ਚੀਨ 'ਚ ਫਰਜ਼ੀ ਕੋਰੋਨਾ ਟੀਕੇ ਸਪਲਾਈ ਕਰਨ ਵਾਲੀ ਗੈਂਗ ਦੀ ਖੁੱਲ੍ਹੀ ਪੋਲ
Tuesday, Feb 02, 2021 - 09:58 AM (IST)
ਬੀਜਿੰਗ- ਚੀਨ ਦੇ ਫਰਜ਼ੀ ਕੋਰੋਨਾ ਟੀਕੇ ਦੀ ਸਪਲਾਈ ਕਰਨ ਵਾਲੇ ਗੈਂਗ ਦੀ ਪੋਲ ਖੁੱਲ੍ਹ ਗਈ ਹੈ ਅਤੇ ਉਨ੍ਹਾਂ ਕੋਲੋਂ 3 ਹਜ਼ਾਰ ਤੋਂ ਵੱਧ ਨਕਲੀ ਖੁਰਾਕ ਨੂੰ ਬਰਾਮਦ ਕੀਤਾ ਗਿਆ ਹੈ। ਚੀਨੀ ਖ਼ਬਰ ਏਜੰਸੀ ਮੁਤਾਬਕ ਇਕ ਮੁਹਿੰਮ ਚਲਾ ਕੇ ਪੁਲਸ ਨੇ 80 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਅਤੇ ਕੋਰੋਨਾ ਵੈਕਸੀਨ ਦੀਆਂ 3 ਹਜ਼ਾਰ ਤੋਂ ਵੱਧ ਨਕਲੀ ਖ਼ੁਰਾਕਾਂ ਜ਼ਬਤ ਕੀਤੀਆਂ ਗਈਆਂ ਹਨ।
ਚੀਨੀ ਨਿਊਜ਼ ਏਜੰਸੀ ਮੁਤਾਬਕ ਨਕਲੀ ਟੀਕਿਆਂ ਦੀ ਖੇਪ ਦੀ ਸਪਲਾਈ ਪਿਛਲੇ ਸਾਲ ਸਤੰਬਰ ਤੋਂ ਹੋ ਰਹੀ ਸੀ। ਪੁਲਸ ਨੇ ਸਾਰੇ ਨਕਲੀ ਖ਼ੁਰਾਕ ਨੂੰ ਟਰੈਕ ਕੀਤਾ ਸੀ। ਨਕਲੀ ਟੀਕਿਆਂ ਨੂੰ ਖਾਰਾ ਸਰਿੰਜ ਵਿਚ ਇੰਜੈਕਟ ਕਰਕੇ ਬਣਾਇਆ ਗਿਆ ਸੀ। ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ ਨਕਲੀ ਟੀਕਿਆਂ ਨੂੰ ਵਿਦੇਸ਼ ਭੇਜਣ ਦੀ ਤਿਆਰੀ ਹੋ ਰਹੀ ਸੀ।
ਚੀਨੀ ਨਿਊਜ਼ ਏਜੰਸੀ ਮੁਤਾਬਕ ਪੁਲਸ ਨੇ ਬੀਜਿੰਗ, ਸ਼ੰਘਾਈ ਅਤੇ ਪੂਰਬੀ ਸੂਬੇ ਸ਼ਾਨਦੋਂਗ ਸਣੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਜ਼ਿਕਰਯੋਗ ਹੈ ਕਿ ਦੁਨੀਆ ਭਰ ਦੇ ਦੇਸ਼ ਆਪਣੇ ਇੱਥੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਖ਼ਤਮ ਕਰਨ ਦੀ ਉਮੀਦ ਵਿਚ ਵੈਕਸੀਨ ਪ੍ਰੋਗਰਾਮ ਚਲਾ ਰਹੇ ਹਨ। ਕਈ ਦੇਸ਼ ਦੂਜੇ ਦੇਸ਼ਾਂ ਤੋਂ ਵੈਕਸੀਨ ਲੈ ਕੇ ਟੀਕਾਕਰਨ ਮੁਹਿੰਮ ਚਲਾ ਰਹੇ ਹਨ।