ਜੀਨ ਥੈਰੇਪੀ ਨੇ ਬਦਲੀ 8 ਸਾਲਾ ਕੈਨੇਡੀਅਨ ਬੱਚੇ ਦੀ ਜ਼ਿੰਦਗੀ, ਪਹਿਲੀ ਵਾਰ ਦੇਖੇ ਤਾਰੇ ਤੇ ਉੱਡਦੇ ਜਹਾਜ਼

10/15/2020 11:02:05 AM

ਟੋਰਾਂਟੋ- ਹਜ਼ਾਰਾਂ ਕੈਨੇਡੀਅਨ ਅੱਖਾਂ ਦੀ ਘੱਟ ਰੌਸ਼ਨੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਤੇ ਕਈਆਂ ਦੀ ਨਜ਼ਰ ਇੰਨੀ ਕੁ ਘੱਟ ਹੋ ਗਈ ਹੈ ਕਿ ਉਹ ਸਾਹਮਣੇ ਪਈ ਚੀਜ਼ ਨੂੰ ਵੀ ਦੇਖ ਨਹੀਂ ਸਕਦੇ। ਇੱਥੇ ਰਹਿ ਰਹੇ 8 ਸਾਲਾ ਬੱਚੇ ਸੈਮ ਨਾਲ ਵੀ ਅਜਿਹਾ ਹੀ ਹੋ ਰਿਹਾ ਸੀ ਤੇ ਉਹ ਫ਼ਰਸ਼ 'ਤੇ ਪਏ ਬੂਟ ਜਾਂ ਕੋਈ ਸਮਾਨ ਨੂੰ ਦੇਖ ਨਹੀਂ ਸਕਦਾ ਸੀ ਪਰ ਹੁਣ ਉਸ ਦੀ ਅੱਖਾਂ ਦੀ ਰੌਸ਼ਨੀ ਇਕ ਖ਼ਾਸ ਥੈਰੇਪੀ ਕਾਰਨ ਵਾਪਸ ਆ ਗਈ ਹੈ ਤੇ ਫਿਲਹਾਲ ਅਗਲਾ ਇਲਾਜ ਚੱਲ ਰਿਹਾ ਹੈ। 

ਬੱਚੇ ਨੇ ਦੱਸਿਆ ਕਿ ਉਹ ਬੱਦਲਾਂ ਨਾਲ ਘਿਰੇ ਆਸਮਾਨ ਨੂੰ, ਤਾਰਿਆਂ ਜਾਂ ਜਹਾਜ਼ਾਂ ਨੂੰ ਪਹਿਲੀ ਵਾਰ ਦੇਖ ਰਿਹਾ ਹੈ। ਜਨਮ ਤੋਂ ਬਾਅਦ ਉਹ ਇਕ ਜੈਨੇਟਿਕ ਵਿਕਾਰ ਨਾਲ ਘਿਰਿਆ, ਜਿਸ ਨੂੰ ਰੈਟੀਨਾਈਟਸ ਪਿਗਮੈਂਟੋਸਾ ਕਿਹਾ ਜਾਂਦਾ ਹੈ। 

ਬੱਚਿਆਂ ਦੇ ਹਸਪਤਾਲ ਦੇ ਡਾਕਟਰ ਐਲਿਸ ਹੀਓਨ ਨੇ ਦੱਸਿਆ ਕਿ ਇਸ ਬੀਮਾਰੀ ਨਾਲ ਹੌਲੀ-ਹੌਲੀ ਅੱਖਾਂ ਦੀ ਰੌਸ਼ਨੀ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਇਹ ਬੀਮਾਰੀ 4000 ਕੈਨੇਡੀਅਨਾਂ ਵਿਚੋਂ 1 ਨੂੰ ਹੈ। 
ਹੁਣ ਕੈਨੇਡਾ ਨੇ ਪਹਿਲੀ ਵਾਰ ਜੀਨ ਬਦਲਣ ਵਾਲੀ ਥੈਰੇਪੀ ਸ਼ੁਰੂ ਕੀਤੀ ਹੈ। ਹਸਪਤਾਲ ਵਿਚ 29 ਬੱਚਿਆਂ ਦਾ ਇਸ ਲਈ ਇਲਾਜ ਚੱਲ ਰਿਹਾ ਹੈ। ਡਾਕਟਰ ਨੇ ਦੱਸਿਆ ਕਿ ਪਹਿਲੀ ਵਾਰ ਕੈਨੇਡਾ ਇਸ ਥੈਰੇਪੀ ਨੂੰ ਕਰ ਰਿਹਾ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ਉਹ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਮੁੜ ਰੌਸ਼ਨੀ ਨਾਲ ਭਰਨ ਦੀ ਕੋਸ਼ਿਸ਼ ਕਰ ਸਕਣਗੇ। ਸੈਮ ਦੀ ਮਾਂ ਨੇ ਦੱਸਿਆ ਕਿ ਉਸ ਦੇ ਬੱਚੇ ਨੂੰ ਪਹਿਲਾਂ ਅਮਰੀਕਾ ਇਲਾਜ ਲਈ ਜਾਣਾ ਪੈਂਦਾ ਸੀ ਪਰ ਹੁਣ ਕੈਨੇਡਾ ਵਿਚ ਇਹ ਥੈਰੇਪੀ ਹੋਣੀ ਸ਼ੁਰੂ ਹੋ ਗਈ ਹੈ। ਉਸ ਨੇ ਦੱਸਿਆ ਕਿ ਉਸ ਦਾ ਬੱਚਾ ਆਪ ਤਿਆਰ ਹੁੰਦਾ ਹੈ ਤੇ ਇਕੋ ਜਿਹੇ ਰੰਗਾਂ ਵਾਲੇ ਕੱਪੜੇ ਆਪ ਚੁਣ ਕੇ ਪਾਉਂਦਾ ਹੈ, ਜੋ ਉਸ ਲਈ ਬਹੁਤ ਵੱਡੀ ਗੱਲ ਹੈ। ਉਹ ਇਸ ਸਭ ਤੋਂ ਬਹੁਤ ਖੁਸ਼ ਹੈ।  


Lalita Mam

Content Editor

Related News