ਜਰਮਨ ਕਾਂਗਰਸ ਪਾਰਟੀ ਦੀ ਬੈਠਕ ਦੌਰਾਨ ਹੋਈਆਂ ਅਹਿਮ ਵਿਚਾਰਾਂ
Thursday, Aug 20, 2020 - 11:19 AM (IST)
 
            
            ਮਿਲਾਨ,(ਸਾਬੀ ਚੀਨੀਆ)- ਇੰਡੀਅਨ ਓਵਰਸੀਜ਼ ਕਾਂਗਰਸ ਜਰਮਨ ਦੇ ਆਗੂਆਂ ਦੀ ਇਕ ਅਹਿਮ ਮੀਟਿੰਗ ਰਾਜਧਾਨੀ ਬਰਲਿਨ ਵਿਖੇ ਐੱਨ. ਆਰ. ਆਈ. ਵਿੰਗ ਦੇ ਕੋਆਰਡੀਨੇਟਰ ਹਰਜਿੰਦਰ ਸਿੰਘ ਚਾਹਲ ਅਤੇ ਗੁਰਦੀਪ ਸਿੰਘ ਰੰਧਾਵਾ ਦੀ ਦੇਖ ਰੇਖ ਹੇਠ ਹੋਈ। ਬੈਠਕ ਦੌਰਾਨ ਮੌਜੂਦਾ ਵਰਕਰਾਂ ਨੇ ਜਰਮਨ ਇਕਾਈ ਦੇ ਪ੍ਰਧਾਨ ਦੀ ਰਹਿਨੁਮਾਈ ਹੇਠ ਕੰਮ ਕਰਨ ਦੀ ਅਸਮਰੱਥਤਾ ਪ੍ਰਗਟਾਉਂਦਿਆਂ ਗੁਰਦੀਪ ਸਿੰਘ ਰੰਧਾਵਾ ਦੀ ਕਮਾਂਡ ਹੇਠ ਨਵੀਂ ਕਮੇਟੀ ਦਾ ਗਠਨ ਕਰਦਿਆਂ ਆਖਿਆ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਓਵਰਸੀਜ਼ ਕਾਂਗਰਸ ਦੇ ਚੈਅਰਮੈਨ ਸ੍ਰੀ ਸੈਮ ਪਿਟਰੋਦਾ ਦੀ ਅਗਵਾਈ ਵਿਚ ਪੂਰੀ ਇਕਜੁੱਟਤਾ ਨਾਲ ਕੰਮ ਕਰਕੇ ਪਾਰਟੀ ਨੂੰ ਮਜ਼ਬੂਤ ਕਰਨਗੇ।
ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਰਾਹੁਲ ਗਾਂਧੀ ਦੀ ਜਰਮਨ ਫੇਰੀ ਤੋਂ ਬਾਅਦ ਦੋ ਧੜਿਆਂ ਵਿਚ ਪ੍ਰਧਾਨਗੀ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ। ਮੀਟਿੰਗ ਦੌਰਾਨ ਚਾਰ ਅਹਿਮ ਮਤੇ ਪਾਉਣ ਤੋਂ ਇਲਾਵਾ ਇਕ ਕਮੇਟੀ ਦੇ ਗਠਨ ਕਰਦਿਆਂ ਮੌਜੂਦਾ ਵਰਕਰਾਂ ਨੂੰ ਅਹਿਮ ਅਹੁਦਿਆਂ ਲਈ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਅਤੇ ਆਉਂਦੇ ਦਿਨਾਂ ਵਿਚ ਜਰਮਨ ਦੇ ਹੋਰਨਾਂ ਸ਼ਹਿਰਾਂ ਦੀਆਂ ਇਕਾਈਆਂ ਬਣਾਉਣ ਲਈ ਕਾਰਜ ਆਰੰਭ ਕੀਤੇ ਗਏ ਹਨ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            