ਹਰੀਨੀ ਅਮਰਸੂਰੀਆ ਨੇ ਸ਼੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ
Tuesday, Sep 24, 2024 - 04:45 PM (IST)
ਕੋਲੰਬੋ : ਹਰੀਨੀ ਅਮਰਸੂਰੀਆ ਨੇ ਮੰਗਲਵਾਰ ਨੂੰ ਸ਼੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਇਸ ਨਾਲ ਉਹ ਸਾਲ 2000 'ਚ ਸਿਰੀਮਾਵੋ ਭੰਡਾਰਨਾਇਕੇ ਤੋਂ ਬਾਅਦ ਇਹ ਅਹੁਦਾ ਸੰਭਾਲਣ ਵਾਲੀ ਦੂਜੀ ਮਹਿਲਾ ਨੇਤਾ ਬਣ ਗਈ। ਨੈਸ਼ਨਲ ਪੀਪਲਜ਼ ਪਾਵਰ (ਐੱਨਪੀਪੀ) ਦੇ ਨੇਤਾ ਅਮਰਸੂਰੀਆ, 54 ਨੂੰ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕ ਨੇ ਸਹੁੰ ਚੁਕਾਈ। ਦਿਸਾਨਾਇਕ ਨੇ ਆਪਣੇ ਸਮੇਤ ਚਾਰ ਮੈਂਬਰਾਂ ਦੀ ਕੈਬਨਿਟ ਨਿਯੁਕਤ ਕੀਤੀ ਹੈ।
ਅਮਰਸੂਰੀਆ ਨੂੰ ਨਿਆਂ, ਸਿੱਖਿਆ, ਕਿਰਤ, ਉਦਯੋਗ, ਵਿਗਿਆਨ ਅਤੇ ਤਕਨਾਲੋਜੀ, ਸਿਹਤ ਅਤੇ ਨਿਵੇਸ਼ ਮੰਤਰਾਲਿਆਂ ਦਾ ਚਾਰਜ ਦਿੱਤਾ ਗਿਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਿਨੇਸ਼ ਗੁਣਾਵਰਧਨੇ ਦੀ ਥਾਂ ਲਈ ਹੈ, ਜਿਨ੍ਹਾਂ ਨੇ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਐੱਨਪੀਪੀ ਦੇ ਸੰਸਦ ਮੈਂਬਰਾਂ - ਵਿਜਿਤਾ ਹੇਰਾਥ ਅਤੇ ਲਕਸ਼ਮਣ ਨਿਪੁਰਨਾਚੀ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਉਹ ਸੰਸਦ ਭੰਗ ਹੋਣ ਤੋਂ ਬਾਅਦ ਇੱਕ ਕੈਬਿਨੇਟ ਮੰਤਰੀ ਵਜੋਂ ਕੰਮ ਕਰਨਗੇ। ਅਧਿਕਾਰੀਆਂ ਨੇ ਕਿਹਾ ਕਿ ਸੰਸਦੀ ਚੋਣਾਂ ਨਵੰਬਰ ਦੇ ਅਖੀਰ ਵਿੱਚ ਹੋ ਸਕਦੀਆਂ ਹਨ। 56 ਸਾਲਾ ਦਿਸਾਨਾਇਕੇ ਨੇ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਐਤਵਾਰ ਨੂੰ ਸ਼੍ਰੀਲੰਕਾ ਦੇ ਨੌਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।