Nepal Election: ਰਾਸ਼ਟਰੀ ਸੁਤੰਤਰ ਪਾਰਟੀ ਭਾਰੀ ਜਿੱਤ ਵੱਲ, ਬਾਲੇਂਦਰ ਸ਼ਾਹ ਬਣ ਸਕਦੇ ਹਨ ਨੇਪਾਲ ਦੇ ਅਗਲੇ PM

Saturday, Mar 07, 2026 - 01:52 AM (IST)

Nepal Election: ਰਾਸ਼ਟਰੀ ਸੁਤੰਤਰ ਪਾਰਟੀ ਭਾਰੀ ਜਿੱਤ ਵੱਲ, ਬਾਲੇਂਦਰ ਸ਼ਾਹ ਬਣ ਸਕਦੇ ਹਨ ਨੇਪਾਲ ਦੇ ਅਗਲੇ PM

ਕਾਠਮਾਂਡੂ : ਨੇਪਾਲ ਵਿੱਚ ਹੋਈਆਂ ਆਮ ਚੋਣਾਂ ਦੇ ਰੁਝਾਨਾਂ ਵਿੱਚ ਇੱਕ ਵੱਡਾ ਉਲਟਫੇਰ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਰੈਪਰ ਤੋਂ ਸਿਆਸਤਦਾਨ ਬਣੇ ਬਾਲੇਂਦਰ ਸ਼ਾਹ ਦੀ ਨਵੀਂ ਬਣੀ ਪਾਰਟੀ ਰਾਸ਼ਟਰੀ ਸੁਤੰਤਰ ਪਾਰਟੀ (RSP) ਭਾਰੀ ਜਿੱਤ ਵੱਲ ਵਧ ਰਹੀ ਹੈ। ਇਹ ਚੋਣਾਂ ਪਿਛਲੇ ਸਾਲ ਸਤੰਬਰ ਵਿੱਚ ਹੋਏ 'ਜਨਰੇਸ਼ਨ ਜ਼ੈਡ' (Gen Z) ਦੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਹੋਈਆਂ ਹਨ, ਜਿਸ ਕਾਰਨ ਕੇ. ਪੀ. ਸ਼ਰਮਾ ਓਲੀ ਦੀ ਸਰਕਾਰ ਨੂੰ ਸੱਤਾ ਤੋਂ ਹਟਣਾ ਪਿਆ ਸੀ।

ਓਲੀ ਦੇ ਗੜ੍ਹ 'ਚ ਬਾਲੇਂਦਰ ਸ਼ਾਹ ਦੀ ਚੜ੍ਹਤ 

ਤਾਜ਼ਾ ਅੰਕੜਿਆਂ ਅਨੁਸਾਰ, 35 ਸਾਲਾ ਇੰਜੀਨੀਅਰ ਬਾਲੇਂਦਰ ਸ਼ਾਹ, ਜਿਨ੍ਹਾਂ ਨੂੰ 'ਬਾਲੇਨ' ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਝਾਪਾ-5 ਹਲਕੇ ਵਿੱਚ ਚਾਰ ਵਾਰ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਤੋਂ ਕਾਫ਼ੀ ਅੱਗੇ ਚੱਲ ਰਹੇ ਹਨ। ਸ਼ਾਹ ਨੂੰ ਹੁਣ ਤੱਕ 6,551 ਵੋਟਾਂ ਮਿਲੀਆਂ ਹਨ, ਜਦੋਂ ਕਿ ਓਲੀ ਸਿਰਫ਼ 1,428 ਵੋਟਾਂ ਹੀ ਹਾਸਲ ਕਰ ਸਕੇ ਹਨ। ਮੰਨਿਆ ਜਾ ਰਿਹਾ ਹੈ ਕਿ ਬਾਲੇਂਦਰ ਸ਼ਾਹ ਨੇਪਾਲ ਦੇ ਅਗਲੇ ਪ੍ਰਧਾਨ ਮੰਤਰੀ ਬਣ ਸਕਦੇ ਹਨ, ਜੋ ਰਵਾਇਤੀ ਪਾਰਟੀਆਂ ਪ੍ਰਤੀ ਜਨਤਾ ਦੇ ਗੁੱਸੇ ਦਾ ਪ੍ਰਤੀਕ ਹੈ।

ਇਹ ਵੀ ਪੜ੍ਹੋ : ਪਾਕਿ ਫੌਜ ਦੀ ਵੱਡੀ ਕਾਰਵਾਈ, 'ਆਪ੍ਰੇਸ਼ਨ ਗਜ਼ਬ-ਲਿਲ ਹੱਕ' 'ਚ 520 ਤੋਂ ਵੱਧ ਅਫਗਾਨ ਤਾਲਿਬਾਨ ਲੜਾਕੇ ਹਲਾਕ

