ਅੰਮ੍ਰਿਤਸਰੀ ਤੜਕਾ ਰੈਸਟੋਰੈਂਟ ਵਾਲੇ ਗਗਨਦੀਪ ਸਿੰਘ ਦੇ ਪਿਤਾ ਡਾ. ਲਖਵਿੰਦਰ ਸਿੰਘ ਦਾ ਹੋਇਆ ਦੇਹਾਂਤ
Saturday, Apr 12, 2025 - 05:20 PM (IST)

ਰੋਮ, ਕੈਲਗਰੀ, (ਟੇਕਚੰਦ ਜਗਤਪੁਰ, ਦਲਵੀਰ ਜੱਲੋਵਾਲੀਆ)- ਕੈਲਗਰੀ ਦੇ ਉਘੇ ਬਿਜ਼ਨੈੱਸਮੈਨ ਅੰਮ੍ਰਿਤਸਰੀ ਤੜਕਾ ਰੈਸਟੋਰੈਂਟ ਦੇ ਮਾਲਕ ਗਗਨਦੀਪ ਸਿੰਘ ਡੈਂਗ ਨੂੰ ਉਦੋਂ ਵੱਡਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਡਾ. ਲਖਵਿੰਦਰ ਸਿੰਘ ਦਾ ਅਚਾਨਕ ਦੇਹਾਂਤ ਹੋ ਗਿਆ। ਉਹ ਲਗਭਗ 76 ਸਾਲ ਦੇ ਸਨ। ਉਹ ਆਪਣੇ ਪਿੱਛੇ ਪਤਨੀ ਪਲਵਿੰਦਰ ਕੌਰ, ਸਪੁੱਤਰ ਗਗਨਦੀਪ ਸਿੰਘ ਅਤੇ ਨੂੰਹ ਗੁਰਜਿੰਦਰ ਕੌਰ ਡੈਂਗ ਨੂੰ ਛੱਡ ਗਏ ਹਨ।
ਜਾਣਕਾਰੀ ਮੁਤਾਬਿਕ ਡਾ. ਲਖਵਿੰਦਰ ਸਿੰਘ ਕੁਝ ਸਮਾਂ ਪਹਿਲਾਂ ਕੈਲਗਰੀ ਤੋਂ ਅੰਮ੍ਰਿਤਸਰ (ਪੰਜਾਬ) ਗਏ ਸਨ ਜਿਥੇ ਉਹਨਾਂ ਦੀ ਸਿਹਤ ਅਚਾਨਕ ਖਰਾਬ ਹੋ ਗਈ ਤੇ ਬੀਤੀ 8 ਅਪ੍ਰੈਲ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਡਾ. ਲਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਗੁਰਦੁਆਰਾ ਸ਼ਹੀਦਾਂ ਅੰਮ੍ਰਿਤਸਰ ਦੇ ਸ਼ਮਸ਼ਾਨਘਾਟ ਵਿਖੇ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਕਰ ਦਿੱਤਾ ਗਿਆ।
ਉਹਨਾਂ ਦੀ ਆਤਿਮਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ 13 ਅਪ੍ਰੈਲ ਨੂੰ ਉਹਨਾਂ ਦੇ ਗ੍ਰਹਿ 199, ਦਰਸ਼ਨ ਐਵਨਿਊ, ਜੀਟੀ ਰੋਡ ਬਾਈਪਾਸ ਅੰਮ੍ਰਿਤਸਰ ਵਿਖੇ ਹੋਣਗੇ, ਜਿਹਨਾਂ ਦੇ ਭੋਗ 15 ਅਪ੍ਰੈਲ 2025 ਨੂੰ ਗੁਰਦੁਆਰਾ ਸਿੰਘ ਸਭਾ ਦਰਸ਼ਨ ਐਵਨਿਊ ਬੀ ਬਲਾਕ ਜੀਟੀ ਰੋਡ ਬਾਈਪਾਸ ਅੰਮ੍ਰਿਤਸਰ ਵਿਖੇ ਦੁਪਹਿਰ 1 ਵਜੇ ਪਾਏ ਜਾਣਗੇ। ਅੰਤਿਮ ਅਰਦਾਸ ਉਪਰੰਤ ਗੁਰੂ ਕੇ ਲੰਗਰ ਅਤੁਟ ਵਰਤਾਏ ਜਾਣਗੇ।