ਗੁਰਦੁਆਰਾ ਸਾਹਿਬ ''ਚ ਗੁਰਮਤਿ ਕੈਂਪ ਦਾ ਆਯੋਜਨ, ਬੱਚਿਆਂ ਨੂੰ ਕੀਤਾ ਗਿਆ ਸਨਮਾਨਿਤ

Thursday, Sep 19, 2024 - 03:49 PM (IST)

ਗੁਰਦੁਆਰਾ ਸਾਹਿਬ ''ਚ ਗੁਰਮਤਿ ਕੈਂਪ ਦਾ ਆਯੋਜਨ, ਬੱਚਿਆਂ ਨੂੰ ਕੀਤਾ ਗਿਆ ਸਨਮਾਨਿਤ

ਰੋਮ (ਕੈਂਥ)- ਇਟਲੀ ਵਿੱਚ ਸਿੱਖੀ ਦਾ ਬੂਟਾ ਲਾਉਣ ਵਾਲੇ ਪ੍ਰਥਮ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ ਵਿਖੇ ਬੀਤੇ ਦਿਨੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ 450 ਸਾਲਾ ਸ਼ਤਾਬਦੀ ਜੋਤੀ ਜੋਤਿ ਗੁਰਪੁਰਬ ਅਤੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਹਫ਼ਤਾਵਾਰੀ ਦੀਵਾਨ ਸਜਾਏ ਗਏ। ਇਨ੍ਹਾਂ ਦੀਵਾਨਾਂ ਵਿੱਚ ਪੂਰਾ ਹਫ਼ਤਾ ਗਿਆਨੀ ਬਲਵਿੰਦਰ ਸਿੰਘ ਜੀ ਗ੍ਰੰਥੀ ਸਾਹਿਬਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆ ਨੇ ਕਥਾ ਦੀ ਹਾਜ਼ਰੀ ਭਰੀ। ਗਿਆਨੀ ਜੀ ਇਨ੍ਹੀ ਦਿਨੀ ਯੂਰਪ ਦੇ ਵਿਸ਼ੇਸ਼ ਦੌਰੇ 'ਤੇ ਇਟਲੀ ਆਏ ਹੋਏ ਹਨ। 

PunjabKesari

ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਟਾਲੀਅਨ ਇੰਡੀਅਨ ਪ੍ਰੈਸ ਕਲੱਬ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਐਤਵਾਰ ਵਾਲੇ ਵਿਸ਼ੇਸ਼ ਦੀਵਾਨ ਵਿੱਚ ਗਿਆਨੀ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਅਲੋਕਿਕ ਜੀਵਨ ਬਾਰੇ ਸੰਗਤਾਂ ਨਾਲ ਸਾਂਝ ਪਾਈ। ਗੁਰੂ ਸਾਹਿਬ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਗਏ ਕੰਮਾਂ,"ਪਹਿਲੇ ਪੰਗਤ ਪਾਛੈ ਸੰਗਤ" ਦੇ ਸਿਧਾਂਤ,ਸਤੀ ਪ੍ਰਥਾ ਦਾ ਖੰਡਨ ਅਤੇ ਗੁਰੂ ਨਾਨਕ ਸਾਹਿਬ ਵੱਲੋਂ ਸ਼ੁਰੂ ਕੀਤੀ ਗਈ ਸਿੱਖੀ ਨੂੰ ਮੰਜੀ ਪ੍ਰਥਾ ਰਾਹੀਂ ਦੂਰ ਦੁਰਾਡੇ ਤੱਕ ਪਹੁੰਚਾਉਣ ਅਤੇ ਸੰਗਤਾਂ 'ਤੇ ਕੀਤੇ ਅਤਿਅੰਤ ਪਰਉਪਕਾਰਾਂ ਨੂੰ ਸੰਗਤਾਂ ਦੇ ਸਨਮੁੱਖ ਰੱਖਿਆ ਅਤੇ ਨਾਲ ਹੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਦੀ ਘਾਲਣਾ ਸਬੰਧੀ ਵੀ ਗੁਰ ਇਤਿਹਾਸ ਸਰਵਣ ਕਰਵਾਇਆ। ਦੀਵਾਨ ਹਾਲ ਵਿੱਚ ਬੈਠੀਆਂ ਸੰਗਤਾਂ ਧੰਨ ਗੁਰੂ ਅਮਰਦਾਸ ਜੀ ਧੰਨ ਗੁਰੂ ਅਮਰਦਾਸ ਜੀ ਅਤੇ ਧੰਨ ਗੁਰੂ ਰਾਮਦਾਸ ਜੀ ਕਹਿ ਕੇ ਆਪਣੀ ਰਸਨਾ ਪਵਿੱਤਰ ਕਰ ਰਹੀਆਂ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਮਿਲ ਗਈ ਬੁਢਾਪਾ ਰੋਕਣ ਦੀ ਦਵਾਈ ! ਮਾਹਰਾਂ ਨੇ ਕੀਤਾ ਵੱਡਾ ਖੁਲਾਸਾ

ਇਲਾਕਾ ਨਿਵਾਸੀ ਅਤੇ ਦੂਰ ਦੁਰਾਡੇ ਤੋਂ ਹਾਜਰੀ ਭਰਨ ਪਹੁੰਚੀਆਂ ਸੰਗਤਾਂ ਨੇ ਪੂਰਾ ਹੀ ਹਫਤਾ ਦੀਵਾਨਾਂ ਵਿੱਚ ਹਾਜ਼ਰੀ ਭਰੀ ਅਤੇ ਆਪਣਾ ਜੀਵਨ ਸਫਲਾ ਕੀਤਾ। ਐਤਵਾਰ ਦੇ ਦੀਵਾਨ ਦੀ ਸਮਾਪਤੀ ਉਪਰੰਤ ਗਿਆਨੀ ਜੀ ਵੱਲੋਂ ਲਿਖੀ ਦੂਸਰੀ ਪੁਸਤਕ "ਰਾਮਦਾਸ ਸਤਿਗੁਰੂ ਕਹਾਵੈ" ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਤਲਵਿੰਦਰ ਸਿੰਘ ਜੀ ਨੂੰ ਗੁਰਦੁਆਰਾ ਸਾਹਿਬ ਵਾਸਤੇ ਭੇਟ ਕੀਤੀ ਗਈ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ੇਸ਼ ਉਪਰਾਲਾ ਕੀਤਾ ਗਿਆ ਸੀ। ਜਿਸ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਬੱਚਿਆਂ ਲਈ ਗੁਰਮਤਿ ਕੈਂਪ ਲਗਾਏ ਗਏ ਸਨ। ਜਿਨਾਂ ਵਿੱਚ ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਰਖਵੀਰ ਸਿੰਘ ਵੱਲੋਂ ਸਿਖਿਆਰਥੀ ਬੱਚਿਆਂ ਨੂੰ ਗੁਰਮੁਖੀ ਲਿਪੀ ਦਾ ਗਿਆਨ ਗੁਰਬਾਣੀ ਸੰਥਿਆ ਅਤੇ ਧਾਰਮਿਕ ਸਾਹਿਤ ਬਾਰੇ ਪਿਛਲੇ ਤਿੰਨ ਮਹੀਨਿਆਂ ਤੋਂ ਗੁਰਮਤਿ ਕੈਂਪ ਵਿੱਚ ਸਿਖਲਾਈ ਦਿੱਤੀ ਜਾ ਰਹੀ ਸੀ। ਇਸ ਮੌਕੇ ਗੁਰਮਤਿ ਕੈਂਪ ਦੀ ਸਮਾਪਤੀ ਕੀਤੀ ਗਈ ਅਤੇ ਗਿਆਨੀ ਜੀ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਗੁਰਮਤਿ ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਿਰੋਪਾਓ,ਮੈਡਲ,ਸਕੂਲ ਬੈਗ ਅਤੇ ਪੈਨ ਆਦਿ ਹੋਰ ਸਮਗਰੀ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ ਤਾਂ ਜੋ ਅੱਗੇ ਤੋਂ ਵੀ ਬੱਚੇ ਗੁਰਮਤਿ ਕੈਂਪ ਦਾ ਲਾਹਾ ਲੈ ਸਕਣ ਲਈ ਪ੍ਰੇਰਿਤ ਹੋ ਸਕਣ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਜੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News