ਕੋਰੋਨਾ ਦੇ ਮਾਮਲਿਆਂ ’ਚ ਤੇਜ਼ੀ ਆਉਣ ਕਾਰਨ ਲੈਵਲ ਤਿੰਨ ’ਚ ਰਹੇਗਾ ਗਲਾਸਗੋ

Saturday, May 15, 2021 - 05:47 PM (IST)

ਕੋਰੋਨਾ ਦੇ ਮਾਮਲਿਆਂ ’ਚ ਤੇਜ਼ੀ ਆਉਣ ਕਾਰਨ ਲੈਵਲ ਤਿੰਨ ’ਚ ਰਹੇਗਾ ਗਲਾਸਗੋ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਕੋਰੋਨਾ ਵਾਇਰਸ ਪਾਬੰਦੀਆਂ ’ਚ ਪੜਾਅਵਾਰ ਢਿੱਲ ਦਿੱਤੀ ਜਾ ਰਹੀ ਹੈ ਪਰ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਦੇ ਮਾਮਲਿਆਂ ’ਚ ਤੇਜ਼ੀ ਆਉਣ ਤੋਂ ਬਾਅਦ ਗਲਾਸਗੋ ਸ਼ਹਿਰ ਨੂੰ ਇੱਕ ਹੋਰ ਹਫ਼ਤੇ ਲਈ ਪਾਬੰਦੀਆਂ ਦੇ ਤੀਜੇ ਲੈਵਲ ’ਤੇ ਰੱਖਿਆ ਜਾਵੇਗਾ। ਗਲਾਸਗੋ ਦੇ ਦੱਖਣ ਵਾਲੇ ਪਾਸੇ ਭਾਰਤੀ ਕੋਰੋਨਾ ਵਾਇਰਸ ਰੂਪ ਦੇ ਮਾਮਲੇ ਸਾਹਮਣੇ ਆਉਣ ਕਾਰਨ ਸ਼ਹਿਰ ਦੇ ਲੈਵਲ ਨੂੰ ਤਬਦੀਲ ਕਰਨ ’ਚ ਦੇਰੀ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਗਲਾਸਗੋ, ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਾਂਗ ਸੋਮਵਾਰ ਨੂੰ ਲੈਵਲ 2 ’ਚ ਜਾਣ ਵਾਲਾ ਸੀ। ਇਸ ਲੈਵਲ ’ਚ ਜਾਣ 'ਤੇ ਪੱਬਾਂ ਦੇ ਅੰਦਰ ਸ਼ਰਾਬ ਦੀ ਸੇਵਾ ਬਹਾਲ ਹੋਣ ਦੇ ਨਾਲ ਲੋਕ ਇੱਕ-ਦੂਜੇ ਦੇ ਘਰਾਂ ਵਿੱਚ ਮਿਲ ਸਕਦੇ ਹਨ ਅਤੇ 3 ਘਰਾਂ ਦੇ 6 ਲੋਕਾਂ ਨੂੰ ਰਾਤ ਭਰ ਨਿੱਜੀ ਘਰਾਂ ’ਚ ਮਿਲਣ ਦੀ ਆਗਿਆ ਵੀ ਦਿੱਤੀ ਜਾਵੇਗੀ। ਵਾਇਰਸ ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ 11 ਮਈ ਤੋਂ ਸੱਤ ਦਿਨਾਂ ਵਿੱਚ ਗਲਾਸਗੋ ’ਚ ਪ੍ਰਤੀ 1,00,000 ਲੋਕਾਂ ਪਿੱਛੇ 80.4 ਕੇਸ ਹੋਏ ਹਨ, ਜੋ ਇਸ ਸ਼ਹਿਰ ਨੂੰ ਮੋਰੇ ਖੇਤਰ ਤੋਂ ਅੱਗੇ ਲਿਜਾਂਦੇ ਹਨ, ਜਿੱਥੇ 68.9 ਕੇਸ ਸਨ। ਸਟਰਜਨ ਅਨੁਸਾਰ ਮਾਹਿਰਾਂ ਨੂੰ ਅੰਕੜਿਆਂ ਦਾ ਮੁਲਾਂਕਣ ਕਰਨ ਲਈ ਕੁਝ ਹੋਰ ਦਿਨਾਂ ਦੀ ਲੋੜ ਹੈ, ਇਸ ਲਈ ਗਲਾਸਗੋ ਸ਼ਹਿਰ ਇੱਕ ਹਫ਼ਤੇ ਲਈ ਤੀਜੇ ਪੱਧਰ ’ਚ ਰਹੇਗਾ। ਇਸ ਤੋਂ ਇਲਾਵਾ ਮੋਰੇ ਸਕਾਟਲੈਂਡ ਦਾ ਇੱਕ ਹੋਰ ਖੇਤਰ ਹੈ, ਜਿਸ ਦੇ ਲੈਵਲ 2 ਵੱਲ ਜਾਣ ’ਚ ਦੇਰੀ ਕੀਤੀ ਗਈ ਹੈ। ਜਨਤਕ ਸਿਹਤ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਗਲਾਸਗੋ ’ਚ ਲਾਗ ਦੇ ਵਾਧੇ ’ਚ ਭਾਰਤੀ ਬੀ 1617.2 ਰੂਪ ਸ਼ਾਮਲ ਹੋ ਸਕਦਾ ਹੈ।
 


author

Manoj

Content Editor

Related News