ਸ਼੍ਰੀਲੰਕਾ ''ਚ ਮੋਹਲੇਧਾਰ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, 1 ਦੀ ਮੌਤ
Friday, Jun 03, 2022 - 05:28 PM (IST)
ਕੋਲੰਬੋ (ਏਜੰਸੀ)- ਸ਼੍ਰੀਲੰਕਾ ਦੇ ਕਈ ਹਿੱਸਿਆਂ ਵਿਚ ਮੋਹਲੇਧਾਰ ਮੀਂਹ ਅਤੇ ਗਰਜ ਨਾਲ 12 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਅਤੇ 1 ਵਿਅਕਤੀ ਦੀ ਮੌਤ ਹੋ ਗਈ ਹੈ। ਆਫਤ ਪ੍ਰਬੰਧਨ ਕੇਂਦਰ ਦੇ ਸਹਾਇਕ ਨਿਰਦੇਸ਼ਕ ਪ੍ਰਦੀਪ ਕੋਡੀਪਿੱਲੀ ਨੇ ਦੱਸਿਆ ਕਿ ਵੀਰਵਾਰ ਸਵੇਰ ਤੱਕ ਦੇਸ਼ ਦੇ ਕਈ ਹਿੱਸਿਆਂ 'ਚ ਮੋਹਲੇਧਾਰ ਮੀਂਹ ਅਤੇ ਗਰਜ਼-ਤੂਫਾਨ ਦੇ ਨਾਲ ਤੇਜ਼ ਹਵਾਵਾਂ ਚੱਲੀਆਂ। ਰਤਨਾਪੁਰਾ, ਕੈਂਡੀ, ਕਲੁਤਾਰਾ, ਗਮਪਾਹਾ, ਕੋਲੰਬੋ ਅਤੇ ਮਤਾਰਾ ਜ਼ਿਲ੍ਹਿਆਂ ਦੇ 2672 ਪਰਿਵਾਰ ਮੀਂਹ ਅਤੇ ਗਰਜ਼-ਤੂਫਾਨ ਨਾਲ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਮੀਂਹ ਅਤੇ ਤੂਫ਼ਾਨ ਕਾਰਨ ਗਮਪਾਹਾ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਜਿੱਥੇ 2448 ਪਰਿਵਾਰਾਂ ਦੇ 8,517 ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ।
ਉਨ੍ਹਾਂ ਕਿਹਾ ਕਿ ਮੀਂਹ ਦੇ ਤੇਜ਼ ਵਹਾਅ ਕਾਰਨ ਇੱਕ ਆਫ਼ਤ ਅਤੇ ਰਾਹਤ ਅਧਿਕਾਰੀ ਦੀ ਮੌਤ ਹੋ ਗਈ। ਪਿਛਲੇ ਇੱਕ ਹਫ਼ਤੇ ਤੋਂ ਪੂਰਾ ਦੇਸ਼ ਮੋਹਲੇਧਾਰ ਮੀਂਹ ਅਤੇ ਤੇਜ਼ ਹਵਾਵਾਂ ਨਾਲ ਜੂਝ ਰਿਹਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਹਫ਼ਤੇ ਵਿਚ ਵੀ ਮੀਂਹ ਜਾਂ ਗਰਜ ਨਾਲ ਮੀਂਹ ਜਾਰੀ ਰਹੇਗਾ ਅਤੇ ਹੜ੍ਹ ਦਾ ਖ਼ਤਰਾ ਵੀ ਬਣਿਆ ਰਹੇਗਾ।