ਜਰਮਨੀ ''ਚ ਬੱਚਿਆਂ ਦਾ ਟੀਕਾਕਰਣ ਲਾਜ਼ਮੀ, ਦੋਸ਼ੀ ਮਾਪੇ ਦੇਣਗੇ 2 ਲੱਖ ਰੁਪਏ ਜੁਰਮਾਨਾ

07/19/2019 4:28:32 PM

ਬਰਲਿਨ (ਬਿਊਰੋ)— ਜਰਮਨੀ ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਲਈ ਟੀਕਾਕਰਣ ਨੂੰ ਲਾਜ਼ਮੀ ਬਣਾ ਦਿੱਤਾ ਗਿਆ ਹੈ। ਚਾਂਸਲਰ ਐਂਜਲਾ ਮਰਕੇਲ ਦੇ ਪ੍ਰਸ਼ਾਸਨ ਨੇ ਸੰਸਦ ਵਿਚ ਇਕ ਬਿੱਲ ਪੇਸ਼ ਕੀਤਾ। ਇਸ ਦੇ ਤਹਿਤ ਬੱਚਿਆਂ ਦੇ ਸਕੂਲ ਵਿਚ ਦਾਖਲੇ ਤੋਂ ਪਹਿਲਾਂ ਮਾਤਾ-ਪਿਤਾ ਲਈ ਉਨ੍ਹਾਂ ਦਾ ਟੀਕਾਕਰਣ ਕਰਾਉਣਾ ਲਾਜ਼ਮੀ ਹੋਵੇਗਾ। ਅਜਿਹਾ ਨਾ ਹੋਣ 'ਤੇ ਮਾਪਿਆਂ 'ਤੇ 2500 ਯੂਰੋ (ਕਰੀਬ 2 ਲੱਖ ਰੁਪਏ) ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਜੇਕਰ ਜਰਮਨੀ ਦੀ ਸੰਸਦ ਬਿੱਲ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ ਮਾਤਾ-ਪਿਤਾ ਨੂੰ ਇਹ ਸਬੂਤ ਦੇਣ ਦੀ ਲੋੜ ਹੋਵੇਗੀ ਕਿ ਉਨ੍ਹਾਂ ਨੇ ਬੱਚੇ ਦਾ ਦਾਖਲਾ ਕਰਾਉਣ ਤੋਂ ਪਹਿਲਾਂ ਟੀਕਾਕਰਣ ਪ੍ਰਕਿਰਿਆ ਪੂਰੀ ਕੀਤੀ ਹੈ। ਸਿਹਤ ਮੰਤਰੀ ਜੇਨਸ ਸਪਾਨ ਨੇ ਇਕ ਬਿਆਨ ਵਿਚ ਕਿਹਾ ਕਿ ਭਾਵੇਂ ਬੱਚੇ ਘਰ ਵਿਚ ਹੋਣ ਜਾਂ ਸਕੂਲਾਂ ਵਿਚ ਅਸੀਂ ਸਾਰੇ ਬੱਚਿਆਂ ਨੂੰ ਖਸਰੇ ਦੇ ਇਨਫੈਕਸ਼ਨ ਤੋਂ ਬਚਾਉਣਾ ਚਾਹੁੰਦੇ ਹਾਂ। 

