ਫਰਿਜ਼ਨੋ ਵਾਸੀਆਂ ਨੇ ਪੁਲਸ ਨੂੰ ਲਗਾਈ ਮਦਦ ਦੀ ਗੁਹਾਰ

Tuesday, Oct 27, 2020 - 04:46 PM (IST)

ਫਰਿਜ਼ਨੋ ਵਾਸੀਆਂ ਨੇ ਪੁਲਸ ਨੂੰ ਲਗਾਈ ਮਦਦ ਦੀ ਗੁਹਾਰ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਪੂਰੇ ਫਰਿਜ਼ਨੋ ਵਿੱਚ ਹਿੰਸਾ ਦੀਆਂ ਘਟਨਾਵਾਂ ਵਿੱਚ ਪਿਛਲੇ ਸਾਲਾਂ ਨਾਲੋਂ ਇਸ ਸਾਲ ਕਾਫੀ ਵਾਧਾ ਹੋਇਆ ਹੈ। ਪੂਰੇ ਸ਼ਹਿਰ ਵਿਚ ਗੋਲੀਬਾਰੀ ਅਤੇ ਕਤਲ ਦੀਆਂ ਘਟਨਾਵਾਂ ਵੀ  ਵਧ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਨਜਿੱਠਣ ਸੰਬੰਧੀ ਪੁਲਸ ਦੀਆਂ ਨੀਤੀਆਂ ਬਾਰੇ ਫਰਿਜ਼ਨੋ ਨਿਵਾਸੀ ਨਾਖੁਸ਼ ਹਨ। ਦੱਖਣੀ ਅਤੇ ਕੇਂਦਰੀ ਫਰਿਜ਼ਨੋ ਨਿਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਪੁਲਸ ਅਧਿਕਾਰੀ ਰੰਗ ਦੇ ਭੇਦਭਾਵ ਕਰਕੇ ਅਤੇ ਜਿੱਥੇ ਉਨ੍ਹਾਂ ਦੀ ਆਲੋਚਨਾ ਹੁੰਦੀ ਹੈ ਉਨ੍ਹਾਂ ਖੇਤਰਾਂ ਵਿਚ ਹਿੰਸਾ ਦਾ ਮੁਕਾਬਲਾ ਕਰਨ ਵਿਚ ਪਿੱਛੇ ਹੈ। ਇਸ ਮਾਮਲੇ ਵਿੱਚ ਪੱਛਮੀ ਫਰਿਜ਼ਨੋ ਨਿਵਾਸੀ ਸੀ ਬਾਰਬਰਾ ਫਿਸਕੇ ਨੇ ਕਿਹਾ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਪੁਲਸ ਦੀ ਪ੍ਰਤੀਕਿਰਿਆ ਅਪਰਾਧ ਪ੍ਰਭਾਵਿਤ ਖੇਤਰਾਂ ਵਿੱਚ ਹੌਲੀ ਰਹੀ ਹੈ। ਹਾਲਾਂਕਿ ਡਿਪਟੀ ਪੁਲਸ ਮੁਖੀ ਮਾਰਕ ਸਲਜ਼ਾਰ ਨੇ ਅਨੁਸਾਰ ਅਧਿਕਾਰੀ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ ਅਤੇ ਹਿੰਸਾ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਨੂੰ ਦੂਰ ਰੱਖਦੇ ਹਨ। 

