ਵਿਸ਼ਵ ਭਰ 'ਚ 46 ਹਜ਼ਾਰ ਤੋਂ ਵੱਧ ਮੌਤਾਂ, ਜਾਣੋ USA ਤੇ ਹੋਰ ਮੁਲਕਾਂ ਦਾ ਹਾਲ

04/02/2020 9:08:21 AM

ਵਾਸ਼ਿੰਗਟਨ- ਜੋਨਸ ਹੌਪਕਿਨਜ਼ ਯੂਨੀਵਰਸਿਟੀ ਮੁਤਾਬਕ, ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 9,32,605 ਹੋ ਗਈ ਹੈ ਅਤੇ ਘੱਟੋ-ਘੱਟ 46,809 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿੰਗਾਪੁਰ ਵਿਚ ਹੁਣ COVID-19 ਦੇ 1,000 ਮਾਮਲੇ ਦਰਜ ਹੋਏ ਹਨ ਕਿਉਂਕਿ ਵਧੇਰੇ ਵਸਨੀਕ ਵਿਦੇਸ਼ ਤੋਂ ਵਾਪਸ ਆਏ ਹਨ। ਸਿੰਗਾਪੁਰ ਵਿਚ ਚੌਥੀ ਮੌਤ ਹੋਣ ਦੀ ਖਬਰ ਹੈ, ਇਹ ਵਿਅਕਤੀ 68 ਸਾਲਾ ਇੰਡੋਨੇਸ਼ੀਆਈ ਸੀ। ਸਿੰਗਾਪੁਰ ਵਿਚ ਜ਼ਿਆਦਾਤਰ ਮਾਮਲੇ ਲੋਕਲ ਨਹੀਂ ਹਨ। 

PunjabKesari

ਬ੍ਰਾਜ਼ੀਲ, ਇਜ਼ਰਾਇਲ
ਬ੍ਰਾਜ਼ੀਲ ਵਿਚ ਪਿਛਲੇ 24 ਘੰਟੇ ਦੌਰਾਨ ਕੋਵਿਡ-19 ਦੇ ਇਕ ਹਜ਼ਾਰ ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਨਾਲ ਇੱਥੇ ਕੁੱਲ ਮਾਮਲੇ 6836 ਹੋ ਗਏ ਹਨ। ਬ੍ਰਾਜ਼ੀਲ ਵਿਚ ਹੁਣ ਤੱਕ ਤਕਰੀਬਨ 241 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ, ਇਜ਼ਰਾਇਲ ਵਿਚ ਹੁਣ ਤੱਕ 25 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਤਕਰੀਬਨ 6,092 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਗਏ ਹਨ। ਇਜ਼ਰਾਇਲ ਦੇ ਸਿਹਤ ਮੰਤਰਾਲਾ ਮੁਤਾਬਕ 95 ਹੋਰ ਮਰੀਜ਼ਾਂ ਦੀ ਹਾਲਤ ਗੰਭੀਰ ਹੈ ਅਤੇ 241 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। 

USA ਤੇ ਇਸ ਦਾ ਸ਼ਹਿਰ ਨਿਊਯਾਰਕ

PunjabKesari
ਵਿਸ਼ਵ ਦੇ ਸਭ ਤੋਂ ਤਾਕਤਵਰ ਮੁਲਕ ਯੂ. ਐੱਸ. ਏ. ਵਿਚ ਹੁਣ ਤਕ 5,116 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਪੀੜਤਾਂ ਦੀ ਗਿਣਤੀ ਸਭ ਤੋਂ ਵੱਧ ਹੈ, ਜੋ 2,15,417 ‘ਤੇ ਪੁੱਜ ਗਈ ਹੈ। ਸਭ ਤੋਂ ਵੱਧ ਪ੍ਰਭਾਵਿਤ ਨਿਊਯਾਰਕ ਸੂਬਾ ਹੈ ਤੇ ਇਸ ਦੀ ਨਿਊਯਾਰਕ ਸਿਟੀ ਵਿਚ ਹੁਣ ਤਕ 1,374 ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਗਈ ਹੈ। ਵਾਸ਼ਿੰਗਟਨ ਵਿਚ 164 ਮੌਤਾਂ ਹੋ ਚੁੱਕੀਆਂ ਹਨ। ਵ੍ਹਾਈਟ ਹਾਊਸ ਨੂੰ ਅੰਦਾਜ਼ਾ ਹੈ ਕਿ ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿਚ 1 ਲੱਖ ਤੋਂ 2.40 ਲੱਖ ਵਿਚਕਾਰ ਮੌਤਾਂ ਹੋ ਸਕਦੀਆਂ ਹਨ। 

