ਗਲਾਸਗੋ : ਅੰਤਰਰਾਸ਼ਟਰੀ ਕਾਨਫਰੰਸ ਦੀ ਸਫਲਤਾ ’ਤੇ ਸ਼ੁਕਰਾਨੇ ਵਜੋਂ ਧਾਰਮਿਕ ਸਮਾਗਮ ਕਰਵਾਇਆ
Tuesday, Sep 07, 2021 - 03:29 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਗੁਰੂ ਨਾਨਕ ਸਿੱਖ ਟੈਂਪਲ ਵਿਖੇ ਹੋਈ ਅੰਤਰਰਾਸ਼ਟਰੀ ਕਾਨਫਰੰਸ ਦੀ ਸਫਲਤਾ ਉਪਰੰਤ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਗੁਰੂਘਰ ਦੇ ਵਜ਼ੀਰ ਭਾਈ ਅਰਵਿੰਦਰ ਸਿੰਘ ਅਤੇ ਭਾਈ ਤੇਜਵੰਤ ਸਿੰਘ ਦੇ ਜਥੇ ਵੱਲੋਂ ਰਸਭਿੰਨੇ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਸਮੇਂ ਬੋਲਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਜਸਬੀਰ ਸਿੰਘ ਜੱਸੀ ਬਮਰਾਹ, ਸਕੱਤਰ ਸੋਹਣ ਸਿੰਘ ਸੌਂਦ ਨੇ ਕਿਹਾ ਕਿ ਇੰਨਾ ਵੱਡਾ ਸਮਾਗਮ ਕਰਵਾਉਣਾ ਵਾਹਿਗੁਰੂ ਦੇ ਓਟ ਆਸਰੇ ਅਤੇ ਸੰਗਤ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। ਪ੍ਰਬੰਧਕ ਕਮੇਟੀ ਸਕਾਟਲੈਂਡ ਦੀ ਸਿੱਖ ਸੰਗਤ ਦਾ ਹਾਰਦਿਕ ਧੰਨਵਾਦ ਕਰਦੀ ਹੈ, ਜਿਨ੍ਹਾਂ ਦੀ ਮਿਹਨਤ ਤੇ ਸਹਿਯੋਗ ਸਦਕਾ ਸਕਾਟਲੈਂਡ ਨੂੰ ਇਸ ਅੰਤਰਰਾਸ਼ਟਰੀ ਸਮਾਗਮ ਦੀ ਮੇਜ਼ਬਾਨੀ ਕਰਨ ਦਾ ਮਾਣ ਹਾਸਲ ਹੋਇਆ।
ਇਸ ਸਮੇਂ ਲੇਖਕ ਅਵਤਾਰ ਸਿੰਘ ਸੰਧੂ ਵੱਲੋਂ ਲਿਖੀਆਂ ਵੱਡ-ਆਕਾਰੀ ਪੁਸਤਕਾਂ ‘500 ਸਾਲ ਗੁਰੂ ਦੇ ਨਾਲ- ਇਤਿਹਾਸ ਰਾਮਗੜ੍ਹੀਆ’ ਨੂੰ ਲੋਕ-ਅਰਪਣ ਕਰਨ ਦੀ ਰਸਮ ਵੀ ਅਦਾ ਕੀਤੀ ਗਈ। ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਰਾਮਗੜ੍ਹੀਆ ਇਤਿਹਾਸ ਨੂੰ ਨੇੜਿਓਂ ਜਾਣਨ ਲਈ ਇਨ੍ਹਾਂ ਪੁਸਤਕਾਂ ਨੂੰ ਆਪਣੇ ਘਰਾਂ ਦਾ ਸ਼ਿੰਗਾਰ ਜ਼ਰੂਰ ਬਣਾਉਣ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਪੁਰਖਿਆਂ ਦੀ ਘਾਲਣਾ ਤੋਂ ਜਾਣੂ ਹੋ ਸਕਣ ।