ਆਸਟ੍ਰੇਲੀਆ ਪਹੁੰਚੇ ਵਿਦੇਸ਼ੀ ਸੈਲਾਨੀਆਂ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ

Monday, Feb 21, 2022 - 11:53 AM (IST)

ਕੈਨਬਰਾ (ਭਾਸ਼ਾ)- ਆਸਟ੍ਰੇਲੀਅਨ ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਕਾਰਨ ਲਾਈਆਂ ਗਈਆਂ ਪਾਬੰਦੀਆਂ ਵਿੱਚ ਲਗਭਗ ਦੋ ਸਾਲਾਂ ਬਾਅਦ ਢਿੱਲ ਦੇਣ ਤੋਂ ਬਾਅਦ ਸੋਮਵਾਰ ਨੂੰ ਅੰਤਰਰਾਸ਼ਟਰੀ ਸੈਲਾਨੀ ਅਤੇ ਕਾਰੋਬਾਰੀ ਕੁਝ ਸ਼ਰਤਾਂ ਨਾਲ ਦੇਸ਼ ਵਿੱਚ ਦਾਖਲ ਹੋਣੇ ਸ਼ੁਰੂ ਹੋ ਗਏ ਹਨ। ਆਸਟ੍ਰੇਲੀਆ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਸੀ, ਜਿਸਨੇ ਕੋਵਿਡ-19 ਮਹਾਮਾਰੀ ਕਾਰਨ ਕੁਝ ਬਹੁਤ ਸਖ਼ਤ ਕਦਮ ਚੁੱਕੇ ਹਨ। ਕਰੀਬ ਦੋ ਸਾਲ ਬਾਅਦ ਟੀਕਾਕਰਨ ਪੂਰਾ ਕਰਾ ਕੇ ਆਏ ਅੰਤਰਰਾਸ਼ਟਰੀ ਯਾਤਰੀਆਂ ਦਾ ਸਿਡਨੀ ਹਵਾਈ ਅੱਡੇ 'ਤੇ ਸ਼ੁਭਚਿੰਤਕਾਂ ਦੁਆਰਾ ਇੱਕ 'ਕੋਆਲਾ' ਖਿਡੌਣਾ ਹਿਲਾ ਕੇ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਆਸਟ੍ਰੇਲੀਆ ਦੇ ਮਸ਼ਹੂਰ ਭੋਜਨ, ਜਿਸ ਵਿੱਚ ਟਿਮ ਟੈਕ ਚਾਕਲੇਟ ਬਿਸਕੁਟ ਅਤੇ ਵੇਜਮਾਈਟ ਦੀ ਇੱਕ ਬੋਤਲ ਸ਼ਾਮਲ ਹੈ, ਭੇਂਟ ਕੀਤੀ ਗਈ। 

ਪੜ੍ਹੋ ਇਹ ਅਹਿਮ ਖ਼ਬਰ - ਖੁਸ਼ਖ਼ਬਰੀ : ਆਸਟ੍ਰੇਲੀਆ ਨੇ ਦੋ ਸਾਲਾਂ ਬਾਅਦ ਅੰਤਰਰਾਸ਼ਟਰੀ ਯਾਤਰੀਆਂ ਲਈ ਖੋਲ੍ਹੇ ਦਰਵਾਜ਼ੇ

ਲਾਸ ਏਂਜਲਸ ਤੋਂ ਕੈਂਟਾਸ ਫਲਾਈਟ ਵਿਚ ਪਹਿਲੇ ਯਾਤਰੀਆਂ ਦਾ ਸਵਾਗਤ ਕਰਨ ਲਈ ਫੈਡਰਲ ਸੈਰ-ਸਪਾਟਾ ਮੰਤਰੀ ਡੈਨ ਤੇਹਾਨ ਖੁਦ ਸਥਾਨਕ ਸਮੇਂ ਅਨੁਸਾਰ ਸਵੇਰੇ 6:20 ਵਜੇ ਮੌਜੂਦ ਸਨ। ਉਹਨਾਂ ਨੇ ਆਸਟ੍ਰੇਲੀਆਈ ਪ੍ਰਸਾਰਣ ਕਾਰਪੋਰੇਸ਼ਨ ਟੈਲੀਵਿਜ਼ਨ ਨੂੰ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਡਾ ਸੈਰ-ਸਪਾਟਾ ਬਾਜ਼ਾਰ ਮੁੜ ਮਜ਼ਬੂਤੀ ਨਾਲ ਉਭਰੇਗਾ। ਸਾਡੇ ਸ਼ਾਨਦਾਰ ਅਨੁਭਵ ਖ਼ਤਮ ਨਹੀਂ ਹੋਏ ਹਨ। ਗ੍ਰਹਿ ਮਾਮਲਿਆਂ ਦੇ ਮੰਤਰੀ ਕੈਰਨ ਐਂਡਰਿਊ ਨੇ ਕਿਹਾ ਕਿ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਵਰਗੀ ਸਥਿਤੀ ਤੋਂ ਬਚਣ ਲਈ ਆਸਟ੍ਰੇਲੀਆ ਪਹੁੰਚਣ ਤੋਂ ਪਹਿਲਾਂ ਸਾਰੇ ਯਾਤਰੀਆਂ ਦੀ ਟੀਕਾਕਰਣ ਸਥਿਤੀ ਦੀ ਜਾਂਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਜੋਕੋਵਿਚ ਨੂੰ ਆਸਟ੍ਰੇਲੀਆ ਰਵਾਨਾ ਹੋਣ ਤੋਂ ਪਹਿਲਾਂ ਸਪੇਨ ਵਿਚ ਆਟੋਮੈਟਿਕ ਪ੍ਰਕਿਰਿਆ ਜ਼ਰੀਏ ਵੀਜ਼ਾ ਜਾਰੀ ਕੀਤਾ ਗਿਆ ਸੀ ਪਰ ਮੈਲਬੌਰਨ ਪਹੁੰਚਣ 'ਤੇ ਕੋਵਿਡ-19 ਨਿਯਮਾਂ ਕਾਰਨ ਵਾਪਸ ਭੇਜ ਦਿੱਤਾ ਗਿਆ ਸੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News