ਹਾਵਰਡ ਦੇ ਪ੍ਰੋਫੈਸਰ ਦਾ ਦਾਅਵਾ- ''ਏਲੀਅਨਜ਼ ਧਰਤੀ ਵੱਲ ਸੁੱਟ ਰਹੇ ਕੂੜਾ''
Tuesday, Jan 05, 2021 - 12:20 PM (IST)
ਵਾਸ਼ਿੰਗਟਨ- ਹਾਵਰਡ ਯੂਨੀਵਰਸਿਟੀ 'ਚ ਖਗੋਲ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਅਵੀ ਲੋਏਬ ਦਾ ਕਹਿਣਾ ਹੈ ਕਿ ਪੁਲਾੜ ਤੋਂ ਧਰਤੀ ਵੱਲ ਆਉਣ ਵਾਲੇ ਚਮਕਦੇ ਪੱਥਰ ਇਸ ਗੱਲ ਦਾ ਸਬੂਤ ਹਨ ਕਿ ਧਰਤੀ ਤੋਂ ਇਲਾਵਾ ਵੀ ਜੀਵਨ ਹੈ। ਇਹ ਪੱਥਰ ਏਲੀਅਨਜ਼ ਜਾਂ ਪੁਲਾੜ ਵਿਚ ਮੌਜੂਦ ਦੂਜੀ ਸੱਭਿਅਤਾ ਵਲੋਂ ਸੁੱਟਿਆ ਜਾਣ ਵਾਲਾ ਕੂੜਾ ਹੈ। ਇਹ ਕੂੜਾ ਹੁਣ ਪੂਰੇ ਪੁਲਾੜ ਵਿਚ ਫੈਲਿਆ ਹੈ। ਇਹ ਖ਼ਬਰ ਵਾਈਨ ਨਾਂ ਦੀ ਵੈੱਬਸਾਈਟ ਵਿਚ ਪ੍ਰਕਾਸ਼ਿਤ ਹੋਈ ਹੈ।
ਪ੍ਰੋਫੈਸਰ ਅਵੀ ਲੋਏਬ ਦਾ ਦਾਅਵਾ ਹੈ ਕਿ ਸਾਲ 2017 ਵਿਚ ਏਲੀਅਨਜ਼ ਨੇ ਪੁਲਾੜ ਵਿਚ ਕੂੜਾ ਸੁੱਟਿਆ ਸੀ। ਉਨ੍ਹਾਂ ਇਸ ਗੱਲ ਦਾ ਜ਼ਿਕਰ ਆਪਣੀ ਕਿਤਾਬ 'ਐਕਸਟ੍ਰਾਟੈਰੇਸਿਟ੍ਰੀਅਲ : ਦਿ ਫਸਟ ਸਾਈਨ ਆਫ਼ ਇੰਟੈਲੀਜੈਂਟ ਲਾਈਫ ਬੀਆਂਡ ਅਰਥ' ਵਿਚ ਕੀਤਾ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਹੈ ਕਿ ਪੁਲਾੜ ਦੇ ਇਸ ਕੂੜੇ ਨੇ ਸਾਡੇ ਸੌਰ ਮੰਡਲ ਦੀ ਯਾਤਰਾ ਕੀਤੀ, ਜਦਕਿ ਅਸੀਂ ਉਸ ਨੂੰ ਇਕ ਚਮਕਣ ਵਾਲਾ ਪੱਥਰ ਕਹਿ ਰਹੇ ਸੀ।
ਉਨ੍ਹਾਂ ਕਿਹਾ ਕਿ 6 ਸਤੰਬਰ, 2017 ਨੂੰ ਇਕ ਵਸਤੂ ਸਟਾਰ ਵੇਗਾ ਵਿਚੋਂ ਨਿਕਲੀ ਤੇ ਇਹ ਤਾਰਾ ਧਰਤੀ ਤੋਂ 25 ਪ੍ਰਕਾਸ਼ ਸਾਲ ਦੂਰ ਹੈ। ਇਹ ਸਾਡੇ ਸੌਰ ਮੰਡਲ ਵਿਚ ਆਇਆ ਤੇ 9 ਸਤੰਬਰ ਨੂੰ ਸੂਰਜ ਕੋਲੋਂ ਲੰਘਿਆ। 7 ਅਕਤੂਬਰ ਨੂੰ ਇਹ ਫਿਰ ਧਰਤੀ ਦਾ ਚੱਕਰ ਲਗਾ ਕੇ ਗਾਇਬ ਹੋ ਗਿਆ। ਇਸ ਦਾ ਨਾਂ ਓਉਮੁਆਮੁਆ (Oumuamua) ਹੈ। ਇਹ ਪਹਿਲਾ ਅਜਿਹਾ ਸਪੇਸ ਟੂਰਿਸਟ ਹੈ ਜੋ ਪੁਲਾੜ ਵਿਚ ਮੌਜੂਦ ਕਿਸੇ ਹੋਰ ਦੁਨੀਆ ਤੋਂ ਆ ਕੇ ਸਾਡੇ ਸੌਰ ਮੰਡਲ ਵਿਚ ਚੱਕਰ ਲਗਾ ਕੇ ਵਾਪਸ ਗਿਆ। ਪ੍ਰੋਫੈਸਰ ਨੇ ਕਿਹਾ ਕਿ ਉਹ ਪੂਰੀ ਜ਼ਿੰਦਗੀ ਪੁਲਾੜ ਤੋਂ ਆਉਣ ਵਾਲੇ ਪੱਥਰਾਂ ਦਾ ਅਧਿਐਨ ਕਰਦੇ ਰਹੇ ਪਰ ਇਸ ਚਮਕਦੇ ਪੱਥਰ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਸਾਧਾਰਣ ਤੋਂ ਵੱਖਰਾ ਪੱਥਰ ਹੈ।