ਅਮਰੀਕਾ ਵਿਚਾਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਦੀਆਂ ਵਧੀਆਂ ਮੁਸ਼ਕਲਾਂ

Wednesday, Jan 17, 2018 - 02:24 AM (IST)

ਨਿਊ ਯਾਰਕ—ਅਮਰੀਕਾ 'ਚ ਡਾਕਟਰੀ ਇਲਾਜ ਬਹੁਤ ਮਹਿੰਗਾ ਹੋਣ ਕਾਰਨ ਸਿਹਤ ਬੀਮੇ ਤੋਂ ਬਗੈਰ ਗੁਜ਼ਾਰਾ ਕਰਨਾ ਮਸ਼ੁਕਲ ਹੈ ਪਰ ਲੱਖਾਂ ਦੀ ਗਿਣਤੀ 'ਚ ਗ਼ੈਰਕਾਨੂੰਨੀ ਪ੍ਰਵਾਸੀ ਸਿਹਤ ਬੀਮੇ ਦੀ ਗੈਰਮੌਜੂਦਗੀ 'ਚ ਆਪਣੀ ਜਾਨ ਦਾ ਜੋਖਮ ਉਠਾਉਣ ਲਈ ਮਜਬੂਰ ਹਨ। ਐਮਰਜੰਸੀ ਸੰਭਾਲ ਦੀ ਗਾਰੰਟੀ ਹੋਣ ਦੇ ਬਾਵਜੂਦ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਦੀ ਦਵਾਈ ਲੈਣ ਵਾਸਤੇ ਜੂਝਣਾ ਪੈਂਦਾ ਹੈ। ਯੂਨੀਵਰਸਿਟੀ ਆਫ ਕੈਲੀਫੋਰਨੀਆ, ਲਾਸ ਏਂਜਲਸ ਦੇ ਸੈਂਟਰ ਫਾਰ ਹੈਲਥ ਪਾਲਿਸੀ ਰਿਸਰਚ ਨਾਲ ਸਬੰਧਤ ਸਟੀਵਨ ਵੌਲੇ ਮੁਤਾਬਲ, ਜੇ ਤੁਸੀਂ ਗ਼ੈਰਕਾਨੂੰਨੀ ਪ੍ਰਵਾਸੀ ਹੋ ਤਾਂ ਸਮਾਜਿਕ ਸੁਰੱਖਿਆ ਅਤੇ ਮੈਡੀਕੇਅਰ ਵਾਸਤੇ ਅਦਾ ਤਾਂ ਕਰ ਰਹੇ ਹੋ ਪਰ ਜ਼ਰੂਰਤ ਪੈਣ 'ਤੇ ਮਿਲੇਗਾ ਕੁਝ ਨਹੀਂ।
ਦੂਜੇ ਪਾਸੇ ਗ਼ੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਇਹ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਕਿ ਉਹ ਸਿਹਤ ਸੰਭਾਲ ਪ੍ਰਣਾਲੀ 'ਤੇ ਬੋਝ ਬਣੇ ਹੋਏ ਹਨ। ਗ਼ੈਰਕਾਨੂੰਨੀ ਪ੍ਰਵਾਸੀਆਂ ਦੀ ਵਿਰੋਧਤਾ ਕਰਨ ਵਾਲਿਆਂ ਦੀ ਦਲੀਲ ਹੈ ਕਿ ਜਦੋ ਬਗੈਰ ਬੀਮੇ ਵਾਲੇ ਲੋਕ ਹਸਪਤਾਲ 'ਚ ਪੁੱਜਦੇ ਹਨ ਤਾਂ ਇਸ ਨਾਲ ਬੀਮਾ ਦਰਾਂ 'ਚ ਵਾਧਾ ਹੋ ਜਾਂਦਾ ਹੈ। ਮਾਈਗਰੇਸ਼ਨ ਪਾਲਿਸੀ ਇੰਸਟੀਚਿਊਟ ਮੁਤਾਬਕ ਅਮਰੀਕਾ ਵਿਚਾਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਚੋਂ 10 ਫੀਸਦੀ ਦੀ ਉਮਰ 55 ਸਾਲ ਤੋਂ ਵਧ ਹੈ ਅਤੇ ਸਮੇਂ ਦੇ ਨਾਲ ਇਸ ਅੰਕੜੇ 'ਚ ਹੋਰ ਵਾਧਾ ਹੋ ਰਿਹਾ ਹੈ। ਕੈਸਰ ਫਾਊਂਡੇਸ਼ਨ ਦਾ ਮੰਨਣਾ ਹੈ ਕਿ 39ਫੀਸਦੀ ਗ਼ੈਰਕਾਨੂੰਨੀ ਪ੍ਰਵਾਸੀਆਂ ਕੋਲ ਸਿਹਤ ਬੀਮਾ ਨਹੀਂ ਜਦਕਿ ਮਾਈਗ੍ਰੇਸ਼ਲ ਪਾਲਿਸੀ ਇੰਸਟੀਚਿਊਟ ਦਾ ਦਾਅਵਾ ਹੈ ਕਿ 71 ਫੀਸਦੀ ਗ਼ੈਰਕਾਨੂੰਨੀ ਪ੍ਰਵਾਸੀ ਬਗੈਰ ਸਿਹਤ ਬੀਮੇ ਤੋਂ ਜ਼ਿੰਦਗੀ ਗੁਜ਼ਾਰ ਰਹੇ ਹਨ। ਉਮਰ ਵਧਣ ਨਾਲ ਗ਼ੈਰਕਾਨੂੰਨੀ ਪ੍ਰਵਾਸੀਆਂ ਦੀ ਆਰਥਿਕ ਹਾਲਤ ਵੀ ਕਮਜ਼ੋਰ ਹੁੰਦੀ ਚਲੀ ਜਾਂਦੀ ਹੈ।
ਅਫੌਰਡੇਬਲ ਕੇਅਰ ਐਕਟ ਦੇ ਘੇਰੇ 'ਚੋਂ ਬਾਹਰ ਹੋ ਜਾਂਦੇ ਹਨ ਅਤੇ ਮੈਡੀਕੇਡ, ਮੈਡੀਕੇਅਰ ਜਾਂ ਸੋਸ਼ਲ ਸਕਿਊਰਟੀ ਲਈ ਯੋਗ ਨਹੀਂ ਸਮਝੇ ਜਾਂਦੇ। ਅਜਿਹੀ ਹਾਲਤ 'ਚ ਹਸਪਤਾਲਾਂ ਦੇ ਐਮਰਜੰਸੀ ਕਮਰੇ ਜਾਂ ਕਮਿਊਨਿਟੀ ਹੈਲਥ ਸੈਂਟਰ ਹੀ ਇਨ੍ਹਾਂ ਦਾ ਸਹਾਰਾ ਹੁੰਦੇ ਹਨ ਪਰ ਕਮਿਊਨਿਟੀ ਦਾ ਇਲਾਜ ਮੁਹੱਈਆ ਨਹੀਂ ਕਰਵਾਇਆ ਜਾ ਸਕਦਾ। ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਸੈਂਟਰ ਫਾਰ ਹੈਲਥ ਪਾਲਿਸੀ ਰਿਸਰਚ ਦੇ ਡਾਇਰੈਕਟਰ ਪ੍ਰੋ. ਲੇਟਨ ਕੂ ਨੇ ਦੱਸਿਆ ਕਿ ਪੱਕੇ ਪ੍ਰਵਾਸੀ ਵੀ ਸਿਹਤ ਬੀਮਾ ਕਰਵਾਉਣਾ ਤੋਂ ਟਾਲਾ ਵਟਦੇ ਹਨ ਜਦਕਿ ਅਮਰੀਕੀ ਨਾਗਰਿਕਾਂ 'ਚ ਅਜਿਹਾ ਰੁਝਾਨ ਘੱਟ ਹੀ ਨਜ਼ਰ ਆਉਂਦਾ ਹੈ। ਟੈਕਸਾਸ ਮੈਡੀਕਲ ਐਸੋਸੀਏਸ਼ਨ ਦੇ ਰਸਾਲੇ 'ਚ ਪ੍ਰਕਾਸ਼ਤ ਇਕ ਰਿਪੋਰਟ ਖੁਲਾਸਾ ਕਰਦੀ ਹੈ ਕਿ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਡਾਕਟਰੀ ਇਲਾਜ਼ 'ਚ ਕਈ ਤਰ੍ਹਾਂ ਦੇ ਅੜਿੱਕਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿਹਤ ਸਬੰਧੀ ਮੁਸ਼ਕਲਾਂ ਨੂੰ ਵੇਖਦਿਆਂ ਅਮਰੀਕਾ ਦੇ ਕਈ ਸ਼ਹਿਰ ਜਿਵੇਂ ਲਾਸ ਏਂਲਜਸ, ਸਾਨ ਫਰਾਂਸਿਸਕੋ ਅਤੇ ਵਾਸ਼ਿੰਗਟਨ ਡੀ.ਸੀ. ਨੇ ਗ਼ੈਰਕਾਨੂੰਨੀ ਪ੍ਰਵਾਸੀਆਂ ਦੀ ਮਦਦ ਕਰਨ ਦਾ ਫੈਸਲਾ ਕੀਤਾ। ਲਾਸ ਏਂਲਜਸ ਦੀ ਡਾ. ਕ੍ਰਿਸਟੀਨਾ ਹਿਲਸਨ ਨੇ ਦੱਸਿਆ ਕਿ ਇਲਾਜ ਲਈ ਆਉਣ ਵਾਲੇ ਵਡੇਰੀ ਉਮਰ ਦੇ ਗ਼ੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਜੋ ਓਵੇਰੀਅਨ ਕੈਂਸਰ ਤੋਂ ਡਾਇਬਟੀਜ਼ ਵਰਗੀਆਂ ਬਿਮਾਰੀਆਂ ਨਾਲ ਪੀੜਤ ਹੁੰਦੇ ਹਨ। ਡਾ.ਹਿਲਸਨ ਕਈ ਵਾਰ ਉਨ੍ਹਾਂ ਮਰੀਜ਼ਾਂ ਨੂੰ ਵੀ ਐਮਰਜੰਸੀ ਕਮਰਿਆਂ 'ਚ ਭੇਜ ਦਿੰਦੀ ਹੈ ਜਿਨਾਂ ਦੀ ਬਿਮਾਰੀ ਜ਼ਿਆਦਾ ਗੰਭੀਰ ਨਹੀਂ ਹੁੰਦੀ ਤਾਂ ਕਿ ਸਪੈਸ਼ਲਿਸਟ ਡਾਕਟਰ ਤੋਂ ਇਲਾਜ ਹੋ ਸਕੇ। ਸੈਂਟਰ ਫਾਰ ਇੰਮੀਗ੍ਰੇਸ਼ਨ ਸਟੱਡੀਜ਼ ਦੇ ਸਟੀਵਨ ਕੈਮਾਰੋਟਾ ਦਾ ਕਹਿਣਾ ਸੀ ਕਿ ਬਜ਼ੁਰਗਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਇਕੋ-ਇਕ ਰਾਹ ਇਹ ਹੈ ਕਿ ਉਨ੍ਹਾਂ ਨੂੰ ਅਮਰੀਕਾ 'ਚ ਪੱਕਾ ਕਰ ਦਿੱਤਾ ਜਾਵੇ। ਫ਼ੈਡਰਲ ਇੰਮੀਗ੍ਰੇਸ਼ਨ ਕਾਨੂੰਨ 'ਚ ਸੋਧ ਕੀਤੇ ਬਗੈਰ ਅਜਿਹਾ ਸੰਭਵ ਨਹੀਂ।


Related News