'ਯੂਰਪੀ ਸੈਂਟਰ ਫੌਰ ਡਿਜੀਜ਼ ਪ੍ਰੀਵੈਂਸ਼ਨ ਐਂਡ ਕੰਟਰੋਲ' ਮੁਤਾਬਕ ਜਰਮਨੀ ਵਿਚ ਪਿਛਲੇ ਸਾਲ ਮਾਰਚ 2018 ਤੋਂ ਇਸ ਸਾਲ ਫਰਵਰੀ ਵਿਚ 651 ਖਸਰੇ ਦੇ ਮਾਮਲੇ ਦਰਜ ਕੀਤੇ ਗਏ ਹਨ। ਜਰਮਨੀ ਵਿਚ 2019 ਵਿਚ ਜੂਨ ਦੇ ਮੱਧ ਤੱਕ 429 ਮਾਮਲੇ ਦਰਜ ਕੀਤੇ ਗਏ ਹਨ। ਖਸਰਾ ਇਕ ਛੂਤ ਰੋਗ ਹੈ ਜੋ ਵਾਇਰਸ ਕਾਰਨ ਹੁੰਦਾ ਹੈ। ਇਹ ਇਨਫੈਕਟਿਡ ਸ਼ਖਸ ਦੇ ਖੰਘਣ ਜਾਂ ਛਿੱਕਣ 'ਤੇ ਹਵਾ ਵਿਚ ਫੈਲਦਾ ਹੈ। ਇਹ ਪੀੜਤ ਵਿਅਕਤੀ ਦੇ ਸਿੱਧੇ ਸੰਪਰਕ ਵਿਚ ਆਉਣ ਜਾਂ ਸਮਾਨ ਵਸਤਾਂ ਨੂੰ ਛੂਹਣ ਦੌਰਾਨ ਕੀਟਾਣੂਆਂ ਜ਼ਰੀਏ ਫੈਲਦਾ ਹੈ। 

ਖਸਰੇ ਦੇ ਲੱਛਣਾਂ ਵਿਚ ਬੁਖਾਰ, ਖੰਘ, ਨੱਕ ਵੱਗਣਾ, ਅੱਖਾਂ ਵਿਚ ਪਾਣੀ ਆਉਣਾ ਅਤੇ ਲਾਲ ਧੱਬੇ ਦਿਖਾਈ ਦੇਣਾ ਸ਼ਾਮਲ ਹੈ। ਖਸਰੇ ਤੋਂ ਬਚਣ ਲਈ ਟੀਕਾਕਰਣ ਦੀਆਂ ਦੋ ਖੁਰਾਕਾਂ ਲੈਣੀਆਂ ਹੁੰਦੀਆਂ ਹਨ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ 2017 ਵਿਚ 97 ਫੀਸਦੀ ਜਰਮਨ ਬੱਚਿਆਂ ਨੇ ਪਹਿਲੀ ਖੁਰਾਕ ਲਈ ਸੀ ਜਦਕਿ ਦੂਜੀ ਖੁਰਾਕ ਘਟ ਕੇ ਸਿਰਫ 93 ਫੀਸਦੀ ਬੱਚਿਆਂ ਤੱਕ ਰਹਿ ਗਈ। ਮਾਹਰਾਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਸਿਹਤਮੰਦ ਬਣਾਉਣ ਲਈ ਟੀਕਾਕਰਣ ਲਾਜ਼ਮੀ ਹੈ।

ਇਸ ਤੋਂ ਪਹਿਲਾਂ ਇਟਲੀ ਸਰਕਾਰ ਨੇ ਵੀ ਦੇਸ਼ ਵਿਚ ਟੀਕਾਕਰਣ ਨੂੰ ਲਾਜ਼ਮੀ ਕਰ ਦਿੱਤਾ ਹੋਇਆ ਹੈ। ਇਟਲੀ ਪ੍ਰਸ਼ਾਸਨ ਨੇ ਮਾਪਿਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਬੱਚਿਆਂ ਦਾ ਟੀਕਾਕਰਣ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਸਕੂਲ ਨਾ ਭੇਜਿਆ ਜਾਵੇ। ਜੇਕਰ ਬਿਨਾਂ ਟੀਕਾਕਰਣ ਵਾਲੇ ਬੱਚੇ ਸਕੂਲ ਵਿਚ ਮਿਲੇ ਤਾਂ ਉਨ੍ਹਾਂ ਦੇ ਮਾਪਿਆਂ ਨੂੰ 500 ਯੂਰੋ (ਕਰੀਬ 40 ਹਜ਼ਾਰ ਰੁਪਏ) ਜੁਰਮਾਨਾ ਭਰਨਾ ਪਵੇਗਾ।


Vandana

Content Editor

Related News