ਕੋਵਿਡ ਮਹਾਮਾਰੀ ਦੌਰਾਨ US ’ਚ ਗੰਨ ਵਾਇਲੈਂਸ ਵਧੀ, ਰੋਜ਼ਾਨਾ 14 ਤੋਂ ਵੱਧ ਤੇ ਸਾਲ ’ਚ ਹੁੰਦੀਆਂ ਹਨ 30 ਹਜ਼ਾਰ ਮੌਤਾਂ
Friday, Aug 13, 2021 - 10:51 AM (IST)
ਸ਼ਿਕਾਗੋ (ਮਹਾਜਨ) : ਅਮਰੀਕਾ ’ਚ ਵਧਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਲੋਕ ਫ਼ਿਕਰਮੰਦ ਹਨ। ਇੱਥੇ ਪਿਛਲੇ ਸਾਲਾਂ ਦੇ ਮੁਕਾਬਲੇ 2021 ਵਿਚ ਸਭ ਤੋਂ ਵੱਧ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ। ਇਹ ਘਟਨਾਵਾਂ ਸਾਰੀਆਂ ਥਾਵਾਂ ਭਾਵੇਂ ਉਹ ਸਟੋਰ ਹੋਵੇ ਜਾਂ ਕੋਈ ਰੈਸਟੋਰੈਂਟ ਜਾਂ ਕੋਈ ਵੀ ਜਨਤਕ ਸਥਾਨ, ’ਤੇ ਹੋ ਰਹੀਆਂ ਹਨ। ਸਰਵੇ ਅਨੁਸਾਰ ਪਿਛਲੇ ਸਾਲਾਂ ਦੇ ਮੁਕਾਬਲੇ ਹਰ ਰੋਜ਼ 14 ਤੋਂ ਵੱਧ ਮੌਤਾਂ ਹੋ ਰਹੀਆਂ ਹਨ ਅਤੇ ਹਰ ਸਾਲ ਲਗਭਗ 30 ਹਜ਼ਾਰ ਲੋਕ ਗੋਲੀਬਾਰੀ ਨਾਲ ਮਰ ਰਹੇ ਹਨ। ਇਸ ਦੇ ਮੁੱਖ ਕਾਰਨ ਗੰਨ ਡੀਲਰਾਂ ਦੀ ਗਿਣਤੀ ਵਿਚ ਵਾਧਾ, ਪੁਲਸ ਤੇ ਕਈ ਭਾਈਚਾਰਿਆਂ ਦਰਮਿਆਨ ਰਿਸ਼ਤਿਆਂ ਵਿਚ ਦਰਾਰ ਅਤੇ ਨਸਲੀ ਵਿਤਕਰਾ ਹੈ।
ਇਹ ਵੀ ਪੜ੍ਹੋ: ਨਰਸ ਦਾ ਕਾਰਾ, ਕੋਰੋਨਾ ਵੈਕਸੀਨ ਦੇ ਨਾਮ ’ਤੇ 8600 ਲੋਕਾਂ ਨੂੰ ਲਗਾਇਆ ਲੂਣ ਦੇ ਪਾਣੀ ਦਾ ਟੀਕਾ
ਇਸ ਦਾ ਇਕ ਹੋਰ ਕਾਰਨ ਕੋਵਿਡ-19 ਵੀ ਹੈ, ਜਿਸ ਦੌਰਾਨ 20 ਮਿਲੀਅਨ ਲੋਕ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ, ਜਿਸ ਨਾਲ ਲੋਕਾਂ ਦਾ ਦਿਮਾਗੀ ਸੰਤੁਲਨ ਵਿਗੜ ਰਿਹਾ ਹੈ। ਇਹ ਦਿਲ ਦਹਿਲਾਉਣ ਵਾਲੀ ਗੋਲੀਬਾਰੀ ਅਮਰੀਕਾ ਵਿਚ ਆਮ ਗੱਲ ਹੈ ਅਤੇ ਰੋਜ਼ਾਨਾ ਕਿਸੇ ਨਾ ਕਿਸੇ ਸੂਬੇ ਵਿਚ ਹੁੰਦੀ ਰਹਿੰਦੀ ਹੈ। ਅਜਿਹੀਆਂ ਘਟਨਾਵਾਂ ਜ਼ਿਆਦਾਤਰ ਗਰੀਬ ਸ਼ਹਿਰੀ ਇਲਾਕਿਆਂ ਅਤੇ ਗੈਂਗਸਟਰਾਂ ਦੇ ਇਲਾਕਿਆਂ ਵਿਚ ਹੁੰਦੀਆਂ ਹਨ ਜਿੱਥੇ ਗੈਰ-ਗੋਰੇ ਅਮਰੀਕੀ ਲੋਕ ਰਹਿੰਦੇ ਹਨ। ਅਮਰੀਕਾ ਵਿਚ ਜਿੰਨੇ ਵੀ ਲੋਕ ਆਤਮਹੱਤਿਆ ਕਰਦੇ ਹਨ, ਉਹ ਸਾਰੇ ਗੰਨ ਦੀ ਵਰਤੋਂ ਕਰਦੇ ਹਨ। ਮਨੁੱਖੀ ਹੱਤਿਆ ਦੇ ਮਾਮਲੇ ਵਿਚ ਸਰਵੇ ਅਨੁਸਾਰ ਅਮਰੀਕਾ ਦੁਨੀਆ ਵਿਚ ਚੌਥੇ ਨੰਬਰ ’ਤੇ ਆਉਂਦਾ ਹੈ। ਮੈਕਸੀਕੋ, ਤੁਰਕੀ ਤੇ ਐਸਟੋਨੀਆ ਇਸ ਮਾਮਲੇ ’ਚ ਅਮਰੀਕਾ ਤੋਂ ਅੱਗੇ ਹਨ। ਗੰਨ ਦਾ ਅਚਾਨਕ ਚੱਲਣਾ ਵੀ ਆਮ ਗੱਲ ਹੈ। ਜਿਨ੍ਹਾਂ ਘਰਾਂ ਵਿਚ ਗੰਨਜ਼ ਆਤਮ-ਰੱਖਿਆ ਲਈ ਰੱਖੀਆਂ ਜਾਂਦੀਆਂ ਹਨ, ਉਨ੍ਹਾਂ ਦੀ ਵਰਤੋਂ ਜ਼ਿਆਦਾਤਰ ਲੁੱਟਮਾਰ ਲਈ ਕੀਤੀ ਜਾਂਦੀ ਹੈ। ਜਨਵਰੀ ਤੇ ਫਰਵਰੀ 2021 ਵਿਚ ਗੰਨਜ਼ ਦੀ ਵਿਕਰੀ ਪਿਛਲੇ ਸਾਲ ਨਾਲੋਂ ਜ਼ਿਆਦਾ ਹੋਈ ਹੈ।
ਇਹ ਵੀ ਪੜ੍ਹੋ: ਬ੍ਰਿਟੇਨ ਨੇ ਭਾਰਤ ਤੋਂ ਹਟਾਈ ਯਾਤਰਾ ਪਾਬੰਦੀ ਤਾਂ ਪਾਕਿ ਨੂੰ ਲੱਗੀਆਂ ਮਿਰਚਾਂ, ਲਾਇਆ ਇਹ ਇਲਜ਼ਾਮ
ਸਖ਼ਤ ਕਾਨੂੰਨ ਲਿਆਉਣ ਦੀ ਤਿਆਰੀ ’ਚ ਬਾਈਡੇਨ ਸਰਕਾਰ
ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਅਨੁਸਾਰ ਗੰਨ ਵਾਇਲੈਂਸ ਨੂੰ ਕੰਟੋਰਲ ਕਰਨ ਲਈ ਕਾਂਗਰਸ ’ਚ ਸਖਤ ਕਾਨੂੰਨ ਲਿਆਂਦਾ ਜਾਵੇਗਾ। ਕੁਝ ਦਿਨ ਪਹਿਲਾਂ ਕਾਂਗਰਸ ਵਿਚ 2 ਬਿੱਲ ਪਾਸ ਹੋਏ ਹਨ, ਜਿਸ ਨਾਲ ਬੈਕਗਰਾਊਂਡ ਚੈੱਕ ਸਿਸਟਮ ਦੀਆਂ ਖ਼ਾਮੀਆਂ ਨੂੰ ਦੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਹੁਣ ਸੰਵਿਧਾਨ ਵਿਚ ਦੂਜੀ ਸੋਧ ਦੀ ਉਡੀਕ ਨਹੀਂ ਕਰ ਸਕਦੀ। ਅਸੀਂ ਲੋਕਾਂ ਦੀ ਜਾਨ ਬਚਾਉਣੀ ਹੈ। ਸਰਕਾਰ ਜਲਦੀ ਹੀ ਲੋਕਾਂ ਦੇ ਬਚਾਅ ਲਈ ਅਜਿਹੇ ਕਾਨੂੰਨ ਬਣਾਏਗੀ ਤਾਂ ਜੋ ਖਤਰਨਾਕ ਹਥਿਆਰਾਂ ਦੀ ਕੋਈ ਆਸਾਨੀ ਨਾਲ ਖਰੀਦ ਨਾ ਕਰ ਸਕੇ। ਬਾਈਡੇਨ ਨੇ ਆਪਣੇ ਐਗਜ਼ੀਕਿਊਟਿਵ ਆਰਡਰ ਦੀ ਵਰਤੋਂ ਨਾ ਕੀਤੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਮਰੀਕਾ ਗੰਨ ਵਾਇਲੈਂਸ ਦੇ ਮਾਮਲੇ ’ਚ ਦੁਨੀਆ ਵਿਚ ਪਹਿਲੇ ਨੰਬਰ ’ਤੇ ਆ ਜਾਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਲਦੀ ਹੀ ਗੈਂਗਸਟਰਾਂ ਤੇ ਸਮੱਗਲਰਾਂ ’ਤੇ ਨੁਕੇਲ ਕੱਸੇ ਤਾਂ ਜੋ ਹਿੰਸਾ ਘੱਟ ਹੋ ਸਕੇ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਦੁੱਖ ਭਰੀ ਖ਼ਬਰ, ਭਾਰਤੀ ਮੂਲ ਦੇ ਨੌਜਵਾਨ ਦੀ ਖੱਡ ’ਚੋਂ ਮਿਲੀ ਲਾਸ਼
ਕੋਵਿਡ ਮਹਾਮਾਰੀ ਨਾਲ ਵਧੀ ਗੰਨ ਵਾਇਲੈਂਸ
ਗੰਨ ਵਾਇਲੈਂਸ ਦਾ ਮੁੱਖ ਕਾਰਨ ਗੰਨਜ਼ ਦੀ ਖੁੱਲ੍ਹੀ ਵਿਕਰੀ ਹੈ। ਜਿੰਨੀ ਜ਼ਿਆਦਾ ਗੰਨਜ਼ ਦੀ ਵਿਕਰੀ ਹੋਵੇਗੀ, ਓਨੀ ਹੀ ਜ਼ਿਆਦਾ ਗੰਨ ਵਾਇਲੈਂਸ ਹੋਵੇਗੀ। ਜਿਹੜੇ ਲੋਕ ਘਰ ਵਿਚ ਗੰਨ ਸੁਰੱਖਿਅਤ ਥਾਂ ’ਤੇ ਨਹੀਂ ਰੱਖਦੇ, ਉਨ੍ਹਾਂ ਦੇ ਬੱਚੇ ਵੀ ਉਸ ਦੀ ਵਰਤੋਂ ਹਿੰਸਾ ਫੈਲਾਉਣ ਲਈ ਕਰਦੇ ਹਨ। ਇਕ ਹੋਰ ਮੁੱਖ ਕਾਰਨ ਗੈਰ-ਕਾਨੂੰਨੀ ਜਾਂ ਚੋਰੀ ਦੇ ਹਥਿਆਰ ਖਰੀਦਣਾ ਵੀ ਹੈ। ਅਮਰੀਕਾ ਵਿਚ ਕੋਵਿਡ-19 ਦੀ ਮਹਾਮਾਰੀ ਅਤੇ ਗੰਨ ਵਾਇਲੈਂਸ ਦੀ ਮਹਾਮਾਰੀ ਨਾਲ-ਨਾਲ ਚੱਲ ਰਹੀਆਂ ਹਨ। ਇਹ ਵਾਇਲੈਂਸ ਸਿਆਸਤਦਾਨਾਂ ਦੀ ਨਾਲਾਇਕੀ ਕਾਰਨ ਵੀ ਹੈ, ਜੋ ਇਸ ਨੂੰ ਰੋਕਣ ਲਈ ਸਖਤ ਕਦਮ ਨਹੀਂ ਚੁੱਕ ਰਹੇ। ਸਾਰੇ ਸੂਬਿਆਂ ਦੇ ਕਾਨੂੰਨ ਇਕੋ ਜਿਹੇ ਨਹੀਂ ਹਨ। ਅਮਰੀਕਾ ਵਿਚ ਕਈ ਸੂਬਿਆਂ ’ਚ ਤਾਂ ਬੈਕਗਰਾਊਂਡ ਚੈੱਕ ਕੀਤੇ ਬਿਨਾਂ ਹੀ ਗੰਨ ਦੇ ਦਿੱਤੀ ਜਾਂਦੀ ਹੈ, ਜਿਸ ਨਾਲ ਗੰਨ ਵਾਇਲੈਂਸ ਨੂੰ ਉਤਸ਼ਾਹ ਮਿਲਦਾ ਹੈ। ਜੇ ਸਾਰੇ ਸੂਬਿਆਂ ਵਿਚ ਇਕੋ ਜਿਹੇ ਕਾਨੂੰਨ ਹੋਣ ਤਾਂ ਇਸ ਵਾਇਲੈਂਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।