ਯੂਕੇ: ਪੁਰਾਣੇ GB ਨੰਬਰ ਪਲੇਟ ਸਟਿੱਕਰਾਂ ਦੀ ਵਰਤੋਂ ਹੁਣ ਵਿਦੇਸ਼ ''ਚ ਹੋਵੇਗੀ ਅਵੈਧ

Thursday, Sep 30, 2021 - 05:30 PM (IST)

ਯੂਕੇ: ਪੁਰਾਣੇ GB ਨੰਬਰ ਪਲੇਟ ਸਟਿੱਕਰਾਂ ਦੀ ਵਰਤੋਂ ਹੁਣ ਵਿਦੇਸ਼ ''ਚ ਹੋਵੇਗੀ ਅਵੈਧ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਦੇ ਡਰਾਈਵਰਾਂ ਲਈ ਨੰਬਰ ਪਲੇਟਾਂ ਦੇ ਨਵੇਂ ਨਿਯਮ 28 ਸਤੰਬਰ ਤੋਂ ਲਾਗੂ ਹੋ ਗਏ ਹਨ, ਜਿਹਨਾਂ ਦੇ ਤਹਿਤ ਹੁਣ ਵਿਦੇਸ਼ਾਂ ਵਿਚ ਖ਼ਾਸ ਕਰਕੇ ਯੂਰਪੀਅਨ ਦੇਸ਼ਾਂ ਵਿਚ ਆਪਣੇ ਵਾਹਨ ਚਲਾ ਰਹੇ ਬ੍ਰਿਟਿਸ਼ ਲੋਕਾਂ ਨੂੰ ਪੁਰਾਣੀ ਜੀ. ਬੀ. ਸਟਿੱਕਰ ਵਾਲੀ ਨੰਬਰ ਪਲੇਟ ਨੂੰ ਅਲਵਿਦਾ ਕਹਿਣਾ ਹੋਵੇਗਾ। ਇਸ ਦੀ ਬਜਾਏ ਉਹਨਾਂ ਨੂੰ ਯੂਕੇ ਦੀ ਸਟਿੱਕਰ ਵਾਲੀ ਨਵੀਂ ਪਲੇਟ ਦੀ ਵਰਤੋਂ ਕਰਨੀ ਹੋਵੇਗੀ।

ਇਸ ਸਬੰਧੀ ਬ੍ਰੈਗਜ਼ਿਟ ਤੋਂ ਬਾਅਦ ਟਰਾਂਸਪੋਰਟ ਸਕੱਤਰ ਗ੍ਰਾਂਟ ਸ਼ੈਪਸ ਨੇ ਜਨਵਰੀ ਵਿਚ ਐਲਾਨ ਕੀਤਾ ਸੀ ਕਿ ਯੂਕੇ ਦੇ ਵਾਹਨ ਚਾਲਕਾਂ ਨੂੰ ਯੂਰਪ ਵਿਚ ਆਪਣੀ ਗੱਡੀ ਚਲਾਉਣ ਲਈ ਇਕ ਨਵੀਂ ਰਜਿਸਟ੍ਰੇਸ਼ਨ ਪਲੇਟ ਦੀ ਜ਼ਰੂਰਤ ਹੋਵੇਗੀ। 31 ਜਨਵਰੀ ਨੂੰ ਬ੍ਰੈਗਜ਼ਿਟ ਦੀ ਪਹਿਲੀ ਵਰ੍ਹੇਗੰਢ ਮੌਕੇ ਗ੍ਰਾਂਟ ਸ਼ੈਪਸ ਨੇ ਨਵੇਂ ਡਿਜ਼ਾਈਨ ਦੀ ਜਾਣਕਾਰੀ ਦਿੱਤੀ ਸੀ। ਨਵੇਂ ਨਿਯਮਾਂ ਤਹਿਤ ਪੁਰਾਣੇ ਸਟਿੱਕਰ ਹੁਣ ਕਾਨੂੰਨੀ ਨਹੀਂ ਰਹਿਣਗੇ ਅਤੇ ਨਵੇਂ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਡਰਾਈਵਰਾਂ ਨੂੰ ਜੁਰਮਾਨੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯੂਰਪੀਅਨ ਦੇਸ਼ਾਂ ਜਿਵੇਂ ਕਿ ਸਪੇਨ, ਸਾਈਪ੍ਰਸ ਜਾਂ ਮਾਲਟਾ ਵਿਚ ਯੂਕੇ ਦਾ ਸਟੀਕਰ ਦਿਖਾਉਣਾ ਜ਼ਰੂਰੀ ਹੋਵੇਗਾ। ਜਦਕਿ ਆਇਰਲੈਂਡ ਵਿਚ ਗੱਡੀ ਚਲਾਉਣ ਲਈ ਤੁਹਾਨੂੰ ਯੂਕੇ ਦੇ ਸਟੀਕਰ ਜਾਂ ਨੰਬਰ ਪਲੇਟ ਦੀ ਜ਼ਰੂਰਤ ਨਹੀਂ ਹੈ।


author

cherry

Content Editor

Related News