ਸ਼ਿਕਾਗੋ ''ਚ ਭਗਵਾਨ ਸ਼ਿਵ ਵਰਗੀ ''ਡੌਲ'' ਵਿਕਣ ਤੋਂ ਭੜਕੇ ਹਿੰਦੂ ਸੰਗਠਨ
Thursday, Jul 19, 2018 - 08:13 AM (IST)
ਵਾਸ਼ਿੰਗਟਨ,(ਜ. ਬ.)— ਅਮਰੀਕੀ ਸ਼ਹਿਰ ਸ਼ਿਕਾਗੋ ਵਿਚ ਸਥਿਤ 'ਦਿ ਫੀਲਡ ਮਿਊਜ਼ੀਅਮ' ਵਲੋਂ ਭਗਵਾਨ ਸ਼ਿਵ ਵਰਗੀ 'ਡੌਲ' ਵੇਚਣ 'ਤੇ ਹਿੰਦੂ ਸੰਗਠਨ ਭੜਕ ਉੱਠੇ ਹਨ। ਸੰਗਠਨ ਦੇ ਪ੍ਰਤੀਨਿਧੀਆਂ ਨੇ ਮਿਊਜ਼ੀਅਮ ਨੂੰ ਇਸ ਦੀ ਵਿਕਰੀ ਤੁਰੰਤ ਬੰਦ ਕਰਨ ਅਤੇ ਮੁਆਫੀ ਮੰਗਣ ਦੀ ਅਪੀਲ ਕੀਤੀ ਹੈ। 'ਦਿ ਫੀਲਡ ਮਿਊਜ਼ੀਅਮ' ਸ਼ਿਕਾਗੋ ਸ਼ਹਿਰ ਵਿਚ ਇਕ ਕੁਦਰਤੀ ਇਤਿਹਾਸ ਮਿਊਜ਼ੀਅਮ ਹੈ। ਇਹ ਦੁਨੀਆ ਦੇ ਸਭ ਤੋਂ ਵੱਡੇ ਮਿਊਜ਼ੀਅਮਜ਼ ਵਿਚੋਂ ਇਕ ਹੈ।
'ਯੂਨੀਵਰਸਲ ਸੋਸਾਇਟੀ ਆਫ ਹਿੰਦੂਇਜ਼ਮ' ਦੇ ਪ੍ਰਧਾਨ ਰਾਜਨ ਜੈਦ ਨੇ ਕਿਹਾ ਕਿ ਭਗਵਾਨ ਸ਼ਿਵ ਕਰੋੜਾਂ ਹਿੰਦੂਆਂ ਲਈ ਪਰਮ ਪੂਜਨੀਕ ਹਨ। ਜੈਦ ਨੇ ਕਿਹਾ ਕਿ ਮੰਦਰਾਂ, ਪਵਿੱਤਰ ਸਥਾਨਾਂ ਵਿਚ ਪੂਜੇ ਜਾਣ ਵਾਲੇ ਭਗਵਾਨ ਦੀ ਮੂਰਤੀ ਨੂੰ ਫਰਸ਼, ਬਾਥਰੂਮ ਤੇ ਕਾਰਾਂ ਆਦਿ ਵਿਚ ਨਹੀਂ ਰੱਖਿਆ ਜਾਣਾ ਚਾਹੀਦਾ ਅਤੇ ਨਾ ਹੀ ਇਨ੍ਹਾਂ ਦੇ ਅਕਸ ਨੂੰ ਸਿਰ੍ਹਾਣਾ, ਖਿਡੌਣਾ ਜਾਂ ਗੇਂਦ ਦੇ ਉੱਪਰ ਛਾਪਿਆ ਜਾਣਾ ਚਾਹੀਦਾ ਹੈ। ਰਾਜਨ ਨੇ ਇਸ ਸਬੰਧ ਵਿਚ ਮਿਊਜ਼ੀਅਮ ਦੇ ਸੀ. ਈ. ਓ. ਤੋਂ ਮੁਆਫੀ ਮੰਗਣ ਅਤੇ 'ਡੌਲ' ਨੂੰ ਮਿਊਜ਼ੀਅਮ ਤੋਂ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ।
