ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ''ਚ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਇਆ ਸਮਾਗਮ
Monday, Dec 01, 2025 - 09:39 AM (IST)
ਨੋਵੇਲਾਰਾ (ਦਲਵੀਰ ਸਿੰਘ ਕੈਂਥ) : ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਵੱਲੋਂ ਤਿਲਕ ਅਤੇ ਜੰਝੂ ਦੀ ਰਾਖੀ ਲਈ ਲਾਸਾਨੀ ਅਤੇ ਅਦੁੱਤੀ ਸ਼ਹਾਦਤ ਦੀ ਇਸ ਸਾਲ 350ਵੀਂ ਸ਼ਹੀਦੀ ਸ਼ਤਾਬਦੀ ਸੰਸਾਰ ਭਰ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਗੁਰੂ ਸਾਹਿਬ ਜੀ ਨੇ ਜਰਵਾਣੇ ਵੱਲੋਂ ਉਸ ਸਮੇਂ ਬੇਵੱਸ ਹਿੰਦੂਆਂ ਨੂੰ ਜਬਰੀ ਧਰਮ ਪਰਿਵਰਤਨ ਕਰਨ ਤੋਂ ਰੋਕਿਆ ਅਤੇ ਦੂਜੇ ਦੇ ਧਰਮ ਲਈ ਆਪਣੀ ਕੁਰਬਾਨੀ ਦਿੱਤੀ ਅਤੇ ਦੁਨੀਆ ਵਿੱਚ ਮਾਨਵਤਾ ਦੀ ਰਾਖੀ ਲਈ ਆਪਾ ਵਾਰਨ ਦੀ ਮਿਸਾਲ ਪੇਸ਼ ਕੀਤੀ।

ਇਸ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਸਮੂਹ ਸਿੰਘਾਂ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ 25 ਸਿੰਘਾਂ ਵਾਲੀ ਪੁਰਾਤਨ ਮਰਿਯਾਦਾ ਅਨੁਸਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਕੀਤੇ ਗਏ, ਭੋਗ ਉਪੰਰਤ ਵਿਸ਼ੇਸ਼ ਦੀਵਾਨ ਸਜਾਏ ਗਏ। ਜਿਹਨਾਂ ਦੀ ਆਰੰਭਤਾ ਗੁਰਦੁਆਰਾ ਸਾਹਿਬ ਦੇ ਭੁਝੰਗਣਾਂ ਦੇ ਜੱਥੇ ਵੱਲੋਂ ਸ਼ਬਦ ਕੀਰਤਨ ਰਾਹੀਂ ਹੋਈ। ਉਪਰੰਤ ਇੱਕ ਭੈਣ ਨੇ ਕਵਿਤਾ ਰਾਹੀਂ ਅਤੇ ਭਾਈ ਦਰਬਾਰਾ ਸਿੰਘ ਫੌਜੀ ਨੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਕਵਿਤਾ ਬਹੁਤ ਹੀ ਭਾਵਨਾਤਮਕ ਅਤੇ ਜ਼ੋਸ਼ੀਲੇ ਅੰਦਾਜ਼ ਵਿੱਚ ਸੰਗਤਾਂ ਨੂੰ ਸੁਣਾ ਕੇ ਗੁਰੂ ਚਰਨਾਂ ਨਾਲ ਜੋੜਿਆ।

ਉਪਰੰਤ ਗਿਆਨੀ ਤਲਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਵੱਲੋਂ ਗੁਰਬਾਣੀ ਕਥਾ ਦੁਆਰਾ ਆਪਣੇ ਵਿਲੱਖਣ ਅੰਦਾਜ਼ ਵਿੱਚ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾ ਕੇ ਨਿਹਾਲ ਕੀਤਾ। ਸ਼ਹਾਦਤਾਂ ਦਾ ਇਤਿਹਾਸ ਸੁਣ ਕੇ ਸੰਗਤਾਂ ਦੇ ਮੂੰਹੋਂ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਧੰਨ-ਧੰਨ ਗੁਰੂ ਦੇ ਸਿੱਖ ਆਪ ਮੁਹਾਰੇ ਨਿਕਲ ਰਿਹਾ ਸੀ। ਇਸ ਮੌਕੇ ਗੁਰਦੁਆਰਾ ਸਾਹਿਬ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਦੀਆਂ ਸੇਵਾਵਾਂ ਕਰਨ ਵਾਲੇ 25 ਸਿੰਘਾਂ ਦੇ ਜੱਥੇ ਨੂੰ ਸਿਰੁਪਾਉ ਦੀ ਬਖਸ਼ਿਸ਼ ਕੀਤੀ ਗਈ।

ਇਸ ਤੋਂ ਇਲਾਵਾ ਦੂਰੋਂ ਨੇੜਿਉਂ ਚੱਲ ਕੇ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਭ ਨੂੰ ਜੀ ਆਇਆਂ ਨੂੰ ਆਖਿਆ ਗਿਆ। ਇਸ ਮੌਕੇ ਪਹੁੰਚੀਆਂ ਸੰਗਤਾਂ ਲਈ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।
