ਨਾਬਾਲਗ ਹਿੰਦੂ ਲੜਕੀ ਨੂੰ ਪਰਿਵਾਰ ਨੂੰ ਨਾ ਸੌਂਪਣ ਦੇ ਵਿਰੋਧ ’ਚ ਹਿੰਦੂ ਭਾਈਚਾਰੇ ਨੇ ਕੀਤਾ ਰੋਸ ਪ੍ਰਦਰਸ਼ਨ

Tuesday, Nov 08, 2022 - 01:20 AM (IST)

ਨਾਬਾਲਗ ਹਿੰਦੂ ਲੜਕੀ ਨੂੰ ਪਰਿਵਾਰ ਨੂੰ ਨਾ ਸੌਂਪਣ ਦੇ ਵਿਰੋਧ ’ਚ ਹਿੰਦੂ ਭਾਈਚਾਰੇ ਨੇ ਕੀਤਾ ਰੋਸ ਪ੍ਰਦਰਸ਼ਨ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਹਿੰਦੂ ਭਾਈਚਾਰੇ ਦੇ ਲੋਕਾਂ ਨੇ ਨਾਬਾਲਗ ਹੋਣ ਦੇ ਬਾਵਜੂਦ ਇਕ ਮੁਸਲਿਮ ਵਿਅਕਤੀ ਨਾਲ ਨਿਕਾਹ ਕਰਨ ਵਾਲੀ ਹਿੰਦੂ ਲੜਕੀ ਨੂੰ ਪਰਿਵਾਰ ਨੂੰ ਸੌਂਪਣ ਵਿਚ ਦੇਰੀ ਕਰਨ ਦੇ ਵਿਰੋਧ ’ਚ ਅੱਜ ਹੈਦਰਾਬਾਦ ਵਿਚ ਰੋਸ ਪ੍ਰਦਰਸ਼ਨ ਕੀਤਾ। ਸੂਤਰਾਂ ਅਨੁਸਾਰ ਇਹ ਰੋਸ ਪ੍ਰਦਰਸ਼ਨ ਪਾਕਿਸਤਾਨ ਦਰਾਵਰ ਇਤੇਹਾਦ ਸੰਗਠਨ ਦੇ ਚੇਅਰਮੈਨ ਫਕੀਰਾ ਸ਼ਿਵਾ ਕੱਚੀ, ਪੀੜਤ ਲੜਕੀ ਦੀ ਮਾਂ ਅਮਰੀ ਅਤੇ ਭੈਣਾਂ ਸੋਨਾ ਅਤੇ ਬਗਾਵਤੀ ਦੀ ਅਗਵਾਈ ’ਚ ਹੈਦਰਾਬਾਦ ਪ੍ਰੈੱਸ ਕਲੱਬ ਦੇ ਬਾਹਰ ਕੀਤਾ ਗਿਆ।

ਇਸ ਮੌਕੇ ਸ਼ਿਵਾ ਕੱਚੀ ਨੇ ਦਾਅਵਾ ਕੀਤਾ ਕਿ ਚੰਦਾ (16) ਜੋ ਪਰਿਵਾਰ ਸਮੇਤ ਮਾਟਲੀ ਤੋਂ ਪਲਾਇਨ ਕਰ ਕੇ ਹੈਦਰਾਬਾਦ ਆਈ ਸੀ, ਨੂੰ ਲੱਗਭਗ 45 ਦਿਨ ਪਹਿਲਾਂ ਹਾਲੀ ਰੋਡ ਇਲਾਕੇ ਤੋਂ ਸਮਨ ਮਗਸੀ ਨਾਂ ਦੇ ਇਕ ਮੁਲਜ਼ਮ ਨੇ ਅਗਵਾ ਕਰ ਲਿਆ ਸੀ। ਲੱਗਭਗ 15 ਦਿਨ ਪਹਿਲਾਂ ਹੈਦਰਾਬਾਦ ਦੀ ਅਦਾਲਤ ’ਚ ਡਾਕਟਰਾਂ ਦੀ ਟੀਮ ਨੇ ਚੰਦਾ ਦੀ ਉਮਰ 16 ਸਾਲ ਦੱਸੀ ਹੈ ਪਰ ਅਦਾਲਤ ਨੇ ਉਸ ਨੂੰ ਸ਼ੈਲਟਰ ਹੋਮ ’ਚ ਭੇਜਣ ਦਾ ਹੁਕਮ ਸੁਣਾਇਆ ਹੈ। ਇਸ ਸ਼ੈਲਟਰ ਹੋਮ ’ਚ ਚੰਦਾ ਨਾਲ ਉਸ ਦੀ ਮਾਂ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਮਿਲਣ ’ਤੇ ਰੋਕ ਲਗਾ ਦਿੱਤੀ ਗਈ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਚੰਦਾ ਦਾ ਨਿਕਾਹ ਗ਼ੈਰ-ਕਾਨੂੰਨੀ ਹੈ ਅਤੇ ਚੰਦਾ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਮਨ ਮਗਸੀ ਦੇ ਖ਼ਿਲਾਫ਼ ਜ਼ਬਰਦਸਤੀ ਚੰਦਾ ਦਾ ਧਰਮ ਪਰਿਵਰਤਣ ਕਰਨ, ਅਗਵਾ ਕਰਨ ਅਤੇ ਜ਼ਬਰਦਸਤੀ ਨਿਕਾਹ ਕਰਨ ਦਾ ਕੇਸ ਦਰਜ ਕਰਨ ਦੇ ਨਾਲ-ਨਾਲ ਇਸ ਮਾਮਲੇ ’ਚ ਹੋਰ ਮੁਲਜ਼ਮਾਂ ਦੇ ਖਿਲਾਫ ਵੀ ਕੇਸ ਦਰਜ ਹੋਣਾ ਚਾਹੀਦਾ ਹੈ।
 


author

Manoj

Content Editor

Related News