ਗਲਾਸਗੋ ਦੇ ਲਾਰਡ ਪ੍ਰੋਵੋਸਟ ਫਿਲਿਪ ਬਰਾਟ ਨੇ ਸੈਂਟਰਲ ਗੁਰਦੁਆਰਾ ਸਾਹਿਬ ਪਹੁੰਚ ਸਿੱਖ ਭਾਈਚਾਰੇ ਦਾ ਕੀਤਾ ਧੰਨਵਾਦ

Monday, Sep 27, 2021 - 05:48 PM (IST)

ਗਲਾਸਗੋ ਦੇ ਲਾਰਡ ਪ੍ਰੋਵੋਸਟ ਫਿਲਿਪ ਬਰਾਟ ਨੇ ਸੈਂਟਰਲ ਗੁਰਦੁਆਰਾ ਸਾਹਿਬ ਪਹੁੰਚ ਸਿੱਖ ਭਾਈਚਾਰੇ ਦਾ ਕੀਤਾ ਧੰਨਵਾਦ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਉਸ ਵੇਲੇ ਖੁਸ਼ੀ ਹੋਣੀ ਸੁਭਾਵਿਕ ਹੈ, ਜਦੋਂ ਤੁਹਾਡੇ ਕੀਤੇ ਗਏ ਨਿਸ਼ਕਾਮ ਕਾਰਜਾਂ ਨੂੰ ਕੋਈ ਤੁਹਾਡੇ ਘਰ ਆ ਕੇ ਸਲਾਹੇ। ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰੂਘਰ ਵਜੋਂ ਜਾਣੇ ਜਾਂਦੇ ਗੁਰਦੁਆਰਾ ਸਿੰਘ ਸਭਾ ਨੂੰ ਅਜਿਹਾ ਹੀ ਮਾਣ ਦੇਣ ਲਈ ਗਲਾਸਗੋ ਦੇ ਲਾਰਡ ਪ੍ਰੋਵੋਸਟ ਫਿਲਿਪ ਬਰਾਟ ਵਿਸ਼ੇਸ਼ ਤੌਰ ’ਤੇ ਪਹੁੰਚੇ। ਲਾਰਡ ਪ੍ਰੋਵੋਸਟ ਵੱਲੋਂ ਗੁਰਦੁਆਰਾ ਸਾਹਿਬ ਪਹੁੰਚ ਕੇ ਸੰਗਤਾਂ ਦੇ ਸਨਮੁੱਖ ਹੋਣ ਲਈ ਉਲੀਕੀ ਗਈ ਇਹ ਵਿਸ਼ੇਸ਼ ਫੇਰੀ ਕੋਵਿਡ ਦੇ ਬੁਰੇ ਦੌਰ ’ਚ ਭਾਈਚਾਰੇ ਵੱਲੋਂ ਨਿਭਾਈਆਂ ਸੇਵਾਵਾਂ ਦਾ ਧੰਨਵਾਦ ਕਰਨ ਲਈ ਸੀ।

PunjabKesari

ਲਾਰਡ ਪ੍ਰੋਵੋਸਟ ਨੇ ਬੇਹੱਦ ਸਲੀਕੇ ਨਾਲ ਨਤਮਸਤਕ ਹੋਣ ਉਪਰੰਤ ਆਪਣੇ ਸੰਬੋਧਨ ਦੌਰਾਨ ਸਿੱਖ ਭਾਈਚਾਰੇ ਵੱਲੋਂ ਸਮਾਜ ਦੇ ਵੱਖ-ਵੱਖ ਖੇਤਰਾਂ ’ਚ ਗੁਰੂ ਦੇ ਲੰਗਰ ਨਿਰੰਤਰ ਵਰਤਾਏ ਜਾਂਦੇ ਰਹਿਣ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਮੇਂ ਉਨ੍ਹਾਂ ਨੇ ਕੋਵਿਡ ਕਾਰਨ ਜਾਨਾਂ ਗੁਆ ਗਏ ਭਾਈਚਾਰੇ ਦੇ ਲੋਕਾਂ ਲਈ ਗੁਰੂਘਰ ਦੇ ਮੰਚ ਤੋਂ ਹਮਦਰਦੀ ਦਾ ਪ੍ਰਗਟਾਵਾ ਕੀਤਾ।

PunjabKesari

ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਵੱਲੋਂ ਪ੍ਰਧਾਨ ਸੁਰਜੀਤ ਸਿੰਘ ਚੌਧਰੀ ਤੇ ਜਸਪਾਲ ਸਿੰਘ ਖਹਿਰਾ ਵੱਲੋਂ ਲਾਰਡ ਪ੍ਰੋਵੋਸਟ ਨੂੰ ਸਿਰੋਪਾਓ ਨਾਲ ਨਿਵਾਜਿਆ ਗਿਆ। ਸਮਾਗਮ ਦੌਰਾਨ ਹਜ਼ੂਰੀ ਰਾਗੀ ਭਾਈ ਸੁਖਬੀਰ ਸਿੰਘ ਤੇ ਭਾਈ ਭਲਵਿੰਦਰ ਸਿੰਘ ਦੇ ਜਥੇ ਵੱਲੋਂ ਕੀਰਤਨ ਤੇ ਕਥਾ ਵਿਚਾਰਾਂ ਕੀਤੀਆਂ ਗਈਆਂ।

PunjabKesari

ਇਸ ਸਮੇਂ ਸੰਬੋਧਨ ਦੌਰਾਨ ਸੁਰਜੀਤ ਸਿੰਘ ਚੌਧਰੀ ਨੇ ਜਿਥੇ ਲਾਰਡ ਪ੍ਰੋਵੋਸਟ ਵੱਲੋਂ ਸਿੱਖ ਭਾਈਚਾਰੇ ਦੇ ਕਾਰਜਾਂ ਦੀ ਸ਼ਲਾਘਾ ਕਰਨ ਲਈ ਧੰਨਵਾਦ ਕੀਤਾ, ਉੱਥੇ ਉਨ੍ਹਾਂ ਲਾਰਡ ਪ੍ਰੋਵੋਸਟ ਨੂੰ ਬੇਨਤੀ ਕੀਤੀ ਕਿ ਉਹ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਰੱਖਣ ਲਈ ਵਿੱਢੀ ਜਾਣ ਵਾਲੀ ਮੁਹਿੰਮ ’ਚ ਸਹਿਯੋਗ ਦੇਣ। ਸਮਾਗਮ ਦੌਰਾਨ ਬਖਸ਼ੀਸ਼ ਸਿੰਘ ਦੀਹਰੇ, ਹਰਬੰਸ ਸਿੰਘ ਖਹਿਰਾ, ਡਾਕਟਰ ਇੰਦਰਜੀਤ ਸਿੰਘ, ਮੇਲਾ ਸਿੰਘ ਧਾਮੀ, ਗੁਰਨਾਮ ਸਿੰਘ ਧਾਮੀ, ਦਰਸ਼ਨ ਸਿੰਘ ਆਦਿ ਸਮੇਤ ਭਾਰੀ ਗਿਣਤੀ ’ਚ ਸਿੱਖ ਸੰਗਤ ਹਾਜ਼ਰ ਸੀ। ਸਮਾਗਮ ਦੌਰਾਨ ਮੰਚ ਸੰਚਾਲਕ ਦੇ ਫਰਜ਼ ਬਖਸ਼ੀਸ ਸਿੰਘ ਦੀਹਰੇ ਨੇ ਅਦਾ ਕੀਤੇ।

PunjabKesari


author

Manoj

Content Editor

Related News