ਪ੍ਰਮਾਤਮਾ ਦਾ ਦਰਸ਼ਨ ਕਰਵਾਉਣਾ ਹੀ ਸਤਿਗੁਰੂ ਦੀ ਪਛਾਣ : ਸਵਾਮੀ ਸਤਮਿਤਰਾਨੰਦ ਜੀ

04/07/2018 7:39:04 AM

ਰੋਮ,( ਕੈਂਥ )— ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਵੱਲੋਂ ਸੰਸਥਾਪਿਤ ਅਤੇ ਸੰਚਾਲਿਤ ਦਿਵਯ ਜਯੋਤੀ ਜਾਗਰਤੀ ਸੰਸਥਾਨ ਤੋਂ ਸਵਾਮੀ ਸਤਮਿੱਤਰਾਨੰਦ ਜੀ (ਜਰਮਨੀ) ਅਤੇ ਸਵਾਮੀ ਕਬੀਰ ਜੀ (ਯੂ.ਕੇ) ਵਿਸ਼ੇਸ਼ ਤੌਰ 'ਤੇ ਬਰਸਲਸ ਮੰਦਿਰ (ਬੈਲਜੀਅਮ) ਵਿਖੇ ਸਤਿਸੰਗ ਪ੍ਰਵਚਨ ਕਰਨ ਲਈ ਪਹੁੰਚੇ। ਸ਼੍ਰੀ ਹਨੂੰਮਾਨ ਜਨਮ ਦਿਵਸ ਦੇ ਅਵਸਰ 'ਤੇ ਬੋਲਦਿਆਂ ਸਵਾਮੀ ਸਤਮਿੱਤਰਾਨੰਦ ਜੀ ਨੇ ਆਪਣੇ ਵਿਚਾਰਾਂ ਵਿਚ ਕਿਹਾ ਕਿ ਹਨੂੰਮਾਨ ਜੀ ਭਗਤੀ , ਸੇਵਾ ਅਤੇ ਤਿਆਗ ਦੀ ਪ੍ਰਤੀਮੂਰਤੀ ਹਨ, ਜਿਨ੍ਹਾਂ ਤੋਂ ਹਰ ਭਗਤ ਨੂੰ ਸਿੱਖਿਆ ਲੈਣੀ ਚਾਹੀਦੀ ਹੈ । ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਦ ਤਕ  ਪ੍ਰਮਾਤਮਾ ਨੂੰ ਨਹੀਂ ਜਾਣਿਆ ਜਾਂਦਾ ਤਦ ਤਕ ਭਗਤੀ ਦੀ ਸ਼ੁਰੂਆਤ ਨਹੀਂ ਹੋ ਸਕਦੀ।

PunjabKesari

ਉਨ੍ਹਾਂ ਕਿਹਾ ਕਿ ਜਦੋਂ ਵੀ ਇਸ ਧਰਤੀ 'ਤੇ ਮਹਾਪੁਰਸ਼ਾਂ ਦਾ ਆਗਮਨ ਹੋਇਆ ਹੈ ਤਾਂ ਉਨ੍ਹਾਂ ਨੇ ਮਾਨਵਤਾ ਦੀ ਭਟਕਦੀ ਚੇਤਨਾ ਨੂੰ ਗਿਆਨ ਨਾਲ ਸਥਿਰ ਕਰਕੇ ਉਸ ਨੂੰ ਏਕਤਾ, ਸ਼ਾਂਤੀ ਅਤੇ ਸਦਭਾਵਨਾ ਦਾ ਮਾਰਗ ਦਿਖਾਇਆ ਹੈ। ਹਮੇਸ਼ਾ ਤੋਂ ਹੀ ਸੰਤਾਂ ਮਹਾਪੁਰਸ਼ਾਂ ਦਾ ਇਹੀ ਉਪਦੇਸ਼ ਰਿਹਾ ਹੈ ਕਿ ਸੰਸਾਰ ਨਾਸ਼ਵਾਨ ਹੈ । ਮਨੁੱਖ ਇਸ ਸੰਸਾਰ ਦੀ ਮੋਹ ਮਾਇਆ ਵਿਚ ਉਲਝ ਜਾਂਦਾ ਹੈ ਪਰ ਸੰਤਾਂ ਮਹਾਪੁਰਸ਼ਾਂ ਨਾਲ ਮਨੁੱਖ ਫਿਰ ਤੋਂ ਭਗਤੀ ਵੱਲ ਮੋੜ ਦਿੱਤਾ ਜਾਂਦਾ ਹੈ। ਇਸ ਲਈ ਪੂਰਨ ਗੁਰੂ ਦੁਆਰਾ ਬ੍ਰਹਮ ਗਿਆਨ ਦੀ ਪ੍ਰਾਪਤੀ ਉਪਰੰਤ ਹੀ ਭਗਤੀ ਸੰਭਵ ਹੈ। ਸਵਾਮੀ ਕਬੀਰ ਜੀ ਨੇ ਆਪਣੇ ਮਧੁਰ ਬਾਣੀ ਵਿਚ ਭਜਨਾਂ ਦਾ ਗਾਇਨ ਕੀਤਾ ਅਤੇ ਕਿਹਾ ਕਿ ਜਦ ਤਕ ਇਨਸਾਨ ਆਤਮਾ ਦਾ ਕਲਿਆਣ ਨਹੀਂ ਕਰਦਾ ਤਦ ਤਕ ਜੀਵਨ ਸ਼ਾਂਤ ਨਹੀਂ ਹੋ ਸਕਦਾ । ਇਸ ਲਈ ਗੁਰੂ ਦੀ ਸ਼ਰਨ ਬਹੁਤ ਜਰੂਰੀ ਹੈ । ਅੰਤ ਵਿਚ ਮੰਦਰ ਕਮੇਟੀ ਵੱਲੋਂ ਇਨ੍ਹਾਂ ਮਹਾਨ ਵਿਚਾਰਾਂ ਵਾਸਤੇ ਸਵਾਮੀ ਜੀ ਦਾ ਧੰਨਵਾਦ ਕੀਤਾ ਗਿਆ।


Related News