ਮਨੀ ਲਾਂਡ੍ਰਿੰਗ ਮਾਮਲੇ ''ਚ ਸਈਦ ਖਿਲਾਫ ਸੁਣਵਾਈ 2 ਜਨਵਰੀ ਤੱਕ ਟਲੀ
Tuesday, Dec 24, 2019 - 09:11 PM (IST)

ਲਾਹੌਰ- ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਮੁੰਬਈ ਹਮਲਿਆਂ ਦੇ ਸਰਗਨਾ ਹਾਫਿਜ਼ ਸਈਦ ਤੇ ਉਸ ਦੇ ਤਿੰਨ ਚੋਟੀ ਦੇ ਸਹਿਯੋਗੀਆਂ ਦੇ ਖਿਲਾਫ ਅੱਤਵਾਦ ਨੂੰ ਧਨ ਮੁਹੱਈਆ ਕਰਨ ਦੇ ਮਾਮਲੇ ਵਿਚ ਸੁਣਵਾਈ ਵਕੀਲਾਂ ਦੀ ਹੜ੍ਹਤਾਲ ਦੇ ਚੱਲਦੇ ਦੋ ਜਨਵਰੀ ਤੱਕ ਲਈ ਟਾਲ ਦਿੱਤੀ ਹੈ।
ਲਾਹੌਰ ਦੀ ਅੱਤਵਾਦ ਰੋਕੂ ਅਦਾਲਤ ਨੇ ਸਈਦ ਤੇ ਉਸ ਦੇ ਕਰੀਬੀ ਸਹਿਯੋਗੀ ਹਾਫਿਜ਼ ਅਬਦੁਲ ਸਲਾਮ, ਮੁਹੰਮਦ ਅਸ਼ਰਫ ਤੇ ਜ਼ਫਰ ਇਕਬਾਲ 'ਤੇ ਅੱਤਵਾਦ ਨੂੰ ਧਨ ਮੁਹੱਈਆ ਕਰਨ ਦੇ ਮਾਮਵੇ ਵਿਚ 11 ਦਸੰਬਰ ਨੂੰ ਦੋਸ਼ ਤੈਅ ਕੀਤਾ ਸੀ। ਅਦਾਲਤ ਦੇ ਇਕ ਅਧਿਕਾਰੀ ਨੇ ਸੁਣਵਾਈ ਤੋਂ ਬਾਅਦ ਕਿਹਾ ਕਿ ਅੱਤਵਾਦ ਨੂੰ ਧਨ ਮੁਹੱਈਆ ਕਰਨ ਦੇ ਮਾਮਲੇ ਵਿਚ ਮੰਗਲਵਾਰ ਨੂੰ ਹਾਫਿਜ਼ ਸਈਦ ਤੇ ਉਸ ਦੇ ਤਿੰਨ ਕਰੀਬੀ ਸਹਿਯੋਗੀਆਂ ਨੂੰ ਇਥੇ ਲਾਹੌਰ ਸਥਿਤ ਅੱਤਵਾਦ ਰੋਕੂ ਅਦਾਲਤ ਵਿਚ ਪੇਸ਼ ਕੀਤਾ ਗਿਆ। ਹਾਲਾਂਕਿ ਪ੍ਰੋਸੀਕਿਊਸ਼ਨ ਉਹਨਾਂ ਦੇ ਖਿਲਾਫ ਹੋਰ ਕੋਈ ਗਵਾਬ ਪੇਸ਼ ਨਹੀਂ ਕਰ ਸਕਿਆ। ਉਹਨਾਂ ਨੇ ਦੱਸਿਆ ਕਿ ਏਟੀਸੀ ਨੇ ਰੋਜ਼ਾਨਾ ਦੇ ਆਧਾਰ 'ਤੇ ਹੋ ਰਹੀ ਮਾਮਲੇ ਦੀ ਸੁਣਵਾਈ ਨੂੰ ਪ੍ਰੋਸੀਕਿਊਸ਼ਨ ਦੇ ਵਕੀਲ ਦੀ ਅਪੀਲ 'ਤੇ ਦੋ ਜਨਵਰੀ ਤੱਕ ਲਈ ਟਾਲ ਦਿੱਤਾ। ਪ੍ਰੋਸੀਕਿਊਸ਼ਨ ਨੇ ਅਦਾਲਤ ਨੂੰ ਕਿਹਾ ਕਿ ਹੇਠਲੀਆਂ ਅਦਾਲਤਾਂ ਵਿਚ ਵਕੀਲਾਂ ਦੀ ਹੜ੍ਹਤਾਲ ਦੇ ਚੱਲਦੇ ਸੁਣਵਈ ਅਗਲੇ ਮਹੀਨੇ ਤੱਕ ਦੇ ਲਈ ਟਾਲ ਦਿੱਤੀ ਜਾਣੀ ਚਾਹੀਦੀ ਹੈ।
ਅਦਾਲਤ ਨੇ ਪ੍ਰੋਸੀਕਿਊਸ਼ਨ ਦੀ ਅਪੀਲ ਨੂੰ ਸਵਿਕਾਰ ਕਰ ਲਿਆ। ਜ਼ਿਕਰਯੋਗ ਹੈ ਕਿ ਲਾਹੌਰ ਦੇ ਇਕ ਹਸਪਤਾਲ ਵਿਚ ਝਗੜੇ ਤੋਂ ਬਾਅਦ ਆਪਣੇ ਸਹਿਕਰਮਚਾਰੀਆਂ ਦੀ ਗ੍ਰਿਫਤਾਰੀ ਦੇ ਖਿਲਾਫ ਵਕੀਲ ਪ੍ਰਦਰਸ਼ਨ ਕਰ ਰਹੇ ਹਨ। ਪੰਜਾਬ ਪੁਲਸ ਦੇ ਅੱਤਵਾਦ ਰੋਕੂ ਵਿਭਾਗ ਨੇ ਅੱਤਵਾਦ ਨੂੰ ਧਨ ਮੁਹੱਈਆ ਕਰਨ ਦੇ ਦੋਸ਼ਾਂ ਵਿਚ 17 ਜੁਲਾਈ ਨੂੰ ਵੱਖ-ਵੱਖ ਸ਼ਹਿਰਾਂ ਵਿਚ ਸਈਦ ਤੇ ਉਸ ਦੇ ਸਹਿਯੋਗੀਆਂ ਦੇ ਖਿਲਾਫ 23 ਮਾਮਲੇ ਦਰਜ ਕੀਤੇ ਸਨ।