ਗਲਾਸਗੋ: ਲਗਭਗ 60,000 ਕੋਪ 26 ਪ੍ਰਦਰਸ਼ਨਕਾਰੀਆਂ ਨੇ ਸ਼ਹਿਰ 'ਚ ਕੀਤਾ ਰੋਸ ਪ੍ਰਦਰਸ਼ਨ (ਤਸਵੀਰਾਂ)
Sunday, Nov 07, 2021 - 11:29 AM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਗਲਾਸਗੋ ਵਿੱਚ ਚੱਲ ਰਹੇ ਕੋਪ 26 ਦੌਰਾਨ ਜਲਵਾਯੂ ਨਿਆਂ ਲਈ 'ਗਲੋਬਲ ਡੇਅ ਆਫ ਐਕਸ਼ਨ' ਦੇ ਹਿੱਸੇ ਵਜੋਂ ਅੱਜ ਹਜ਼ਾਰਾਂ ਲੋਕਾਂ ਨੇ ਕੈਲਵਿੰਗਰੋਵ ਪਾਰਕ ਤੋਂ ਗਲਾਸਗੋ ਗ੍ਰੀਨ ਤੱਕ ਮਾਰਚ ਕੀਤਾ। ਇਸ ਮਾਰਚ ਦੇ ਆਯੋਜਕਾਂ ਅਨੁਸਾਰ ਸ਼ਨੀਵਾਰ ਨੂੰ ਦੁਨੀਆ ਭਰ ਵਿੱਚ 200 ਦੇ ਕਰੀਬ ਸਮਾਗਮ ਹੋ ਰਹੇ ਹਨ, ਜਿਸ ਵਿੱਚੋਂ 100 ਇਕੱਲੇ ਯੂਕੇ ਵਿੱਚ ਸ਼ਾਮਲ ਹਨ। ਅੱਜ ਦਾ ਇਹ ਮਾਰਚ ਸ਼ੁੱਕਰਵਾਰ ਨੂੰ ਯੁਵਾ ਅਤੇ ਜਨਤਕ ਸਸ਼ਕਤੀਕਰਨ ਦਿਵਸ ਮਾਰਚ ਦੇ ਹਿੱਸੇ ਵਜੋਂ ਅੰਦਾਜ਼ਨ 25,000 ਪ੍ਰਦਰਸ਼ਨਕਾਰੀਆਂ ਦੇ ਪੱਛਮੀ ਸਿਰੇ ਤੋਂ ਸ਼ਹਿਰ ਦੇ ਕੇਂਦਰ ਤੱਕ ਪਹੁੰਚਣ ਤੋਂ ਬਾਅਦ ਆਇਆ ਹੈ।
ਇਸ ਸਮਾਗਮ ਦੇ ਆਯੋਜਕ, ਕੋਪ 26 ਗੱਠਜੋੜ ਅਤੇ ਦੁਨੀਆ ਭਰ ਦੇ ਲੋਕਾਂ ਦੇ ਗਲਾਸਗੋ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਦੀ ਉਮੀਦ ਕਰ ਰਹੇ ਹਨ, ਜਿਸ ਲਈ ਕਰੀਬ 11.30 ਵਜੇ ਕੇਲਵਿੰਗਰੋਵ ਪਾਰਕ ਵਿੱਚ ਹਜ਼ਾਰਾਂ ਕਾਰਕੁੰਨਾਂ ਦੇ ਇਕੱਠੇ ਹੋਣ ਦੀ ਉਮੀਦ ਹੈ। ਇਹ ਮਾਰਚ ਸ਼ਹਿਰ ਦੇ ਪੱਛਮੀ ਸਿਰੇ ਤੋਂ ਦੁਪਹਿਰ ਨੂੰ ਸ਼ੁਰੂ ਹੋਇਆ, ਜੋ ਕਿ ਜਲਵਾਯੂ ਨਿਆਂ ਦੇ ਮੁੱਦਿਆਂ 'ਤੇ ਕੇਂਦਰਿਤ ਮੁਹਿੰਮਾਂ ਦੀ ਇੱਕ ਲੜੀ ਵਿੱਚ ਆਯੋਜਿਤ ਕੀਤਾ ਗਿਆ। ਇਸ ਵਿੱਚ ਸਵਦੇਸ਼ੀ ਅਤੇ ਫਰੰਟਲਾਈਨ ਭਾਈਚਾਰੇ, ਨਸਲਵਾਦ ਵਿਰੋਧੀ, ਕਿਸਾਨ, ਜ਼ਿਮੀਂਦਾਰ ਅਤੇ ਮਲਾਹ, ਸਿਹਤ ਨਿਆਂ, ਗਲਾਸਗੋ ਕਮਿਊਨਿਟੀਜ਼, ਮਜ਼ਦੂਰ ਅਤੇ ਟਰੇਡ ਯੂਨੀਅਨਾਂ ਦੇ ਨਾਲ ਕਈ ਹੋਰ ਸਮੂਹਾਂ ਦੀ ਵੀ ਭਰਵੀਂ ਸ਼ਮੂਲੀਅਤ ਦੇਖਣ ਨੂੰ ਮਿਲੀ।
ਇਸ ਦੌਰਾਨ ਗਲਾਸਗੋ ਗ੍ਰੀਨ ਵਿਖੇ ਦੁਪਹਿਰ 3 ਵਜੇ ਤੋਂ ਇਹ ਮਾਰਚ ਡੈਰੇਨ ਮੈਕਗਾਰਵੇ ਅਤੇ ਮਿਟਜ਼ੀ ਜੋਨੇਲ ਟੈਨ ਦੁਆਰਾ ਆਯੋਜਿਤ ਇੱਕ ਰੈਲੀ ਦਾ ਰੂਪ ਧਾਰਨ ਕਰ ਗਿਆ। ਇਸਦੇ ਬੁਲਾਰਿਆਂ ਵਿੱਚ ਮਿੰਗਾ ਇੰਡੀਗੇਨਾ, ਗਲੋਬਲ ਅਲਾਇੰਸ ਆਫ਼ ਟੈਰੀਟੋਰੀਅਲ ਕਮਿਊਨਿਟੀਜ਼ ਦੇ ਨੁਮਾਇੰਦੇ, ਸਕਾਟਿਸ਼ ਟਰੇਡ ਯੂਨੀਅਨ ਕਾਂਗਰਸ ਤੋਂ ਰੋਜ਼ ਫੋਅਰ, ਰੇਵ. ਡਾ. ਨੇਡੀ ਅਸਟੁਡੀਲੋ, ਸੌਦਾਤਾ ਵਾਲਿਟ ਅਬੂਬਕ੍ਰੀਨ, ਕੋਲੇਟ ਪਿਚੋਨ ਬੈਟਲ, ਫਰਾਈਡੇਜ਼ ਫਾਰ ਫਿਊਚਰ ਕਲਾਈਮੇਟ ਤੋਂ ਵੈਨੇਸਾ ਨਕਾਟ, ਪੈਕਸੀਮੇਟ ਵਾਰੀਅਰਜ਼, ਵਾਰ ਆਨ ਵਾਂਟ ਤੋਂ ਅਸਦ ਰਹਿਮਾਨ ਅਤੇ ਕਈ ਹੋਰ ਵੀ ਸ਼ਾਮਲ ਹੋਏ। ਅੱਜ ਦੇ ਇਸ ਮਾਰਚ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਕਈ ਸੜਕਾਂ ਵੀ ਬੰਦ ਕੀਤੀਆਂ ਗਈਆਂ ਹਨ। ਗਲਾਸਗੋ ਵਸਦੇ ਭਾਰਤੀ ਭਾਈਚਾਰੇ ਵੱਲੋਂ ਵੀ ਸ਼ਿਰਕਤ ਕਰਕੇ ਇਸ ਇਤਿਹਾਸਕ ਰੋਸ ਪ੍ਰਦਰਸ਼ਨ ਦਾ ਹਿੱਸਾ ਬਣਿਆ ਗਿਆ।