ਪੁਲਸ ਕੋਲੋਂ ਇਨਸਾਫ ਪਾਉਣ ਸੰਬੰਧੀ ਬਹੁਤ ਸਾਰੇ ਪਰਿਵਾਰ ਸ਼ੁੱਕਰਵਾਰ ਨੂੰ ਸਿਟੀ ਹਾਲ ਦੇ ਬਾਹਰ ਇਕੱਠੇ ਹੋਏ ਸਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਸ ਦੀ ਜ਼ਰੂਰਤ ਹੈ।  ਉਨ੍ਹਾਂ ਨੇ ਪੁਲਸ ਨੂੰ ਅਣਸੁਲਝੇ ਕਤਲਾਂ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਵਿੱਚ ਸਹਾਇਤਾ ਕਰਨ ਦੀ ਫਰਿਆਦ ਕੀਤੀ। ਲਗਭਗ 160 ਲੋਕਾਂ ਦੇ ਪ੍ਰਦਰਸ਼ਨ ਦੌਰਾਨ ਭੀੜ ਨੂੰ ਸੰਬੋਧਨ ਕਰਦਿਆਂ, ਮਾਈਕ ਮੋਰਲੇਸ ਨੇ ਆਪਣੀ 16 ਸਾਲਾ ਬੇਟੀ ਅਲਾਈਜ਼ ਦੀ ਮੌਤ ਦਾ ਦੁੱਖ ਪ੍ਰਗਟ ਕੀਤਾ ਜਿਸ ਨੂੰ 10 ਅਕਤੂਬਰ ਨੂੰ ਗੋਲੀ ਮਾਰ ਦਿੱਤੀ ਗਈ ਸੀ ਅਤੇ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ ਸੀ। ਇਸ ਘਟਨਾ ਵਿੱਚ ਪੁਲਸ ਵੱਲੋਂ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਸ਼ੱਕੀ ਵਿਅਕਤੀਆਂ ਦੀ ਜਨਤਕ ਤੌਰ ਤੇ ਪਛਾਣ ਕੀਤੀ ਗਈ ਹੈ। 

ਹੁਣ ਇਸ ਦੁਖੀ ਮਾਂ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਫਰਿਜ਼ਨੋ ਵਿੱਚ ਵਧ ਰਹੀ ਹਿੰਸਾ ਕਰਕੇ 2020 ਵਿਚ 560 ਤੋਂ ਵਧ ਗੋਲੀਬਾਰੀ ਦੇ ਮਾਮਲੇ ਹੋਏ ਹਨ ਜੋ ਕਿ ਪਿਛਲੇ ਸਾਲ ਦੇ 10 ਮਹੀਨਿਆਂ ਦੀ ਮਿਆਦ ਨਾਲੋਂ ਦੁੱਗਣੇ ਹਨ। 1 ਜਨਵਰੀ ਤੋਂ ਹੁਣ ਤੱਕ 50 ਤੋਂ ਵੱਧ ਕਤਲੇ ਹੋਣ ਦੀ ਵੀ ਖ਼ਬਰ ਹੈ, ਜੋ ਕਿ ਸਾਲ 2019 ਵਿਚ ਹੋਏ ਕੁੱਲ 34 ਕਤਲਾਂ ਨਾਲੋਂ ਕਿਤੇ ਵੱਧ ਹਨ। ਇਸ ਸ਼ਹਿਰ ਦੇ ਗਰੀਬ ਖੇਤਰਾਂ ਵਿੱਚ ਹਿੰਸਾ ਦੀ ਸਭ ਤੋਂ ਵੱਧ ਮਾਰ ਪਈ ਹੈ। ਉੱਤਰ ਪੂਰਬੀ ਫਰਿਜਨੋ ਨੇ ਇਸ ਸਾਲ 44 ਗੋਲੀਬਾਰੀ ਦੇ ਮਾਮਲੇ ਦਰਜ ਕੀਤੇ ਹਨ ਜੋ ਕਿ ਪਿਛਲੇ ਸਾਲ  ਦੌਰਾਨ 33 ਦੇ ਮੁਕਾਬਲੇ ਜਿਆਦਾ ਹਨ। ਅਧਿਕਾਰੀਆਂ ਅਨੁਸਾਰ ਇਹਨਾਂ ਅਪਰਾਧਿਕ ਮਾਮਲਿਆਂ ਨੂੰ ਨੱਥ ਪਾਉਣ ਲਈ ਪੁਲਸ ਅਤੇ ਹਰ ਭਾਈਚਾਰੇ ਦੇ ਲੋਕਾਂ ਨੂੰ ਮਿਲ ਕੇ ਕਦਮ ਉਠਾਉਣੇ ਚਾਹੀਦੇ ਹਨ।


author

Lalita Mam

Content Editor

Related News