RSP ਦਾ ਸ਼ਾਨਦਾਰ ਪ੍ਰਦਰਸ਼ਨ 

ਚੋਣ ਕਮਿਸ਼ਨ ਵੱਲੋਂ ਜਾਰੀ 144 ਹਲਕਿਆਂ ਦੇ ਰੁਝਾਨਾਂ ਅਨੁਸਾਰ, ਆਰ. ਐੱਸ. ਪੀ. ਨੇ 3 ਸੀਟਾਂ ਜਿੱਤ ਲਈਆਂ ਹਨ ਅਤੇ 104 ਹੋਰ ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਦੂਜੇ ਪਾਸੇ, ਨੇਪਾਲੀ ਕਾਂਗਰਸ 13 ਅਤੇ ਸੀ. ਪੀ. ਐੱਨ.-ਯੂ. ਐੱਮ. ਐੱਲ. (CPN-UML) 10 ਸੀਟਾਂ 'ਤੇ ਅੱਗੇ ਹੈ। ਇਸ ਵਾਰ ਲਗਭਗ 60 ਫ਼ੀਸਦੀ ਵੋਟਿੰਗ ਹੋਈ ਹੈ ਅਤੇ 275 ਮੈਂਬਰੀ ਸੰਸਦ ਦੀ ਚੋਣ ਲਈ 1.89 ਕਰੋੜ ਲੋਕ ਵੋਟ ਪਾਉਣ ਦੇ ਯੋਗ ਸਨ। 

ਭਾਰਤ ਦੀ ਤਿੱਖੀ ਨਜ਼ਰ 

ਭਾਰਤ ਨੇਪਾਲ ਦੀਆਂ ਇਨ੍ਹਾਂ ਚੋਣਾਂ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਹੈ ਕਿ ਭਾਰਤ ਨੇਪਾਲ ਵਿੱਚ ਸ਼ਾਂਤੀ ਅਤੇ ਸਥਿਰਤਾ ਦਾ ਸਮਰਥਨ ਕਰਦਾ ਹੈ ਅਤੇ ਉਹ ਨਵੀਂ ਬਣਨ ਵਾਲੀ ਸਰਕਾਰ ਨਾਲ ਮਿਲ ਕੇ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਉਤਸੁਕ ਹਨ।

ਇਹ ਵੀ ਪੜ੍ਹੋ : ਭਾਰਤ ਤੱਕ ਪਹੁੰਚਿਆ ਈਰਾਨ-ਇਜ਼ਰਾਈਲ ਜੰਗ ਦਾ ਸੇਕ, Cooking oil ਸਮੇਤ ਇਨ੍ਹਾਂ ਚੀਜ਼ਾਂ ਦੇ ਵਧੇ ਰੇਟ

ਕਿਉਂ ਹੋਇਆ ਬਦਲਾਅ? 

ਇਹ ਸਿਆਸੀ ਉਥਲ-ਪੁਥਲ ਉਦੋਂ ਸ਼ੁਰੂ ਹੋਈ ਜਦੋਂ 'ਜਨਰੇਸ਼ਨ ਜ਼ੈੱਡ' ਦੇ ਨੌਜਵਾਨਾਂ ਨੇ ਭ੍ਰਿਸ਼ਟਾਚਾਰ ਅਤੇ ਸੋਸ਼ਲ ਮੀਡੀਆ 'ਤੇ ਪਾਬੰਦੀਆਂ ਦੇ ਖ਼ਿਲਾਫ਼ ਦੇਸ਼ ਵਿਆਪੀ ਪ੍ਰਦਰਸ਼ਨ ਕੀਤੇ ਸਨ। ਬਾਲੇਂਦਰ ਸ਼ਾਹ ਜਨਵਰੀ 2022 ਵਿੱਚ ਰਵੀ ਲਾਮਿਛਾਨੇ ਦੀ ਅਗਵਾਈ ਵਾਲੀ ਆਰ.ਐਸ.ਪੀ. ਵਿੱਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੂੰ ਪਾਰਟੀ ਦਾ ਪ੍ਰਧਾਨ ਮੰਤਰੀ ਉਮੀਦਵਾਰ ਐਲਾਨਿਆ ਗਿਆ ਸੀ। ਵੋਟਾਂ ਦੀ ਗਿਣਤੀ ਸ਼ੁੱਕਰਵਾਰ ਰਾਤ ਤੱਕ ਮੁਕੰਮਲ ਹੋਣ ਦੀ ਉਮੀਦ ਹੈ।


author

Sandeep Kumar

Content Editor

Related News