ਕੋਰੋਨਾ ਦੇ ਕਹਿਰ ਤੋਂ ਨਹੀਂ ਬਚ ਸਕਣਗੇ ਗੂਗਲ-ਫੇਸਬੁੱਕ, ਇਸ ਕਾਰਨ ਘਟ ਹੋ ਸਕਦੀ ਹੈ ਆਮਦਨ

Tuesday, Apr 28, 2020 - 07:07 PM (IST)

ਕੋਰੋਨਾ ਦੇ ਕਹਿਰ ਤੋਂ ਨਹੀਂ ਬਚ ਸਕਣਗੇ ਗੂਗਲ-ਫੇਸਬੁੱਕ, ਇਸ ਕਾਰਨ ਘਟ ਹੋ ਸਕਦੀ ਹੈ ਆਮਦਨ

ਵਾਸ਼ਿੰਗਟਨ - ਕੋਰੋਨਾ ਵਾਇਰਸ ਦੇ ਸੰਕਟ ਵਿਚਕਾਰ ਕੰਪਨੀਆਂ ਆਪਣੇ ਖਰਚਿਆਂ ਵਿਚ ਕਟੌਤੀ ਕਰ ਰਹੀਆਂ ਹਨ। ਇਸ ਨਾਲ ਡਿਜੀਟਲ ਵਿਗਿਆਪਨ 'ਤੇ ਉਨ੍ਹਾਂ ਦਾ ਖਰਚਾ ਘਟਿਆ ਹੈ। ਅਜਿਹੇ ਵਿਚ ਗੂਗਲ ਅਤੇ ਫੇਸਬੁੱਕ ਵਰਗੀਆਂ ਕੰਪਨੀਆਂ ਲਈ ਪਰੇਸ਼ਾਨੀ ਖੜੀ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਦੀ ਆਮਦਨ ਦਾ ਇਕ ਵੱਡਾ ਹਿੱਸਾ ਡਿਜੀਟਲ ਵਿਗਿਆਪਨਾਂ ਤੋਂ ਹੀ ਆਉਂਦਾ ਹੈ। ਇਸ ਕਾਰਨ ਪਹਿਲੀ ਵਾਰ ਇਨ੍ਹਾਂ  ਦੀ ਆਮਦਨ ਅਸਲ ਵਿਚ ਘੱਟ ਸਕਦੀ ਹੈ।

ਕੋਰੋਨਾ ਵਾਇਰਸ ਕਾਰਨ ਲੋਕ ਘਰਾਂ ਵਿਚ ਰਹਿਣ ਲਈ ਮਜਬੂਰ ਹਨ। ਇਸ ਦੇ ਨਾਲ ਹੀ ਅਮਰੀਕਾ ਵਿਚ ਬੇਰੋਜ਼ਗਾਰੀ ਵੀ ਵਧ ਰਹੀ ਹੈ। ਕੰਪਨੀਆਂ ਦੇ ਵਿਗਿਆਪਨ ਦੇ ਬਾਜ਼ਾਰ ਵਿਚ ਗੂਗਲ ਅਤੇ ਫੇਸਬੁੱਕ ਕੋਲ ਕਰੀਬ 70 ਫੀਸਦੀ ਹਿੱਸੇਦਾਰੀ ਹੈ। ਅਜਿਹੇ ਵਿਚ ਕਮਾਈ ਘਟਣ ਦਾ ਅਸਰ ਸਿੱਧੇ ਤੌਰ ਤੇ ਕੰਪਨੀ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਆਮਦਨ ਤੇ ਪਵੇਗਾ। ਅਜਿਹੇ ਵਿਚ ਇਨ੍ਹਾਂ ਕਰਮਚਾਰੀਆਂ ਦੀ ਤਨਖਾਹ ਵਿਚ ਕਟੌਤੀ ਦਾ ਵਿਕਲਪ ਚੁਣਿਆ ਜਾ ਸਕਦਾ ਹੈ। ਦੁਨੀਆ ਦੇ ਹੋਰ ਖੇਤਰਾਂ ਦੀਆਂ ਕੰਪਨੀਆਂ ਵੀ ਅਜਿਹੇ ਵਿਕਲਪ ਪਹਿਲਾਂ ਹੀ ਚੁਣ ਚੁੱਕੀਆਂ ਹਨ।

ਇਕ ਅੰਗਰੇਜ਼ੀ ਦੀ ਅਖਬਾਰ ਦੀ ਰਿਪੋਰਟ ਅਨੁਸਾਰ ਗੂਗਲ ਖੁਦ ਆਪਣੇ ਖਰਚੇ ਘਟਾਉਣ ਤੇ ਵਿਚਾਰ ਕਰ ਰਹੀ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਨੇ ਕਰਮਚਾਰੀਆਂ ਨੂੰ ਸੰਦੇਸ਼ ਭੇਜ ਕੇ ਕਿਹਾ ਕਿ ਅਗਲੇ ਸਾਲ ਲਈ ਕੰਪਨੀ ਨਵੀਂਆਂ ਨੌਕਰੀਆਂ ਦੇਣ ਚ ਕਟੌਤੀ ਕਰੇਗੀ। ਫੇਸਬੁੱਕ ਨੇ ਵੀ ਪਿਛਲੇ ਮਹੀਨੇ ਵਿਗਿਆਪਨ ਤੋਂ ਹੋਣ ਵਾਲੀ ਆਮਦਨ ਘਟਣ ਦੇ ਕਾਰਨ ਕਾਰੋਬਾਰ ਪ੍ਰਭਾਵਿਤ ਹੋਣ ਦੀ ਚਿਤਾਵਨੀ ਦਿੱਤੀ ਸੀ। ਹਾਲਾਂਕਿ ਉਸਨੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਸੀ।

ਕੰਪਨੀ ਨੇ ਕਿਹਾ ਸੀ ਕਿ ਉਸਦੇ ਪਲੇਟਫਾਰਮ ਤੇ ਵਾਇਸ ਅਤੇ ਵੀਡੀਓ ਕਾਲਿੰਗ ਦਾ ਟ੍ਰੈਫਿਕ ਹਾਲਾਂਕਿ ਦੁੱਗਣਾ ਵਧ ਗਿਆ ਹੈ ਅਤੇ ਇਸ ਦੇ ਨਾਲ ਹੀ ਮੈਸੇਜ ਦਾ ਟ੍ਰੈਫਿਕ ਵੀ 50 ਫੀਸਦੀ ਤੱਕ ਵਧਿਆ ਹੈ ਪਰ ਇਸ ਨਾਲ ਕੰਪਨੀ ਦੀ ਆਮਦਨ ਨੂੰ ਕੋਈ ਫਰਕ ਨਹੀਂ ਪੈਂਦਾ ਯਾਨੀ ਕਿ ਕੋਈ ਕਮਾਈ ਨਹੀਂ ਹੁੰਦੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਡਿਜੀਟਲ ਵਿਗਿਆਪਨ ਵਿਚ ਕਮੀ ਨਾਲ ਕੰਪਨੀਆਂ ਦੀ ਆਮਦਨ ਕਿੰਨੀ ਪ੍ਰਭਾਵਿਤ ਹੋਵੇਗੀ ਪਰ ਇਸ ਹਫਤੇ ਫੇਸਬੁੱਕ ਅਤੇ ਗੂਗਲ ਦੀ ਪੇਰੈਂਟ ਕੰਪਨੀ ਐਲਫਾਬੈਟ ਦੇ ਪਹਿਲੀ ਤਿਮਾਹੀ ਦੇ ਨਤੀਜਿਆਂ ਵਿਚ ਕੁਝ ਸੰਕੇਤ ਮਿਲ ਸਕਦੇ ਹਨ।


author

Harinder Kaur

Content Editor

Related News