮੈਂ ਵੀ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਕੇ ਭਾਰਤ ਨਾਲ ਚੰਗੇ ਸਬੰਧਾਂ ਲਈ ਕੰਮ ਕਰਾਂਗਾ।


Related News