ਇਟਲੀ: ਗੁਰਦੁਆਰਾ ਕਲਗੀਧਰ ਸਾਹਿਬ ਤੌਰੇ ਦੀ ਪਿਚਨਾਰਦੀ ਵਿਖੇ ਕਰਵਾਇਆ ਗਿਆ ਵਿਸ਼ਾਲ ਧਾਰਮਿਕ ਸਮਾਗਮ
Tuesday, Jan 20, 2026 - 03:47 PM (IST)
ਕਰੇਮੋਨਾ (ਕੈਂਥ) : ਉੱਤਰੀ ਇਟਲੀ ਦੇ ਜ਼ਿਲ੍ਹਾ ਕਰੇਮੋਨਾ ਵਿੱਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਤੌਰੇ ਦੀ ਪਿਚਨਾਰਦੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 40 ਮੁਕਤਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਾਘੀ ਦੇ ਦਿਹਾੜੇ ਅਤੇ ਬਸੰਤ ਰਾਗ ਦੀ ਆਰੰਭਤਾ ਨੂੰ ਮੁੱਖ ਰੱਖਦਿਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਮਾਗਮ ਦੌਰਾਨ ਭਾਈ ਤਰਸੇਮ ਸਿੰਘ ਫ਼ੌਜੀ ਦੇ ਕਵੀਸ਼ਰੀ ਜਥੇ ਨੇ ਮੁਕਤਸਰ ਸਾਹਿਬ ਦਾ ਇਤਿਹਾਸ ਅਤੇ 40 ਮੁਕਤਿਆਂ ਦੀ ਸ਼ਹਾਦਤ ਦਾ ਪ੍ਰਸੰਗ ਕਵੀਸ਼ਰੀ ਵਾਰਾਂ ਰਾਹੀਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਜਥੇ ਵੱਲੋਂ ਸੁਣਾਏ ਗਏ ਇਤਿਹਾਸ ਨੇ ਸੰਗਤਾਂ ਨੂੰ ਉਸ ਵੇਲੇ ਦੇ ਦਿਲ-ਟੁੰਬਵੇਂ ਦ੍ਰਿਸ਼ਾਂ ਦੀ ਯਾਦ ਦਿਵਾ ਦਿੱਤੀ, ਜਿਸ ਨਾਲ ਪੂਰਾ ਪੰਡਾਲ ਵੈਰਾਗ ਅਤੇ ਜੋਸ਼ ਨਾਲ ਭਰ ਗਿਆ।

ਉਪਰੰਤ ਪੁਰਾਤਨ ਸਿੱਖ ਮਰਿਯਾਦਾ ਅਨੁਸਾਰ ਤੰਤੀ ਸਾਜ਼ਾਂ ਰਾਹੀਂ ਕੀਰਤਨ ਦੀ ਸੇਵਾ ਇਟਲੀ ਦੇ ਪ੍ਰਸਿੱਧ 'ਅਕਾਲੀ ਜਥਾ ਗੁਲਰਾਜ ਕੌਰ' ਵੱਲੋਂ ਨਿਭਾਈ ਗਈ। ਉਨ੍ਹਾਂ ਨੇ ਬਸੰਤ ਰਾਗ ਦੀ ਆਰੰਭਤਾ ਮੌਕੇ ਰਾਗਾਂ ਵਿੱਚ ਸ਼ਬਦ ਕੀਰਤਨ ਕੀਤਾ ਅਤੇ 'ਬਸੰਤ ਕੀ ਵਾਰ' ਦਾ ਗਾਇਨ ਕਰਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰੀ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਵਿੱਚ ਪਹੁੰਚੀਆਂ ਸਮੂਹ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਧੰਨਵਾਦ ਕਰਦਿਆਂ ਜੀ ਆਇਆਂ ਨੂੰ ਆਖਿਆ ਗਿਆ। ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਇਟਲੀ ਦੇ ਵੱਖ-ਵੱਖ ਹਿੱਸਿਆਂ ਤੋਂ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ ਸਨ।
