ਕਿਸ਼ਿਦਾ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ
Tuesday, Oct 01, 2024 - 09:17 AM (IST)

ਟੋਕੀਓ (ਭਾਸ਼ਾ)- ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਅਤੇ ਉਨ੍ਹਾਂ ਦੀ ਕੈਬਨਿਟ ਨੇ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ, ਜਿਸ ਨਾਲ ਉਨ੍ਹਾਂ ਦੇ ਸੰਭਾਵੀ ਉੱਤਰਾਧਿਕਾਰੀ ਸ਼ਿਗੇਰੂ ਇਸ਼ੀਬਾ ਨੂੰ ਅਗਲੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਦਾ ਰਾਹ ਪੱਧਰਾ ਹੋ ਗਿਆ ਹੈ। ਮੁੱਖ ਕੈਬਨਿਟ ਸਕੱਤਰ ਯੋਸ਼ੀਮਾਸਾ ਹਯਾਸ਼ੀ ਨੇ ਘੋਸ਼ਣਾ ਕੀਤੀ ਕਿ ਕਿਸ਼ਿਦਾ ਅਤੇ ਉਨ੍ਹਾਂ ਦੇ ਮੰਤਰੀਆਂ ਨੇ ਮੰਗਲਵਾਰ ਨੂੰ ਕੈਬਨਿਟ ਮੀਟਿੰਗ ਵਿੱਚ ਆਪਣੇ ਅਸਤੀਫੇ ਸੌਂਪ ਦਿੱਤੇ। ਇਸ਼ੀਬਾ ਨੂੰ ਸ਼ੁੱਕਰਵਾਰ ਨੂੰ ਸੱਤਾਧਾਰੀ 'ਲਿਬਰਲ ਡੈਮੋਕ੍ਰੇਟਿਕ ਪਾਰਟੀ' ਦਾ ਨੇਤਾ ਚੁਣਿਆ ਗਿਆ ਸੀ ਤਾਂ ਕਿ ਉਹ ਕਿਸ਼ਿਦਾ ਦੀ ਥਾਂ ਲੈ ਸਕਣ।
ਕਿਸ਼ਿਦਾ ਨੇ ਆਪਣੇ 3 ਸਾਲ ਦੇ ਕਾਰਜਕਾਲ ਦੇ ਅੰਤ ਵਿਚ ਅਗਸਤ 'ਚ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਮੰਗਲਵਾਰ ਨੂੰ ਸੰਸਦ ਵਿਚ ਵੋਟਿੰਗ ਤੋਂ ਬਾਅਦ ਇਸ਼ੀਬਾ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੈ, ਕਿਉਂਕਿ ਸੰਸਦ ਵਿਚ ਉਨ੍ਹਾਂ ਦੀ ਪਾਰਟੀ ਦੇ ਸੱਤਾਧਾਰੀ ਗਠਜੋੜ ਕੋਲ ਬਹੁਮਤ ਹੈ। ਇਸ ਤੋਂ ਬਾਅਦ ਇਸ਼ੀਬਾ ਆਪਣੀ ਨਵੀਂ ਕੈਬਨਿਟ ਦਾ ਐਲਾਨ ਕਰਣਗੇ। ਇਸ਼ੀਬਾ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਹ ਮੰਗਲਵਾਰ ਨੂੰ ਰਸਮੀ ਤੌਰ 'ਤੇ ਦੇਸ਼ ਦਾ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ 27 ਅਕਤੂਬਰ ਨੂੰ ਸੰਸਦੀ ਚੋਣਾਂ ਕਰਵਾਉਣ ਦੀ ਯੋਜਨਾ ਬਣਾ ਰਹੇ ਹਨ। ਇਸ਼ੀਬਾ ਨੇ ਸੋਮਵਾਰ ਨੂੰ ਆਪਣੀ ਕੈਬਨਿਟ ਦਾ ਗਠਨ ਕਰਨ ਤੋਂ ਪਹਿਲਾਂ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਦਾ ਐਲਾਨ ਕਰਦੇ ਹੋਏ ਚੋਣ ਤਾਰੀਖ ਦਾ ਜ਼ਿਕਰ ਕੀਤਾ। ਕਿਸ਼ਿਦਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਹੋਏ ਹਨ।