Punjab: ਪਤੀ ਤੋਂ ਪ੍ਰੇਸ਼ਾਨ ਪਤਨੀ ਗਈ ਪੇਕੇ! ਸਹੁਰੇ ਘਰ ਪਤੀ ਨੇ ਪਹੁੰਚ ਕੇ ਚੁੱਕਿਆ ਖ਼ੌਫ਼ਨਾਕ ਕਦਮ
Friday, Feb 27, 2026 - 12:15 PM (IST)
ਜਲੰਧਰ (ਮਾਹੀ)-ਥਾਣਾ ਮਕਸੂਦਾਂ ਇਲਾਕੇ ਦੇ ਪਿੰਡ ਨੂਰਪੁਰ ਵਿਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਢੰਨ ਮੁਹੱਲਾ ਵਾਸੀ ਸੰਦੀਪ ਨਾਂ ਦੇ ਨੌਜਵਾਨ ਨੇ ਆਪਣੇ ਸਹੁਰੇ ਘਰ ਪਹੁੰਚ ਕੇ ਪਹਿਲਾਂ ਖ਼ੁਦ ’ਤੇ ਤੇਲ ਛਿੜਕ ਲਿਆ, ਫਿਰ ਤੇਜ਼ਧਾਰ ਹਥਿਆਰ ਨਾਲ ਘਰ ਵਿਚ ਦਾਖ਼ਲ ਹੋ ਕੇ ਰਿਸ਼ਤੇਦਾਰ ਨੂੰ ਜ਼ਖ਼ਮੀ ਕਰ ਕੇ ਖ਼ੁਦ ਨੂੰ ਅੱਗ ਲਾ ਲਈ। ਇਸ ਤੋਂ ਬਾਅਦ ਅੱਗ ਦੀ ਲਪੇਟ ਵਿਚ ਆਉਣ ਕਾਰਨ ਕਈ ਲੋਕ ਝੁਲਸ ਗਏ।
ਜਾਣਕਾਰੀ ਅਨੁਸਾਰ ਸੰਦੀਪ ਦਾ ਆਪਣੀ ਪਤਨੀ ਸੁਖਮਨੀ ਨਾਲ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਨਿੱਤ ਦੇ ਝਗੜਿਆਂ ਤੋਂ ਪ੍ਰੇਸ਼ਾਨ ਹੋ ਕੇ ਸੁਖਮਨੀ 4 ਦਿਨ ਪਹਿਲਾਂ ਪੇਕੇ ਪਿੰਡ ਨੂਰਪੁਰ ਆ ਗਈ। ਉਸ ਨੇ ਥਾਣਾ ਮਕਸੂਦਾਂ ਵਿਚ ਪਤੀ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਅਤੇ ਦੋਸ਼ ਲਾਇਆ ਸੀ ਕਿ ਸੰਦੀਪ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਪੰਜਾਬੀ ਜਾਗ੍ਰਿਤੀ ਮੰਚ ਵਿਵਾਦਾਂ ’ਚ: ਗਾਇਕ ਮਨਕੀਰਤ ਔਲਖ ਨੇ ਵਿਦਿਆਰਥੀਆਂ ਵਿਚਕਾਰ ਗੰਨ ਕਲਚਰ ਕੀਤਾ ਪ੍ਰਮੋਟ
ਉੱਥੇ ਹੀ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਸੰਦੀਪ ਨੇ ਖ਼ੁਦ ਨੂੰ ਅਪਮਾਨਿਤ ਮਹਿਸੂਸ ਕੀਤਾ ਅਤੇ ਉਹ ਬੀਤੇ ਦਿਨੀਂ ਆਪਣੇ ਸਹੁਰੇ ਘਰ ਪਹੁੰਚ ਗਿਆ। ਅੱਖੀਂ ਵੇਖਣ ਵਾਲਿਆਂ ਮੁਤਾਬਕ ਸੰਦੀਪ ਨੇ ਘਰ ਦੇ ਬਾਹਰ ਹੀ ਆਪਣੇ ਉੱਪਰ ਤੇਲ ਛਿੜਕਿਆ ਅਤੇ ਫਿਰ ਤੇਜ਼ਧਾਰ ਹਥਿਆਰ ਲੈ ਕੇ ਅੰਦਰ ਦਾਖ਼ਲ ਹੋ ਗਿਆ, ਜਿੱਥੇ ਸਭ ਤੋਂ ਪਹਿਲਾਂ ਉਸ ਨੂੰ ਰਿਸ਼ਤੇਦਾਰ ਧਰਮਪਾਲ ਮਿਲਿਆ ਤਾਂ ਉਸ ਨੇ ਉਸ ਦੇ ਸਿਰ ’ਤੇ ਵਾਰ ਕਰ ਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਰੌਲਾ-ਰੱਪਾ ਸੁਣ ਕੇ ਪਰਿਵਾਰ ਦੇ ਹੋਰ ਮੈਂਬਰ ਵੀ ਆ ਗਏ, ਜਿਨ੍ਹਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਸੰਦੀਪ ਨੇ ਖ਼ੁਦ ਨੂੰ ਅੱਗ ਲਾ ਲਈ। ਅੱਗ ਲੱਗਣ ਤੋਂ ਬਾਅਦ ਉਹ ਆਪਣੀ ਪਤਨੀ ਸੁਖਮਨੀ ਵੱਲ ਵਧਿਆ ਪਰ ਉਹ ਉਸ ਨੂੰ ਧੱਕਾ ਦੇ ਕੇ ਬਾਥਰੂਮ ਵਿਚ ਜਾ ਵੜੀ ਅਤੇ ਅੰਦਰੋਂ ਕੁੰਡੀ ਲਾ ਲਈ।
ਘਟਨਾ ਦੌਰਾਨ ਸੰਦੀਪ ਦੀ ਬੇਟੀ ਦਿਲਪ੍ਰੀਤ ਨੇ ਵੀ ਆਪਣੇ ਪਿਤਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਹੱਥ ਝੁਲਸ ਗਏ। ਅੱਗ ਬੁਝਾਉਣ ਲਈ ਅੱਗੇ ਆਏ ਸੁਖਮਨੀ ਦੇ ਚਾਚਾ ਸਰਬਜੀਤ ਸਿੰਘ ਨੂੰ ਵੀ ਸੰਦੀਪ ਨੇ ਪਿੱਛਿਓਂ ਫੜ ਲਿਆ। ਅੱਗ ਦੀ ਲਪੇਟ ਵਿਚ ਆ ਕੇ ਸਰਬਜੀਤ ਸਿੰਘ ਵੀ ਬੁਰੀ ਤਰ੍ਹਾਂ ਝੁਲਸ ਗਏ। ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕ ਪਹੁੰਚੇ ਅਤੇ ਕਿਸੇ ਤਰ੍ਹਾਂ ਅੱਗ ’ਤੇ ਕਾਬੂ ਪਾਇਆ। ਪਿੰਡ ਵਾਸੀਆਂ ਨੇ ਤੁਰੰਤ ਜ਼ਖ਼ਮੀ ਅਤੇ ਝੁਲਸੇ ਹੋਏ ਲੋਕਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਸੰਦੀਪ ਦੀ ਹਾਲਤ ਗੰਭੀਰ ਬਣੀ ਹੋਈ ਹੈ। ਡਾਕਟਰਾਂ ਅਨੁਸਾਰ ਸੰਦੀਪ ਲਗਭਗ 70 ਫ਼ੀਸਦੀ ਝੁਲਸ ਚੁੱਕਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਸੰਦੀਪ ਦੀ ਹਾਲਤ ਵਿਚ ਸੁਧਾਰ ਹੋਣ ’ਤੇ ਉਸ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਕਾਨੂੰਨ ਵਿਵਸਥਾ ਫੇਲ੍ਹ, ਨੌਜਵਾਨਾਂ ਦੇ ਹੋ ਰਹੇ ਫਰਜ਼ੀ ਐਨਕਾਊਂਟਰ: ਹਰਸਿਮਰਤ ਕੌਰ ਬਾਦਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
