ਆਸਟ੍ਰੇਲੀਆ ''ਚ ਸਮੁੰਦਰੀ ਕੀੜੇ ਬਣੇ ਲੋਕਾਂ ਲਈ ਵੱਡੀ ਮੁਸ਼ਕਲ, ਹੁਣ ਔਰਤ ਬਣੀ ਇਨ੍ਹਾਂ ਦਾ ਸ਼ਿਕਾਰ

08/08/2017 4:36:37 PM

ਗੋਲਡ ਕੋਸਟ— ਆਸਟ੍ਰੇਲੀਆ 'ਚ ਸਮੁੰਦਰ 'ਚ ਪਾਏ ਜਾਣ ਵਾਲੇ ਅਜੀਬ ਕਿਸਮ ਦੇ ਛੋਟੇ-ਛੋਟੇ ਕੀੜੇ ਲੋਕਾਂ ਲਈ ਵੱਡੀ ਮੁਸ਼ਕਲ ਬਣ ਗਏ ਹਨ। ਬੀਤੇ ਦਿਨੀਂ ਇਨ੍ਹਾਂ ਕੀੜਿਆਂ ਦਾ ਸ਼ਿਕਾਰ ਮੈਲਬੌਰਨ ਬੀਚ 'ਤੇ ਤੈਰਨ ਗਿਆ ਲੜਕਾ ਹੋਇਆ ਸੀ। ਜਿਸ ਕਾਰਨ ਉਸ ਦੀਆਂ ਲੱਤਾਂ ਤੋਂ ਪੈਰਾਂ ਤੱਕ ਖੂਨ ਵਹਿਣ ਲੱਗ ਪਿਆ। ਡਾਕਟਰ ਵੀ ਇਨ੍ਹਾਂ ਜ਼ਖਮਾਂ ਨੂੰ ਸਮਝ ਨਹੀਂ ਸਕੇ ਸਨ ਅਤੇ ਬਾਅਦ 'ਚ ਇਸ ਦਾ ਅਸਲ ਕਾਰਨ ਪਤਾ ਲਾਇਆ ਗਿਆ। ਇਹ ਕੀੜੇ ਸਮੁੰਦਰ 'ਚ ਪਾਏ ਜਾਣ ਵਾਲੇ ਅਜੀਬ ਕਿਸਮ ਦੇ ਛੋਟੇ-ਛੋਟੇ ਕੀੜੇ ਹਨ, ਜੋ ਕਿ ਮਾਸ ਨੂੰ ਖਾਂਦੇ ਹਨ। ਲੜਕਾ ਪਾਣੀ ਵਿਚ ਤਕਰੀਬਨ ਅੱਧਾ ਘੰਟਾ ਰਿਹਾ ਅਤੇ ਜਦੋਂ ਬਾਹਰ ਆਇਆ ਤਾਂ ਉਸ ਦੀਆਂ ਲੱਤਾਂ 'ਚੋਂ ਖੂਨ ਵਹਿ ਰਿਹਾ ਸੀ। ਇਹ ਮਾਮਲਾ ਮੈਲਬੌਰਨ ਦੇ ਬ੍ਰਿਗਟਨ ਬੀਚ ਦਾ ਹੈ। 
ਹੁਣ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਆਸਟ੍ਰੇਲੀਆ ਦੇ ਗੋਲਡ ਕੋਸਟ ਦੀ ਔਰਤ ਨਿਊ ਸਾਊਥ ਵੇਲਜ਼ ਦੀ ਟਵੀਟ ਨਦੀ 'ਤੇ ਸੈਰ ਕਰਨ ਗਈ ਸੀ ਅਤੇ ਕੁਝ ਦੇਰ ਲਈ ਪਾਣੀ 'ਚ ਵੀ ਖੜ੍ਹੀ ਹੋਈ। ਜਦੋਂ ਉਹ ਪਾਣੀ 'ਚੋਂ ਬਾਹਰ ਆ ਕੇ ਰੇਤ 'ਤੇ ਤੁਰਦੀ ਗਈ ਤਾਂ ਉਸ ਨੂੰ ਕੁਝ ਚੁੱਭਦਾ ਮਹਿਸੂਸ ਹੋਇਆ। ਦਰਅਸਲ ਇਸ ਔਰਤ ਨਾਲ ਵੀ ਉਹ ਹੀ ਵਾਪਰਿਆ ਜੋ ਕਿ ਮੈਲਬੌਰਨ ਦੇ 16 ਸਾਲਾ ਸੈਮ ਕਾਨਿਜ਼ ਨਾਲ ਵਾਪਰਿਆ ਸੀ। ਉਸ ਦੀਆਂ ਲੱਤਾਂ 'ਚੋਂ ਵੀ ਖੂਨ ਵਹਿਣ ਲੱਗ ਪਿਆ, ਉਸ 'ਤੇ ਵੀ ਇਨ੍ਹਾਂ ਛੋਟੇ-ਛੋਟੇ ਅਜੀਬ ਕਿਸਮ ਦੇ ਕੀੜਿਆਂ ਨੇ ਹਮਲਾ ਕਰ ਦਿੱਤਾ ਸੀ। ਔਰਤ ਨਾਲ ਇਹ ਘਟਨਾ ਤਿੰਨ ਦਿਨਾਂ ਬਾਅਦ ਵਾਪਰੀ। 
ਐਡੇਲ ਸ਼ਿਰਮਪਟਨ ਨੇ ਦੱਸਿਆ ਕਿ ਉਹ ਟਵੀਟ ਨਦੀ ਵਿਚ ਕਿਸ਼ਤੀ ਚਲਾ ਰਹੀ ਸੀ ਅਤੇ ਉਸ ਨੇ ਆਪਣੀਆਂ ਲੱਤਾਂ ਨੂੰ ਪਾਣੀ 'ਚ ਕੁਝ ਦੇਰ ਲਈ ਰੱਖਿਆ। ਉਸ ਸਮੇਂ ਉਸ 'ਤੇ ਮਾਸ ਖਾਣ ਵਾਲੇ ਜੀਵਾਂ ਨੇ ਹਮਲਾ ਕਰ ਦਿੱਤਾ ਸੀ। ਐਡੇਲ ਨੇ ਦੱਸਿਆ ਕਿ ਉਸ ਦੀਆਂ ਲੱਤਾਂ ਨੂੰ ਤਕਰੀਬਨ 300 ਵਾਰ ਕੱਟਿਆ ਗਿਆ।


Related News