ਕੈਲਗਰੀ ''ਚ ਪਏ ਗੜੇ, ਲੋਕਾਂ ਨੇ ਤਸਵੀਰਾਂ ਕੀਤੀਆਂ ਸਾਂਝੀਆਂ
Friday, Aug 03, 2018 - 03:19 PM (IST)

ਕੈਲਗਰੀ,(ਏਜੰਸੀ)— ਕੈਨੇਡਾ ਦੇ ਸ਼ਹਿਰ ਕੈਲਗਰੀ 'ਚ ਵੀਰਵਾਰ ਨੂੰ ਗੜੇ ਪਏ ਅਤੇ ਇਨ੍ਹਾਂ ਦਾ ਆਕਾਰ ਗੋਲਫ ਦੀ ਗੇਂਦ ਜਿੰਨਾ ਸੀ। ਲੋਕਾਂ ਨੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇੰਨੇ ਵੱਡੇ ਆਕਾਰ ਦੇ ਗੜੇ ਡਿੱਗਣ ਨਾਲ ਇਕ ਵਾਰ ਤਾਂ ਉਹ ਡਰ ਹੀ ਗਏ। ਉਨ੍ਹਾਂ ਦੇ ਘਰਾਂ ਦੀਆਂ ਛੱਤਾਂ 'ਤੇ ਗੜੇ ਪੈਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ।
ਜਿਨ੍ਹਾਂ ਲੋਕਾਂ ਦੇ ਘਰਾਂ ਦੇ ਬਾਹਰ ਸ਼ੀਸ਼ੇ ਲੱਗੇ ਹਨ, ਉਨ੍ਹਾਂ ਨੂੰ ਇਹ ਡਰ ਸੀ ਕਿ ਇਹ ਕੁਦਰਤੀ ਨਜ਼ਾਰਾ ਉਨ੍ਹਾਂ ਲਈ ਨਵਾਂ ਖਰਚਾ ਨਾ ਪਾ ਦੇਵੇ। ਕੈਨੇਡੀਅਨ ਮੌਸਮ ਵਿਭਾਗ ਦੇ ਬੁਲਾਰੇ ਡਾਨ ਕੁਲਾਕ ਨੇ ਜਾਣਕਾਰੀ ਦਿੱਤੀ ਕਿ ਅਗਲੇ ਹਫਤੇ ਤਕ ਮੌਸਮ ਖੁਸ਼ਕ ਹੋ ਜਾਵੇਗਾ ਅਤੇ ਤਾਪਮਾਨ 30 ਡਿਗਰੀ ਸੈਲਸੀਅਸ ਤਕ ਪੁੱਜ ਜਾਵੇਗਾ।
ਅਗਸਤ ਮਹੀਨੇ ਦੇ ਸ਼ੁਰੂਆਤੀ ਦਿਨਾਂ ਤਕ ਮੀਂਹ ਪਵੇਗਾ ਅਤੇ ਮੌਸਮ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਣਗੇ। ਅਜਿਹੇ 'ਚ ਲੋਕਾਂ ਨੂੰ ਆਪਣੀ ਸਿਹਤ ਦਾ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਹੈ।
ਲੋਕਾਂ ਨੇ ਸੋਸ਼ਲ ਮੀਡੀਆ 'ਤੇ ਬਰਫ ਦੇ ਗੋਲੇ ਇਕੱਠੇ ਕਰਕੇ ਇਨ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਕਿਸੇ ਨੇ ਇਸ ਦੀ ਤੁਲਨਾ ਅਮਰੂਦ ਨਾਲ ਕੀਤੀ ਅਤੇ ਕਿਸੇ ਨੇ ਗੇਂਦ ਨਾਲ ।ਕਈਆਂ ਨੇ ਦੱਸਿਆ ਕਿ ਉਨ੍ਹਾਂ ਦੇ ਵਾਹਨਾਂ 'ਤੇ ਡੈਂਟ (ਟੋਏ) ਪੈ ਗਏ। ਉਨ੍ਹਾਂ ਕਿਹਾ ਕਿ ਗੜਿਆਂ ਕਾਰਨ ਉਨ੍ਹਾਂ ਨੂੰ ਨੁਕਸਾਨ ਵੀ ਝੱਲਣਾ ਪਿਆ ਹੈ ਪਰ ਉਹ ਸ਼ੁਕਰ ਕਰਦੇ ਹਨ ਕਿ ਵਧੇਰੇ ਨੁਕਸਾਨ ਹੋਣ ਤੋਂ ਬਚਾਅ ਰਿਹਾ।