PunjabKesari

ਇਟਲੀ, ਸਪੇਨ
ਇਟਲੀ ਵਿਚ ਹੁਣ ਮੌਤਾਂ ਦੀ ਗਿਣਤੀ 13,155 ਹੋ ਗਈ ਹੈ। ਇਸ ਤੋਂ ਇਲਾਵਾ ਇਟਲੀ ਨੇ ਹੁਣ ਤੱਕ ਕੁੱਲ 1,10,574 ਮਾਮਲੇ ਦਰਜ ਕੀਤੇ ਹਨ, ਜਿਸ ਵਿਚੋਂ 16,847 ਲੋਕ ਠੀਕ ਵੀ ਹੋਏ ਹਨ। ਓਧਰ, ਸਪੇਨ ਵਿਚ 9,387 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਨੇ ਕੋਰੋਨਾ ਵਾਇਰਸ ਦੇ ਹੁਣ ਤੱਕ 1,04,118 ਮਾਮਲੇ ਦਰਜ ਕੀਤੇ ਹਨ, ਜਿਸ ਵਿਚੋਂ 22,647 ਲੋਕਾਂ ਨੂੰ ਠੀਕ ਹੋਣ ਮਗਰੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਇਟਲੀ ਦਾ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਲੋਂਬਾਰਡੀ ਹੈ, ਜਦੋਂ ਕਿ ਸਪੇਨ ਦਾ ਮੈਡ੍ਰਿਡ ਹੈ।

PunjabKesari

ਚੀਨ, ਪਾਕਿਸਤਾਨ
ਕੋਰੋਨਾ ਵਾਇਰਸ ਦੀ ਸ਼ੁਰੂਆਤ ਜਿਸ ਚੀਨ ਤੋਂ ਹੋਈ, ਉੱਥੇ ਇਸ ਵਕਤ ਮੌਤਾਂ ਦੀ ਗਿਣਤੀ 3,316 ਦੱਸੀ ਜਾ ਰਹੀ ਹੈ, ਜਦੋਂ ਕਿ ਮਾਹਰਾਂ ਨੂੰ ਇਸ 'ਤੇ ਖਦਸ਼ਾ ਹੈ। ਪਿਛਲੇ ਸਾਲ ਚੀਨ ਦੇ ਹੁਬੇਈ ਸੂਬੇ ਦੇ ਵੁਹਾਨ ਤੋਂ ਵਾਇਰਸ ਫੈਲਣ ਦੀ ਸ਼ੁਰੂਆਤ ਹੋਈ ਸੀ। ਉੱਥੇ ਹੀ, ਪਾਕਿਸਤਾਨ ਵਿਚ 31 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 2,238 ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਪਾਕਿਸਤਾਨੀ ਪੰਜਾਬ ਵਿਚ 845 ਮਾਮਲੇ ਹੋ ਗਏ ਹਨ ਅਤੇ ਇਹ ਇਸ ਦਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ, ਦੂਜੇ ਨੰਬਰ 'ਤੇ ਸਿੰਧ ਹੈ, ਜਿੱਥੇ 709 ਮਾਮਲੇ ਪਾਜ਼ੀਟਿਵ ਹਨ।


Lalita Mam

Content Editor

Related News